10 ਕਿਲੋ ਹੈਰੋਇਨ ਤੇ 10 ਵਿਦੇਸ਼ੀ ਆਧੁਨਿਕ ਪਿਸਤੌਲਾਂ ਸਮੇਤ 4 ਮੁਲਜ਼ਮ ਕਾਬੂ, ਨਸ਼ਾ ਤੇ ਹਥਿਆਰ ਤਸਕਰੀ ਦੇ 2 ਨੈੱਟਵਰਕ ਬੇਨਕਾਬ
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਸ਼ਾ ਅਤੇ ਹਥਿਆਰ ਤਸਕਰੀ ਨਾਲ ਜੁੜੇ ਦੋ ਵੱਖ-ਵੱਖ ਨੈੱਟਵਰਕਾਂ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਕੋਲੋਂ 10 ਕਿਲੋ ਹੈਰੋਇਨ ਅਤੇ 10 ਵਿਦੇਸ਼ੀ ਆਧੁਨਿਕ ਪਿਸਤੌਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਬਰਾਮਦ ਹਥਿਆਰਾਂ ਵਿੱਚ 5 ਗਲੌਕ ਅਤੇ 5 PX5 ਪਿਸਤੌਲ ਸ਼ਾਮਲ ਹਨ। ਪੁਲਿਸ ਮੁਤਾਬਕ ਨੈੱਟਵਰਕ ਦੇ ਤਾਰ ਪਾਕਿਸਤਾਨ ਅਤੇ ਮਿਡਲ ਈਸਟ ਵਿੱਚ ਬੈਠੇ ਕਥਿਤ ਹੈਂਡਲਰਾਂ ਨਾਲ ਜੁੜੇ ਹੋਏ ਹਨ ਅਤੇ ਡਰੋਨ ਰਾਹੀਂ ਸਰਹੱਦ ਪਾਰੋਂ ਨਸ਼ੇ ਤੇ ਹਥਿਆਰ ਭੇਜੇ ਜਾਂਦੇ ਸਨ।

ਪੰਜਾਬ ਵਿੱਚ ਨਸ਼ਾ ਮਾਫੀਆ ਅਤੇ ਗੈਰ-ਕਾਨੂੰਨੀ ਹਥਿਆਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 10 ਕਿਲੋ ਹੈਰੋਇਨ ਅਤੇ 10 ਵਿਦੇਸ਼ੀ ਆਧੁਨਿਕ ਪਿਸਤੌਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਬਾਰਡਰ ਰੇਂਜ ਦੇ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਐੱਸਐੱਸਪੀ ਕੰਵਲਪ੍ਰੀਤ ਸਿੰਘ ਚਾਹਲ ਦੀ ਅਗਵਾਈ ਹੇਠ ਖੁਫੀਆ ਸੂਚਨਾ ਦੇ ਆਧਾਰ ’ਤੇ ਕੀਤੇ ਗਏ ਆਪ੍ਰੇਸ਼ਨ ਦੌਰਾਨ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਅਤੇ ਹਥਿਆਰ ਤਸਕਰੀ ਦੇ ਇੱਕ ਮੋਡਿਊਲ ਦਾ ਪਤਾ ਲਗਾਇਆ ਗਿਆ।
4 ਮੁਲਜ਼ਮ ਗ੍ਰਿਫ਼ਤਾਰ, 10 ਪਿਸਤੌਲ ਬਰਾਮਦ
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ 5 ਗਲੌਕ ਅਤੇ 5 PX5 ਪਿਸਤੌਲ ਸਮੇਤ ਕੁੱਲ 10 ਵਿਦੇਸ਼ੀ ਆਧੁਨਿਕ ਪਿਸਤੌਲ ਬਰਾਮਦ ਹੋਏ ਹਨ। ਇਸ ਤੋਂ ਇਲਾਵਾ 10 ਕਿਲੋ ਹੈਰੋਇਨ ਵੀ ਜ਼ਬਤ ਕੀਤੀ ਗਈ ਹੈ।
ਆਈਜੀ ਭੁੱਲਰ ਦੇ ਅਨੁਸਾਰ, ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਥਿਤ ਤੌਰ ’ਤੇ ਇਹ ਮੋਡਿਊਲ ਮਿਡਲ ਈਸਟ ਵਿੱਚ ਬੈਠੇ ਇੱਕ ਹੈਂਡਲਰ ਅਤੇ ਪਾਕਿਸਤਾਨ ਆਧਾਰਿਤ ਤਸਕਰਾਂ ਦੇ ਸੰਪਰਕ ਵਿੱਚ ਸੀ। ਪੁਲਿਸ ਦਾ ਦਾਅਵਾ ਹੈ ਕਿ ਡਰੋਨ ਰਾਹੀਂ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ਿਆਂ ਦੀਆਂ ਖੇਪਾਂ ਭਾਰਤੀ ਖੇਤਰ ਵਿੱਚ ਸੁੱਟੀਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਅੱਗੇ ਵੱਖ-ਵੱਖ ਅਪਰਾਧਿਕ ਤੱਤਾਂ ਅਤੇ ਗੈਂਗਸਟਰਾਂ ਤੱਕ ਪਹੁੰਚਾਇਆ ਜਾਂਦਾ ਸੀ।
ਦੋ ਵੱਖ-ਵੱਖ ਕੜੀਆਂ ਰਾਹੀਂ ਚੱਲ ਰਿਹਾ ਸੀ ਨੈੱਟਵਰਕ
ਜਾਂਚ ਮੁਤਾਬਕ ਇਹ ਨੈੱਟਵਰਕ ਦੋ ਵੱਖ-ਵੱਖ ਕੜੀਆਂ ਰਾਹੀਂ ਸਰਗਰਮ ਸੀ। ਪੁਲਿਸ ਅਨੁਸਾਰ ਰਾਜਨਪ੍ਰੀਤ ਅਤੇ ਵਿਜੇ ਹਥਿਆਰਾਂ ਦੀ ਤਸਕਰੀ ਨਾਲ ਜੁੜੇ ਹੋਏ ਸਨ। ਰਾਜਨਪ੍ਰੀਤ ਸਰਹੱਦੀ ਖੇਤਰ ਤੋਂ ਹਥਿਆਰਾਂ ਦੀਆਂ ਖੇਪਾਂ ਪ੍ਰਾਪਤ ਕਰਦਾ ਸੀ, ਜਦਕਿ ਵਿਜੇ ਉਨ੍ਹਾਂ ਨੂੰ ਅੱਗੇ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਉਂਦਾ ਸੀ।
ਪੁਲਿਸ ਮੁਤਾਬਕ ਵਿਜੇ ਨੂੰ ਮਾਰਚ 2025 ਵਿੱਚ ਵੀ 475 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਉਹ ਮੁੜ ਇਸ ਗਤੀਵਿਧੀ ਵਿੱਚ ਸ਼ਾਮਲ ਹੋ ਗਿਆ।
10 ਕਿਲੋ ਹੈਰੋਇਨ ਦੀ ਖੇਪ ਨਾਲ ਜੁੜੀ ਕੜੀ
ਪੁਲਿਸ ਅਨੁਸਾਰ ਪਾਰਸਦੀਪ ਸਿੰਘ ਉਰਫ਼ ਬਿੱਲਾ ਦੀ ਗ੍ਰਿਫ਼ਤਾਰੀ ਤੋਂ 10 ਕਿਲੋ ਹੈਰੋਇਨ ਦੀ ਖੇਪ ਨਾਲ ਜੁੜੀ ਅਹਿਮ ਜਾਣਕਾਰੀ ਮਿਲੀ ਹੈ। ਆਈਜੀ ਭੁੱਲਰ ਮੁਤਾਬਕ ਪਾਰਸਦੀਪ ਕਥਿਤ ਤੌਰ ’ਤੇ ਗੈਂਗਸਟਰ ਅਤੇ ਤਸਕਰ ਕਿਸ਼ਨ ਜੰਡਿਆਲਾ ਲਈ ਛੇਹਰਟਾ ਇਲਾਕੇ ਤੋਂ ਖੇਪ ਚੁੱਕਦਾ ਸੀ।
ਪੁਲਿਸ ਦਾ ਦਾਅਵਾ ਹੈ ਕਿ ਪਾਰਸਦੀਪ ਵੱਖ-ਵੱਖ ਵਾਹਨਾਂ ਅਤੇ ਭੇਸ ਬਦਲ ਕੇ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਇਕੱਠੀ ਕਰਦਾ ਅਤੇ ਅੱਗੇ ਸਪਲਾਈ ਕਰਦਾ ਸੀ। ਪੁੱਛਗਿੱਛ ਦੌਰਾਨ ਉਸ ਵੱਲੋਂ ਤਰਨਤਾਰਨ, ਸਰਾਏ ਅਮਾਨਤ ਖਾਂ ਅਤੇ ਆਸ-ਪਾਸ ਦੇ ਇਲਾਕਿਆਂ ਤੋਂ 10 ਤੋਂ 12 ਖੇਪਾਂ ਚੁੱਕਣ ਦੀ ਜਾਣਕਾਰੀ ਮਿਲਣ ਦੀ ਗੱਲ ਪੁਲਿਸ ਨੇ ਕਹੀ ਹੈ।
ਪੁਲਿਸ ਮੁਤਾਬਕ ਇਸ ਕੰਮ ਵਿੱਚ ਅਟਾਰੀ ਵਾਸੀ ਗੁਰਮੁਖ ਸਿੰਘ ਬੋਦੀ ਵੀ ਸ਼ਾਮਲ ਸੀ, ਜੋ ਪਹਿਲਾਂ ਪੰਚਾਇਤ ਮੈਂਬਰ ਰਹਿ ਚੁੱਕਾ ਹੈ ਅਤੇ ਇਸ ਸਮੇਂ ਦਿਹਾੜੀਦਾਰ ਵਜੋਂ ਕੰਮ ਕਰਦਾ ਹੈ।
‘ਈਜ਼ੀ ਮਨੀ’ ਦਾ ਲਾਲਚ ਦੇ ਕੇ ਨੌਜਵਾਨਾਂ ਨੂੰ ਜੋੜਨ ਦਾ ਦਾਅਵਾ
ਪੁਲਿਸ ਅਧਿਕਾਰੀਆਂ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਜ਼ਿਆਦਾਤਰ 22-23 ਸਾਲ ਦੀ ਉਮਰ ਦੇ ਨੌਜਵਾਨ ਹਨ, ਜੋ ਰਾਜਮਿਸਤਰੀ ਜਾਂ ਪਲੰਬਰ ਵਰਗੇ ਕੰਮ ਕਰਦੇ ਸਨ।
ਪੁਲਿਸ ਦਾ ਦਾਅਵਾ ਹੈ ਕਿ ਵਿਦੇਸ਼ੀ ਹੈਂਡਲਰ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨਾਲ ਸੰਪਰਕ ਕਰਦੇ ਸਨ ਅਤੇ ‘ਈਜ਼ੀ ਮਨੀ’ ਜਾਂ ਜਲਦ ਪੈਸਾ ਕਮਾਉਣ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਲਈ ਵਰਤਦੇ ਸਨ।
ਪੁਲਿਸ ਨੇ ਵੱਡੀ ਵਾਰਦਾਤ ਦੀ ਸਾਜ਼ਿਸ਼ ਨਾਕਾਮ ਕਰਨ ਦਾ ਦਾਅਵਾ ਕੀਤਾ
ਆਈਜੀ ਭੁੱਲਰ ਨੇ ਕਿਹਾ ਕਿ ਹਥਿਆਰਾਂ ਦੀ ਸਮੇਂ ਸਿਰ ਬਰਾਮਦਗੀ ਨਾਲ ਸੰਭਾਵਿਤ ਵੱਡੀ ਅਪਰਾਧਿਕ ਵਾਰਦਾਤ ਅਤੇ ਟਾਰਗੇਟ ਕਿਲਿੰਗ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਗਿਆ ਹੈ।
ਫਿਲਹਾਲ ਪੁਲਿਸ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ਦੇ ਬੈਂਕ ਖਾਤਿਆਂ ਅਤੇ ਵਿੱਤੀ ਕੜੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਰਾਹੀਂ ਨੈੱਟਵਰਕ ਨਾਲ ਜੁੜੀ ਜਾਇਦਾਦ ਅਤੇ ਹੋਰ ਵਿੱਤੀ ਸਰੋਤਾਂ ਦੀ ਪਛਾਣ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਗੱਲ ਪੁਲਿਸ ਨੇ ਕਹੀ ਹੈ।
