ਟੀ-20 ਰੈਂਕਿੰਗ ’ਚ ਅਭਿਸ਼ੇਕ ਸ਼ਰਮਾ ਮੁੜ ਨੰਬਰ-1, ਟੈਸਟ ’ਚ ਮਾਰਕੋ ਜਾਨਸਨ ਦੀ ਬਾਦਸ਼ਾਹਤ
ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਨਿਊਜ਼ੀਲੈਂਡ ਖ਼ਿਲਾਫ਼ 38 ਗੇਂਦਾਂ ਵਿੱਚ 113 ਦੌੜਾਂ ਦੀ ਧਮਾਕੇਦਾਰ ਪਾਰੀ ਖੇਡਣ ਤੋਂ ਬਾਅਦ ਆਈਸੀਸੀ ਟੀ-20 ਬੱਲੇਬਾਜ਼ੀ ਦਰਜਾਬੰਦੀ ਵਿੱਚ ਮੁੜ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਅਭਿਸ਼ੇਕ ਦੇ 897 ਰੇਟਿੰਗ ਅੰਕ ਹੋ ਗਏ ਹਨ, ਜਦੋਂਕਿ ਹਮਵਤਨੀ ਈਸ਼ਾਨ ਕਿਸ਼ਨ 866 ਅੰਕਾਂ ਨਾਲ ਤੀਜੇ ਸਥਾਨ ’ਤੇ ਖਿਸਕ ਗਿਆ ਹੈ।
ਪਾਕਿਸਤਾਨ ਦਾ ਸਾਹਿਬਜ਼ਾਦਾ ਫ਼ਰਹਾਨ 883 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਭਾਰਤੀ ਟੀ-20 ਕਪਤਾਨ ਸ਼੍ਰੇਅਸ ਅਈਅਰ 758 ਅੰਕਾਂ ਨਾਲ ਨੌਵੇਂ ਸਥਾਨ ’ਤੇ ਆ ਗਿਆ ਹੈ। ਸੱਟ ਕਾਰਨ ਦੋ ਮੈਚਾਂ ਤੋਂ ਬਾਹਰ ਰਹਿਣ ਦਾ ਅਸਰ ਈਸ਼ਾਨ ਕਿਸ਼ਨ ਦੀ ਦਰਜਾਬੰਦੀ ’ਤੇ ਵੀ ਪਿਆ ਹੈ।
ਟੈਸਟ ਰੈਂਕਿੰਗ ’ਚ ਮਾਰਕੋ ਜਾਨਸਨ ਦੀ ਦੋਹਰੀ ਪ੍ਰਾਪਤੀ
ਦੱਖਣੀ ਅਫਰੀਕਾ ਦੇ ਮਾਰਕੋ ਜਾਨਸਨ ਨੇ ਟੈਸਟ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ। ਉਹ ਟੈਸਟ ਗੇਂਦਬਾਜ਼ਾਂ ਅਤੇ ਹਰਫ਼ਨਮੌਲਾ ਖਿਡਾਰੀਆਂ ਦੀ ਦਰਜਾਬੰਦੀ ਵਿੱਚ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ।
ਆਸਟਰੇਲੀਆ ਖ਼ਿਲਾਫ਼ ਦੂਜੇ ਟੈਸਟ ਮੈਚ ਵਿੱਚ ਜਾਨਸਨ ਨੇ 85 ਦੌੜਾਂ ਬਣਾਉਣ ਦੇ ਨਾਲ ਪੰਜ ਵਿਕਟਾਂ ਵੀ ਹਾਸਲ ਕੀਤੀਆਂ। ਇਸ ਪ੍ਰਦਰਸ਼ਨ ਦੇ ਦਮ ’ਤੇ ਉਸ ਨੇ ਹਰਫ਼ਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ ਭਾਰਤ ਦੇ ਰਵਿੰਦਰ ਜਡੇਜਾ ਅਤੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਆਸਟਰੇਲੀਆ ਦੇ ਮਿਸ਼ੇਲ ਸਟਾਰਕ ਨੂੰ ਪਿੱਛੇ ਛੱਡ ਦਿੱਤਾ।
ਭਾਰਤ ਦਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 853 ਅੰਕਾਂ ਨਾਲ ਟੈਸਟ ਗੇਂਦਬਾਜ਼ਾਂ ਦੀ ਦਰਜਾਬੰਦੀ ਵਿੱਚ ਪੰਜਵੇਂ ਸਥਾਨ ’ਤੇ ਆ ਗਿਆ ਹੈ।
ਮਹਿਲਾ ਵਨਡੇ ਰੈਂਕਿੰਗ ’ਚ ਲੌਰਾ ਵੋਲਵਾਰਟ ਸਿਖਰ ’ਤੇ
ਮਹਿਲਾ ਇੱਕ ਰੋਜ਼ਾ ਕ੍ਰਿਕਟ ਦੀ ਬੱਲੇਬਾਜ਼ੀ ਦਰਜਾਬੰਦੀ ਵਿੱਚ ਵੀ ਬਦਲਾਅ ਹੋਇਆ ਹੈ। ਦੱਖਣੀ ਅਫਰੀਕਾ ਦੀ ਕਪਤਾਨ ਲੌਰਾ ਵੋਲਵਾਰਟ ਨੇ ਭਾਰਤ ਦੀ ਸਮ੍ਰਿਤੀ ਮੰਧਾਨਾ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕਰ ਲਿਆ ਹੈ।
ਸਮ੍ਰਿਤੀ ਮੰਧਾਨਾ ਹੁਣ ਵਨਡੇ ਦਰਜਾਬੰਦੀ ਵਿੱਚ ਦੂਜੇ ਸਥਾਨ ’ਤੇ ਹੈ। ਟੀ-20 ਬੱਲੇਬਾਜ਼ੀ ਦਰਜਾਬੰਦੀ ਵਿੱਚ ਵੀ ਉਹ ਭਾਰਤ ਦੀ ਸ਼ੈਫਾਲੀ ਵਰਮਾ ਤੋਂ ਇੱਕ ਸਥਾਨ ਹੇਠਾਂ ਚੌਥੇ ਨੰਬਰ ’ਤੇ ਹੈ।
— ਪੀਟੀਆਈ

