ਸਰੀ ਗੁਰਦੁਆਰਾ ਸਾਹਿਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੰਭਾਲ ’ਚ ਕਥਿਤ ਲਾਪਰਵਾਹੀ, ਅਕਾਲ ਤਖ਼ਤ ਨੇ ਮੰਗਿਆ ਜਵਾਬ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਸਰੀ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ ਤੋਂ ਅਕਾਲ ਤਖ਼ਤ ਸਕੱਤਰੇਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੰਭਾਲ ਅਤੇ ਆਵਾਜਾਈ ਨਾਲ ਜੁੜੇ ਕਥਿਤ ਮਾਮਲੇ ’ਤੇ ਲਿਖਤੀ ਸਪਸ਼ਟੀਕਰਨ ਮੰਗਿਆ ਹੈ। ਗੁਰਦੁਆਰਾ ਪ੍ਰਬੰਧਕਾਂ ਨੂੰ 15 ਦਿਨਾਂ ਅੰਦਰ ਜਵਾਬ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਸਰੀ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ ਤੋਂ ਅਕਾਲ ਤਖ਼ਤ ਸਕੱਤਰੇਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੰਭਾਲ ਅਤੇ ਆਵਾਜਾਈ ਵਿੱਚ ਕਥਿਤ ਲਾਪਰਵਾਹੀ ਦੇ ਮਾਮਲੇ ’ਤੇ ਲਿਖਤੀ ਸਪਸ਼ਟੀਕਰਨ ਮੰਗਿਆ ਹੈ।
ਅਕਾਲ ਤਖ਼ਤ ਸਕੱਤਰੇਤ ਨੂੰ ਮਿਲੀ ਜਾਣਕਾਰੀ ਮੁਤਾਬਕ ਟੋਰਾਂਟੋ ਤੋਂ ਕੁਝ ਸਿੱਖ ਹਾਲ ਹੀ ਵਿੱਚ ਪਾਵਨ ਸਰੂਪ ਪ੍ਰਾਪਤ ਕਰਨ ਲਈ ਗੁਰਦੁਆਰਾ ਸਾਹਿਬ ਪਹੁੰਚੇ ਸਨ।
ਵਾਹਨਾਂ ਅਤੇ ਸਿੱਖ ਮਰਿਆਦਾ ਸਬੰਧੀ ਉਠੇ ਸਵਾਲ
ਜਾਣਕਾਰੀ ਅਨੁਸਾਰ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਪਾਵਨ ਸਰੂਪਾਂ ਨੂੰ ਕਿਸੇ ਹੋਰ ਸਥਾਨ ’ਤੇ ਲਿਜਾਣ ਦੀ ਇਜਾਜ਼ਤ ਦਿੱਤੀ ਗਈ। ਇਸ ਦੌਰਾਨ ਕਥਿਤ ਤੌਰ ’ਤੇ ਇਹ ਜਾਂਚ ਨਹੀਂ ਕੀਤੀ ਗਈ ਕਿ ਪਾਵਨ ਸਰੂਪਾਂ ਦੀ ਆਵਾਜਾਈ ਲਈ ਵਰਤੇ ਜਾ ਰਹੇ ਵਾਹਨ ਸਿੱਖ ਮਰਿਆਦਾ ਅਨੁਸਾਰ ਢੁਕਵੇਂ ਸਨ ਜਾਂ ਨਹੀਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਲਈ ਲੋੜੀਂਦਾ ਸਤਿਕਾਰ ਯਕੀਨੀ ਬਣਾਇਆ ਗਿਆ ਜਾਂ ਨਹੀਂ।
ਇਸ ਮਾਮਲੇ ਤੋਂ ਬਾਅਦ ਸਥਾਨਕ ਸੰਗਤ ਵਿੱਚ ਇਤਰਾਜ਼ ਅਤੇ ਨਾਰਾਜ਼ਗੀ ਸਾਹਮਣੇ ਆਉਣ ਦੀ ਜਾਣਕਾਰੀ ਮਿਲੀ ਹੈ।
ਪਾਵਨ ਸਰੂਪ ਵਾਪਸ ਗੁਰਦੁਆਰਾ ਸਾਹਿਬ ਲਿਆਂਦੇ
ਸਥਾਨਕ ਸੰਗਤ ਵੱਲੋਂ ਇਤਰਾਜ਼ ਕੀਤੇ ਜਾਣ ਤੋਂ ਬਾਅਦ ਗੁਰਦੁਆਰਾ ਪ੍ਰਬੰਧਕਾਂ ਨੇ ਪਾਵਨ ਸਰੂਪ ਵਾਪਸ ਗੁਰਦੁਆਰਾ ਸਾਹਿਬ ਲਿਆਂਦੇ ਅਤੇ ਮੁੜ ਸੁਸ਼ੋਭਿਤ ਕੀਤੇ।
ਇਸ ਘਟਨਾ ਨੂੰ ਲੈ ਕੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਬਾਅਦ ਵਿੱਚ ਸਪਸ਼ਟੀਕਰਨ ਵੀ ਜਾਰੀ ਕੀਤਾ ਗਿਆ ਅਤੇ ਸੋਸ਼ਲ ਮੀਡੀਆ ਰਾਹੀਂ ਸੰਗਤ ਤੋਂ ਜਨਤਕ ਤੌਰ ’ਤੇ ਮੁਆਫ਼ੀ ਮੰਗੀ ਗਈ।
SGPC ਤੋਂ ਮਿਲੇ ਪਾਵਨ ਸਰੂਪਾਂ ਦਾ ਮੰਗਿਆ ਪੂਰਾ ਵੇਰਵਾ
ਅਕਾਲ ਤਖ਼ਤ ਸਕੱਤਰੇਤ ਨੇ ਗੁਰਦੁਆਰਾ ਪ੍ਰਬੰਧਕਾਂ ਤੋਂ ਹਾਲ ਹੀ ਦੇ ਸਮੇਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC), ਅੰਮ੍ਰਿਤਸਰ ਰਾਹੀਂ ਗੁਰਦੁਆਰਾ ਸਾਹਿਬ ਨੂੰ ਪ੍ਰਾਪਤ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਸਬੰਧੀ ਪੂਰਾ ਵੇਰਵਾ ਵੀ ਮੰਗਿਆ ਹੈ।
ਪ੍ਰਬੰਧਕਾਂ ਨੂੰ ਦੱਸਣਾ ਹੋਵੇਗਾ ਕਿ ਹੁਣ ਤੱਕ ਸੰਗਤ ਨੂੰ ਕਿੰਨੇ ਪਾਵਨ ਸਰੂਪ ਦਿੱਤੇ ਗਏ ਹਨ, ਇਸ ਸਮੇਂ ਗੁਰਦੁਆਰਾ ਸਾਹਿਬ ਵਿੱਚ ਕਿੰਨੇ ਸਰੂਪ ਮੌਜੂਦ ਹਨ ਅਤੇ ਸੰਗਤ ਦੇ ਮੈਂਬਰਾਂ ਵੱਲੋਂ ਕਿੰਨੇ ਹੋਰ ਪਾਵਨ ਸਰੂਪਾਂ ਦੀ ਮੰਗ ਕੀਤੀ ਜਾ ਰਹੀ ਹੈ।
15 ਦਿਨਾਂ ਅੰਦਰ ਦੇਣਾ ਹੋਵੇਗਾ ਲਿਖਤੀ ਜਵਾਬ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗਰਗਜ ਦੇ ਨਿਰਦੇਸ਼ਾਂ ’ਤੇ ਸਰੀ ਗੁਰਦੁਆਰਾ ਪ੍ਰਬੰਧਕਾਂ ਨੂੰ ਕਥਿਤ ਲਾਪਰਵਾਹੀ ਸਬੰਧੀ ਆਪਣਾ ਲਿਖਤੀ ਸਪਸ਼ਟੀਕਰਨ ਅਕਾਲ ਤਖ਼ਤ ਸਕੱਤਰੇਤ ਨੂੰ ਭੇਜਣ ਲਈ ਕਿਹਾ ਗਿਆ ਹੈ।
ਪ੍ਰਬੰਧਕਾਂ ਨੂੰ 15 ਦਿਨਾਂ ਦੇ ਅੰਦਰ ਆਪਣਾ ਜਵਾਬ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
