The Punjab Inside
Saturday, 3 October 2026Admin Login
Punjab

ਅੰਮ੍ਰਿਤਸਰ ’ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, 3 ਨੂੰ ਲੱਤਾਂ ’ਚ ਲੱਗੀਆਂ ਗੋਲੀਆਂ; 5 ਪਿਸਤੌਲ ਬਰਾਮਦ

ਅੰਮ੍ਰਿਤਸਰ ਦੇ ਥਾਂਦਾ ਰੋਡ ਨੇੜੇ ਪੁਲਿਸ ਨੇ ਕਥਿਤ ਤੌਰ ’ਤੇ ਟਾਰਗੇਟ ਕਿਲਿੰਗ ਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਚਾਰ ਸ਼ੱਕੀ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਮੁਕਾਬਲੇ ਦੌਰਾਨ ਤਿੰਨ ਮੁਲਜ਼ਮਾਂ ਦੀਆਂ ਲੱਤਾਂ ’ਚ ਗੋਲੀਆਂ ਲੱਗੀਆਂ। ਪੁਲਿਸ ਨੇ 5 ਪਿਸਤੌਲ ਅਤੇ 20 ਜ਼ਿੰਦਾ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਅੰਮ੍ਰਿਤਸਰ ’ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, 3 ਨੂੰ ਲੱਤਾਂ ’ਚ ਲੱਗੀਆਂ ਗੋਲੀਆਂ; 5 ਪਿਸਤੌਲ ਬਰਾਮਦ
Punjab Inside Team
Share:

ਪੰਜਾਬ ਦੇ ਅੰਮ੍ਰਿਤਸਰ ਵਿੱਚ ਪੁਲਿਸ ਅਤੇ ਕਥਿਤ ਬਦਮਾਸ਼ਾਂ ਵਿਚਾਲੇ ਰਾਤ ਸਮੇਂ ਮੁਕਾਬਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਪੱਕੀ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਕਾਰਵਾਈ ਦੌਰਾਨ ਕੇਸ਼ਵ ਸ਼ਿਵਾਲਾ ਗੈਂਗ ਨਾਲ ਜੁੜੇ ਸਰਗਰਮ ਸ਼ੂਟਰਾਂ ਨੂੰ ਘੇਰਿਆ ਗਿਆ। ਇਸ ਦੌਰਾਨ ਹੋਈ ਗੋਲੀਬਾਰੀ ਵਿੱਚ ਤਿੰਨ ਮੁਲਜ਼ਮਾਂ ਦੀਆਂ ਲੱਤਾਂ ’ਚ ਗੋਲੀਆਂ ਲੱਗੀਆਂ।

ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸੀ ਕਥਿਤ ਤਿਆਰੀ

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਮਨਵੀਰ ਸਿੰਘ ਗਿੱਲ ਮੁਤਾਬਕ, ਛੇਹਰਟਾ ਥਾਣੇ ਦੇ ਐੱਸਐੱਚਓ ਬਲਵਿੰਦਰ ਸਿੰਘ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਇਲਾਕੇ ਵਿੱਚ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਪੁਲਿਸ ਨੇ ਵਿਸ਼ਾਲ ਨਾਮਕ ਇੱਕ ਵਿਅਕਤੀ ਨੂੰ ਕਾਬੂ ਕੀਤਾ।

ਪੁਲਿਸ ਅਨੁਸਾਰ ਤਲਾਸ਼ੀ ਦੌਰਾਨ ਵਿਸ਼ਾਲ ਕੋਲੋਂ .30 ਬੋਰ ਦੀ ਗਲੌਕ ਪਿਸਤੌਲ ਬਰਾਮਦ ਹੋਈ। ਪੁੱਛਗਿੱਛ ਦੌਰਾਨ ਉਸ ਨੇ ਕਥਿਤ ਤੌਰ ’ਤੇ ਦੱਸਿਆ ਕਿ ਉਸ ਦੇ ਹੋਰ ਸਾਥੀ ਥਾਂਦਾ ਰੋਡ ਨੇੜੇ ਝਾੜੀਆਂ ਅਤੇ ਜੰਗਲਨੁਮਾ ਇਲਾਕੇ ਵਿੱਚ ਲੁਕੇ ਹੋਏ ਹਨ ਅਤੇ ਕਿਸੇ ਵੱਡੀ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਹਨ।

ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ।

ਸਰੰਡਰ ਦੀ ਅਪੀਲ ਤੋਂ ਬਾਅਦ ਹੋਈ ਗੋਲੀਬਾਰੀ

ਪੁਲਿਸ ਕਮਿਸ਼ਨਰ ਮੁਤਾਬਕ ਪੁਲਿਸ ਨੇ ਲਾਊਡ ਸਪੀਕਰ ਰਾਹੀਂ ਲੁਕੇ ਹੋਏ ਬਦਮਾਸ਼ਾਂ ਨੂੰ ਸਰੰਡਰ ਕਰਨ ਦੀ ਅਪੀਲ ਕੀਤੀ। ਪੁਲਿਸ ਦਾ ਦਾਅਵਾ ਹੈ ਕਿ ਅਪੀਲ ਨੂੰ ਨਜ਼ਰਅੰਦਾਜ਼ ਕਰਦਿਆਂ ਬਦਮਾਸ਼ਾਂ ਵੱਲੋਂ ਗੋਲੀਬਾਰੀ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ।

ਗੋਲੀਬਾਰੀ ਦੌਰਾਨ ਚਾਰ ਵਿੱਚੋਂ ਤਿੰਨ ਮੁਲਜ਼ਮਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ। ਇਸ ਤੋਂ ਬਾਅਦ ਪੁਲਿਸ ਨੇ ਚਾਰਾਂ ਨੂੰ ਕਾਬੂ ਕਰ ਲਿਆ। ਜ਼ਖ਼ਮੀ ਮੁਲਜ਼ਮਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।

5 ਪਿਸਤੌਲ ਅਤੇ 20 ਕਾਰਤੂਸ ਬਰਾਮਦ ਕਰਨ ਦਾ ਦਾਅਵਾ

ਪੁਲਿਸ ਮੁਤਾਬਕ ਜ਼ਖ਼ਮੀਆਂ ਦੀ ਪਛਾਣ ਛਿੰਦਾ ਪਹਿਲਵਾਨ ਵਾਸੀ ਫਿਰੋਜ਼ਪੁਰ, ਸ਼ਿਵਮ ਉਰਫ਼ ਸ਼ਿਵਾ ਵਾਸੀ ਫਰੀਦਕੋਟ ਅਤੇ ਲਵਕੇਸ਼ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਚੌਥੇ ਸਾਥੀ ਰਾਜਵਿੰਦਰ ਵਾਸੀ ਅੰਮ੍ਰਿਤਸਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਮੁਲਜ਼ਮਾਂ ਕੋਲੋਂ ਕੁੱਲ 5 ਪਿਸਤੌਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਵਿੱਚ 2 ਗਲੌਕ ਅਤੇ 3 ਬੇਰੇਟਾ ਪਿਸਤੌਲ ਸ਼ਾਮਲ ਹਨ। ਇਸ ਤੋਂ ਇਲਾਵਾ 20 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।

ਹਥਿਆਰਾਂ ਦੀ ਸਪਲਾਈ ਚੇਨ ਦੀ ਜਾਂਚ

ਪੁਲਿਸ ਕਮਿਸ਼ਨਰ ਹਰਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਫਿਰੋਜ਼ਪੁਰ ਅਤੇ ਫਰੀਦਕੋਟ ਸਮੇਤ ਗੁਆਂਢੀ ਜ਼ਿਲ੍ਹਿਆਂ ਵਿੱਚ ਹਥਿਆਰਾਂ ਦੀ ਕਥਿਤ ਸਪਲਾਈ ਚੇਨ ਅਤੇ ਹੋਰ ਟਿਕਾਣਿਆਂ ਦੀ ਜਾਂਚ ਲਈ ਡੀਐੱਸਪੀ ਰੈਂਕ ਦੇ ਦੋ ਗਜ਼ਟਿਡ ਅਧਿਕਾਰੀਆਂ ਦੀ ਅਗਵਾਈ ਹੇਠ ਟੀਮਾਂ ਭੇਜੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਕਥਿਤ ਤੌਰ ’ਤੇ ਪੈਸਿਆਂ ਅਤੇ ਹੋਰ ਲਾਲਚਾਂ ਦਾ ਝਾਂਸਾ ਦੇ ਕੇ ਸਥਾਨਕ ਨੌਜਵਾਨਾਂ ਨੂੰ ਅਪਰਾਧ ਲਈ ਵਰਤ ਰਹੇ ਹਨ। ਕਮਿਸ਼ਨਰ ਨੇ ਨੌਜਵਾਨਾਂ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਅਤੇ ਮੁੱਖ ਧਾਰਾ ਵਿੱਚ ਵਾਪਸ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰੰਡਰ ਕਰਨ ਵਾਲੇ ਭਟਕੇ ਨੌਜਵਾਨਾਂ ਪ੍ਰਤੀ ਪੁਲਿਸ ਵੱਲੋਂ ਨਰਮ ਰੁਖ ਅਪਣਾਇਆ ਜਾਵੇਗਾ।