ਮਜੀਠੀਆ ਦੇ ਗੰਭੀਰ ਇਲਜ਼ਾਮ: ‘ਆਪ’, ਪੰਜਾਬ ਪੁਲਿਸ ਅਤੇ ਪਾਕਿਸਤਾਨੀ ਨਸ਼ਾ ਮਾਫ਼ੀਆ ਵਿਚਾਲੇ ਗੰਢਤੁੱਪ’
ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਕਿ ਸਾਢੇ ਚਾਰ ਕਿੱਲੋ ਹੈਰੋਇਨ ਅਤੇ ਅਸਲੇ ਸਮੇਤ ਗ੍ਰਿਫ਼ਤਾਰ ‘ਆਪ’ ਆਗੂ ਨੂੰ ਬਚਾਉਣ ਲਈ ਛੇ ਮਹੀਨਿਆਂ ਤੱਕ ਚਲਾਨ ਪੇਸ਼ ਨਹੀਂ ਕੀਤਾ ਗਿਆ, ਜਿਸ ਕਾਰਨ ਉਸ ਨੂੰ ਡਿਫਾਲਟ ਜ਼ਮਾਨਤ ਮਿਲੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ, ਓਐੱਸਡੀ ਰਾਜਬੀਰ ਘੁੰਮਣ ਅਤੇ ਡੀਜੀਪੀ ਗੌਰਵ ਯਾਦਵ ’ਤੇ ਵੀ ਸਵਾਲ ਚੁੱਕੇ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ, ਪੰਜਾਬ ਪੁਲਿਸ ਅਤੇ ਸਰਹੱਦ ਪਾਰ ਦੇ ਨਸ਼ਾ ਮਾਫ਼ੀਆ ਵਿਚਾਲੇ ਕਥਿਤ ਗੰਢਤੁੱਪ ਹੋਣ ਦੇ ਗੰਭੀਰ ਇਲਜ਼ਾਮ ਲਾਏ ਹਨ। ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਵੱਲੋਂ ਭੇਜੀ ਗਈ ਸਾਢੇ ਚਾਰ ਕਿੱਲੋ ਹੈਰੋਇਨ ਅਤੇ ਅਸਲੇ ਸਮੇਤ ਗ੍ਰਿਫ਼ਤਾਰ ਕੀਤੇ ਗਏ ‘ਆਪ’ ਆਗੂ ਨੂੰ ਬਚਾਉਣ ਲਈ ਜਾਣਬੁੱਝ ਕੇ ਛੇ ਮਹੀਨਿਆਂ ਤੱਕ ਅਦਾਲਤ ਵਿੱਚ ਚਲਾਨ ਪੇਸ਼ ਨਹੀਂ ਕੀਤਾ ਗਿਆ। ਮਜੀਠੀਆ ਮੁਤਾਬਕ ਇਸੇ ਕਾਰਨ ਮੁਲਜ਼ਮ ਨੂੰ ਹਾਈਕੋਰਟ ਤੋਂ ਡਿਫਾਲਟ ਜ਼ਮਾਨਤ ਮਿਲ ਗਈ।
ਮੁੱਖ ਮੰਤਰੀ ਅਤੇ ‘ਆਪ’ ਆਗੂਆਂ ਨਾਲ ਮੁਲਜ਼ਮ ਦੀਆਂ ਤਸਵੀਰਾਂ ਦਿਖਾਈਆਂ
ਪ੍ਰੈੱਸ ਕਾਨਫਰੰਸ ਦੌਰਾਨ ਮਜੀਠੀਆ ਨੇ ਮੁਲਜ਼ਮ ਲਵਜੀਤ ਸਿੰਘ ਦੀਆਂ ਮੁੱਖ ਮੰਤਰੀ ਭਗਵੰਤ ਮਾਨ, ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਅਮਨ ਅਰੋੜਾ ਸਮੇਤ ਕਈ ਸੀਨੀਅਰ ਆਗੂਆਂ ਨਾਲ ਤਸਵੀਰਾਂ ਅਤੇ ਵੀਡੀਓਜ਼ ਜਨਤਕ ਕੀਤੀਆਂ।
ਉਨ੍ਹਾਂ ਦਾਅਵਾ ਕੀਤਾ ਕਿ ਲਵਜੀਤ ਸਿੰਘ ਇਲਾਕੇ ਵਿੱਚ ਸੱਤਾਧਾਰੀ ਪਾਰਟੀ ਦਾ ਮੁੱਖ ਕਰਤਾ-ਧਰਤਾ ਸੀ ਅਤੇ ਮੁੱਖ ਮੰਤਰੀ ਦੀਆਂ ਰੈਲੀਆਂ ਲਈ ਫੰਡ ਮੁਹੱਈਆ ਕਰਵਾਉਂਦਾ ਸੀ। ਮਜੀਠੀਆ ਨੇ ਕਿਹਾ ਕਿ 18 ਜਨਵਰੀ ਨੂੰ ਮੁੱਖ ਮੰਤਰੀ ਦੇ ਮਜੀਠਾ ਦੌਰੇ ਦੌਰਾਨ ਵੀ ਇਹ ਵਿਅਕਤੀ ਸਟੇਜ ’ਤੇ ਮੌਜੂਦ ਸੀ ਅਤੇ ਉਸ ਨੇ ਗਾਇਕ ਦੀ ਅਦਾਇਗੀ ਵੀ ਕੀਤੀ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਤਬਾਦਲਿਆਂ ’ਤੇ ਸਵਾਲ
ਮਜੀਠੀਆ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਇਲਜ਼ਾਮ ਲਾਇਆ ਕਿ ਮੁਲਜ਼ਮ ਨੂੰ ਬਚਾਉਣ ਲਈ ਨਿਯਮਾਂ ਦੇ ਉਲਟ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ। ਉਨ੍ਹਾਂ ਕਿਹਾ ਕਿ ਸਾਢੇ ਚਾਰ ਕਿੱਲੋ ਹੈਰੋਇਨ ਬਰਾਮਦ ਕਰਨ ਵਾਲੇ ਐੱਸਐੱਚਓ ਦਾ ਤੁਰੰਤ ਤਬਾਦਲਾ ਕਰ ਦਿੱਤਾ ਗਿਆ, ਜਦਕਿ ਇੱਕ ਅਜਿਹੇ ਅਧਿਕਾਰੀ ਨੂੰ ਐੱਸਐੱਸਪੀ ਨਿਯੁਕਤ ਕੀਤਾ ਗਿਆ, ਜੋ ਉਨ੍ਹਾਂ ਮੁਤਾਬਕ ਇਸ ਅਹੁਦੇ ਦੇ ਯੋਗ ਨਹੀਂ ਸੀ।
ਅਕਾਲੀ ਆਗੂ ਨੇ ਦਾਅਵਾ ਕੀਤਾ ਕਿ 18 ਮਾਰਚ 2026 ਨੂੰ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਈ ਸੀ, ਪਰ 180 ਦਿਨਾਂ ਦੇ ਅੰਦਰ ਪੁਲਿਸ ਵੱਲੋਂ ਅਦਾਲਤ ਵਿੱਚ ਚਲਾਨ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਵਜੋਂ ਪਾਕਿਸਤਾਨੀ ਨੈੱਟਵਰਕ ਨਾਲ ਜੁੜੇ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੁਲਜ਼ਮ ਨੂੰ ਛੇ ਮਹੀਨਿਆਂ ਬਾਅਦ ਜ਼ਮਾਨਤ ਮਿਲ ਗਈ।
ਮੁੱਖ ਮੰਤਰੀ, ਓਐੱਸਡੀ ਅਤੇ ਡੀਜੀਪੀ ਨੂੰ ਠਹਿਰਾਇਆ ਜ਼ਿੰਮੇਵਾਰ
ਮਜੀਠੀਆ ਨੇ ਇਸ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਉਨ੍ਹਾਂ ਦੇ ਓਐੱਸਡੀ ਰਾਜਬੀਰ ਘੁੰਮਣ ਅਤੇ ਡੀਜੀਪੀ ਗੌਰਵ ਯਾਦਵ ’ਤੇ ਵੀ ਸਿੱਧੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਗ੍ਰਹਿ ਵਿਭਾਗ ਮੁੱਖ ਮੰਤਰੀ ਕੋਲ ਹੋਣ ਕਾਰਨ ਜਾਂਚ ਅਤੇ ਚਲਾਨ ਪੇਸ਼ ਕਰਨ ਦੀ ਪ੍ਰਕਿਰਿਆ ਵਿੱਚ ਹੋਈ ਦੇਰੀ ਦੀ ਜ਼ਿੰਮੇਵਾਰੀ ਸਰਕਾਰ ਤੋਂ ਤੈਅ ਹੋਣੀ ਚਾਹੀਦੀ ਹੈ।
‘ਆਪ, ਆਈਐੱਸਆਈ ਅਤੇ ਪੁਲਿਸ ਵਿਚਾਲੇ ਨੈਕਸਸ’
ਮਜੀਠੀਆ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਮਿਲੀ ਅੰਦਰੂਨੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਦਫ਼ਤਰ ਨੇ ਜਾਣਬੁੱਝ ਕੇ ਚਲਾਨ ਪੇਸ਼ ਨਹੀਂ ਹੋਣ ਦਿੱਤਾ, ਤਾਂ ਜੋ ਮੁਲਜ਼ਮ ਨੂੰ ਜ਼ਮਾਨਤ ਮਿਲ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ, ਆਈਐੱਸਆਈ ਅਤੇ ਪੁਲਿਸ ਵਿਚਾਲੇ ਕਥਿਤ ਗੰਢਤੁੱਪ ਚੱਲ ਰਹੀ ਹੈ ਅਤੇ ਸਰਕਾਰ ਨਸ਼ਾ ਤਸਕਰਾਂ ਦੀ ਮਦਦ ਕਰ ਰਹੀ ਹੈ।
ਮਜੀਠੀਆ ਵੱਲੋਂ ਲਾਏ ਗਏ ਇਹ ਸਾਰੇ ਦੋਸ਼ ਉਨ੍ਹਾਂ ਦੇ ਬਿਆਨਾਂ ’ਤੇ ਆਧਾਰਿਤ ਹਨ। ਇਨ੍ਹਾਂ ਸਬੰਧੀ ਸਰਕਾਰ, ਪੁਲਿਸ ਅਤੇ ਨਾਮਜ਼ਦ ਵਿਅਕਤੀਆਂ ਦਾ ਪੱਖ ਸਾਹਮਣੇ ਆਉਣਾ ਬਾਕੀ ਹੈ।

