Lambi ਜਾਂ Gidderbaha'ਚ ਮਹਾਂ ਮੁਕਾਬਲਾ, Bhagwant Mann ਤੇ Sukhbir Badal ਖ਼ਿਲਾਫ਼ ਚੋਣ ਲੜਨਗੇ MP Amritpal Singh
ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ 'ਅਕਾਲੀ ਦਲ ਵਾਰਿਸ ਪੰਜਾਬ ਦੇ' ਨੇ ਇੱਕ ਵੱਡੀ ਸਿਆਸੀ ਰਣਨੀਤੀ ਉਲੀਕੀ ਹੈ। ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ, ਸੁਖਬੀਰ ਸਿੰਘ ਬਾਦਲ ਅਤੇ ਰਾਜਾ ਵੜਿੰਗ ਨੂੰ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਾਹਮਣੇ ਇੱਕੋ ਹਲਕੇ ਤੋਂ ਚੋਣ ਲੜਨ ਦੀ ਖੁੱਲ੍ਹੀ ਚੁਣੌਤੀ ਦੇਣ ਦੀ ਤਿਆਰੀ ਹੈ। ਪਾਰਟੀ ਦੀ ਯੋਜਨਾ ਹੈ ਕਿ ਜੇਕਰ ਇਹ ਆਗੂ ਗਿੱਦੜਬਾਹਾ ਤੋਂ ਲੜਦੇ ਹਨ, ਤਾਂ ਅੰਮ੍ਰਿਤਪਾਲ ਸਿੰਘ ਉੱਥੋਂ ਟੱਕਰ ਦੇਣਗੇ। ਪਰ ਜੇਕਰ ਮੁੱਖ ਮੰਤਰੀ ਮੌੜ ਹਲਕੇ ਤੋਂ ਚੋਣ ਮੈਦਾਨ ਵਿੱਚ ਆਉਂਦੇ ਹਨ, ਤਾਂ ਅੰਮ੍ਰਿਤਪਾਲ ਸਿੰਘ ਖੁਦ ਮੌੜ ਤੋਂ ਚੋਣ ਲੜਨਗੇ ਅਤੇ ਲੱਖਾ ਸਿਧਾਣਾ ਨੂੰ ਮਾਝੇ ਭੇਜ ਦਿੱਤਾ ਜਾਵੇਗਾ, ਤਾਂ ਜੋ ਸਭ ਤੋਂ ਵੱਡਾ ਸਿਆਸੀ ਮੁਕਾਬਲਾ ਇੱਕੋ ਸੀਟ 'ਤੇ ਦੇਖਣ ਨੂੰ ਮਿਲੇ।

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। 'ਅਕਾਲੀ ਦਲ ਵਾਰਿਸ ਪੰਜਾਬ ਦੇ' ਵੱਲੋਂ ਇੱਕ ਨਵੀਂ ਅਤੇ ਵੱਡੀ ਸਿਆਸੀ ਰਣਨੀਤੀ ਸਾਹਮਣੇ ਆਈ ਹੈ। ਪਾਰਟੀ ਪੰਜਾਬ ਦੇ ਦਿੱਗਜ ਸਿਆਸੀ ਆਗੂਆਂ—ਮੁੱਖ ਮੰਤਰੀ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇੱਕੋ ਹਲਕੇ ਤੋਂ ਆਹਮੋ-ਸਾਹਮਣੇ ਹੋਣ ਦੀ ਚੁਣੌਤੀ ਦੇਣ ਦੀ ਤਿਆਰੀ ਵਿੱਚ ਹੈ।
ਸੂਤਰਾਂ ਅਨੁਸਾਰ ਪਾਰਟੀ ਦੇ ਅੰਦਰਖਾਤੇ ਗਿੱਦੜਬਾਹਾ ਅਤੇ ਮੌੜ ਹਲਕਿਆਂ ਨੂੰ ਲੈ ਕੇ ਮਾਸਟਰ ਪਲਾਨ ਤਿਆਰ ਕੀਤਾ ਜਾ ਰਿਹਾ ਹੈ।
ਪਲਾਨ 'ਏ': ਗਿੱਦੜਬਾਹਾ ਦਾ ਮਹਾਂ-ਮੁਕਾਬਲਾ ਜਾਣਕਾਰੀ ਅਨੁਸਾਰ, ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗਿੱਦੜਬਾਹਾ ਨੂੰ ਆਪਣਾ 'ਜੱਦੀ ਹਲਕਾ' ਦੱਸਦੇ ਹੋਏ ਉੱਥੋਂ ਚੋਣ ਲੜਨ ਦਾ ਫ਼ੈਸਲਾ ਕਰਦੇ ਹਨ, ਤਾਂ 'ਵਾਰਿਸ' ਧੜੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਾ ਵੜਿੰਗ ਨੂੰ ਵੀ ਗਿੱਦੜਬਾਹਾ ਤੋਂ ਹੀ ਚੋਣ ਲੜਨ ਲਈ ਵੰਗਾਰਿਆ ਜਾਵੇਗਾ। ਪਾਰਟੀ ਦੀ ਸੋਚ ਹੈ ਕਿ ਜੇਕਰ ਇਹ ਤਿੰਨੇ ਆਗੂ ਗਿੱਦੜਬਾਹਾ ਆਉਂਦੇ ਹਨ, ਤਾਂ ਉਹ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਇਸ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਨਗੇ, ਤਾਂ ਜੋ ਪੰਜਾਬ ਦਾ ਸਭ ਤੋਂ ਵੱਡਾ ਸਿਆਸੀ ਮੁਕਾਬਲਾ ਇੱਥੇ ਦੇਖਣ ਨੂੰ ਮਿਲੇ।
ਪਲਾਨ 'ਬੀ': ਮੌੜ ਹਲਕੇ ਲਈ ਬਦਲਵੀਂ ਰਣਨੀਤੀ ਦੂਜੇ ਪਾਸੇ, ਜੇਕਰ ਮੁੱਖ ਮੰਤਰੀ ਭਗਵੰਤ ਮਾਨ ਮੌੜ ਹਲਕੇ ਤੋਂ ਚੋਣ ਮੈਦਾਨ ਵਿੱਚ ਉੱਤਰਦੇ ਹਨ, ਤਾਂ ਪਾਰਟੀ ਆਪਣੀ ਰਣਨੀਤੀ ਵਿੱਚ ਬਦਲਾਅ ਕਰੇਗੀ। ਇਸ ਸਥਿਤੀ ਵਿੱਚ ਲੱਖਾ ਸਿਧਾਣਾ ਨੂੰ ਮਾਝੇ ਦੇ ਕਿਸੇ ਹਲਕੇ ਵਿੱਚ ਭੇਜਿਆ ਜਾ ਸਕਦਾ ਹੈ ਅਤੇ ਮੌੜ ਤੋਂ ਅੰਮ੍ਰਿਤਪਾਲ ਸਿੰਘ ਖੁਦ ਉਮੀਦਵਾਰ ਬਣਨਗੇ।
ਇਸ ਦੇ ਨਾਲ ਹੀ, ਸੁਖਬੀਰ ਸਿੰਘ ਬਾਦਲ ਨੂੰ ਵੀ ਇਹ ਕਹਿ ਕੇ ਚੁਣੌਤੀ ਦਿੱਤੀ ਜਾਵੇਗੀ ਕਿ ਬਠਿੰਡਾ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਪਾਰਲੀਮੈਂਟ (MP) ਹਲਕਾ ਰਿਹਾ ਹੈ, ਇਸ ਲਈ ਉਹ ਵੀ ਮੌੜ ਆ ਕੇ ਹੀ ਚੋਣ ਲੜਨ। ਪਾਰਟੀ ਦੀ ਕੋਸ਼ਿਸ਼ ਹੈ ਕਿ ਸਾਰੇ ਵੱਡੇ ਚਿਹਰੇ ਮੌੜ ਤੋਂ ਚੋਣ ਲੜਨ ਅਤੇ ਸਾਰਾ ਚੋਣ ਮੈਦਾਨ ਮੌੜ ਤੋਂ ਹੀ ਭਖਾਇਆ ਜਾਵੇ।

