The Punjab Inside
Saturday, 3 October 2026Admin Login
Punjab

ਕੈਨੇਡਾ ’ਚ ਜਬਰੀ ਵਸੂਲੀ ਦੇ ਮਾਮਲਿਆਂ ’ਤੇ ਵੱਡੀ ਕਾਰਵਾਈ, 4 ਪੰਜਾਬੀ ਡਿਪੋਰਟ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਜਬਰੀ ਉਗਰਾਹੀ, ਗੋਲੀਬਾਰੀ ਅਤੇ ਸੰਗਠਿਤ ਅਪਰਾਧਿਕ ਗਤੀਵਿਧੀਆਂ ਨਾਲ ਜੁੜੇ ਮਾਮਲਿਆਂ ਵਿੱਚ ਚਾਰ ਪੰਜਾਬੀ ਨੌਜਵਾਨਾਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਹੈ। ਏਜੰਸੀ ਮੁਤਾਬਕ ਇਸ ਸਾਲ ਅਜਿਹੇ ਮਾਮਲਿਆਂ ਵਿੱਚ ਸ਼ਾਮਲ 111 ਸ਼ੱਕੀਆਂ ਨੂੰ ਦੇਸ਼ ਤੋਂ ਬਾਹਰ ਭੇਜਿਆ ਗਿਆ ਹੈ।

ਕੈਨੇਡਾ ’ਚ ਜਬਰੀ ਵਸੂਲੀ ਦੇ ਮਾਮਲਿਆਂ ’ਤੇ ਵੱਡੀ ਕਾਰਵਾਈ, 4 ਪੰਜਾਬੀ ਡਿਪੋਰਟ
Punjab Inside Team
Share:

ਚਾਰ ਪੰਜਾਬੀ ਨੌਜਵਾਨ ਕੈਨੇਡਾ ਤੋਂ ਡਿਪੋਰਟ

ਕੈਨੇਡਾ ਵਿੱਚ ਜਬਰੀ ਵਸੂਲੀ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਮਾਮਲਿਆਂ ’ਤੇ ਸਰਕਾਰ ਵੱਲੋਂ ਕਾਰਵਾਈ ਤੇਜ਼ ਕੀਤੀ ਜਾ ਰਹੀ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਪੰਜਾਬ ਨਾਲ ਸਬੰਧਤ ਚਾਰ ਭਾਰਤੀ ਨੌਜਵਾਨਾਂ ਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਹੈ।

ਏਜੰਸੀ ਮੁਤਾਬਕ ਪਲਵਿੰਦਰ ਸਿੰਘ, ਜਸਮੇਰ ਸਿੰਘ, ਅਮਿਤੋਜ਼ ਬਾਜਵਾ ਅਤੇ ਸਾਹਿਬਜੋਤ ਸਿੰਘ ਨੂੰ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ (IRPA) ਤਹਿਤ ਅਪਰਾਧਿਕ ਸੰਗਠਨਾਂ ਨਾਲ ਸਬੰਧ ਅਤੇ ਗੰਭੀਰ ਅਪਰਾਧਾਂ ਦੇ ਮਾਮਲਿਆਂ ਕਾਰਨ ਕੈਨੇਡਾ ਵਿੱਚ ਰਹਿਣ ਲਈ ਅਯੋਗ ਪਾਇਆ ਗਿਆ ਸੀ।

ਇਨ੍ਹਾਂ ਵਿਅਕਤੀਆਂ ਵਿਰੁੱਧ ਜਬਰੀ ਉਗਰਾਹੀ, ਗੋਲੀਬਾਰੀ ਅਤੇ ਹਿੰਸਕ ਵਾਰਦਾਤਾਂ ਨਾਲ ਸਬੰਧਤ ਮਾਮਲੇ ਦਰਜ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਆਫ ਕੈਨੇਡਾ (IRB) ਦੇ ਹੁਕਮਾਂ ਤੋਂ ਬਾਅਦ ਇਨ੍ਹਾਂ ਨੂੰ ਦੇਸ਼ ਤੋਂ ਬਾਹਰ ਭੇਜਿਆ ਗਿਆ।

ਇਸ ਸਾਲ 111 ਸ਼ੱਕੀ ਡਿਪੋਰਟ

CBSA ਨੇ ਦੱਸਿਆ ਕਿ ਇਸ ਸਾਲ ਦੇ ਪਿਛਲੇ ਮਹੀਨਿਆਂ ਦੌਰਾਨ ਫਿਰੌਤੀ ਅਤੇ ਗੋਲੀਬਾਰੀ ਦੇ ਮਾਮਲਿਆਂ ਵਿੱਚ ਸ਼ਾਮਲ 111 ਸ਼ੱਕੀਆਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ ਹੈ। ਏਜੰਸੀ ਵੱਲੋਂ ਹੋਰ ਅਜਿਹੇ ਵਿਅਕਤੀਆਂ ਖ਼ਿਲਾਫ਼ ਵੀ ਕਾਰਵਾਈ ਜਾਰੀ ਹੈ।

CBSA ਦੀ ਪ੍ਰਧਾਨ ਐਰਿਨ ਓ'ਗੋਰਮਨ ਨੇ ਕਿਹਾ ਕਿ ਏਜੰਸੀ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਕਾਨੂੰਨ ਤਹਿਤ ਅਯੋਗ ਠਹਿਰਾਏ ਗਏ ਵਿਅਕਤੀਆਂ ਨੂੰ ਕੈਨੇਡਾ ਤੋਂ ਵਾਪਸ ਭੇਜਣ ਲਈ ਕੰਮ ਕਰ ਰਹੀ ਹੈ।

ਏਜੰਸੀ ਨੇ ਡਿਪੋਰਟ ਕੀਤੇ ਗਏ ਸਾਰੇ ਵਿਅਕਤੀਆਂ ਦੀ ਕੌਮੀਅਤ ਜਨਤਕ ਨਹੀਂ ਕੀਤੀ। ਹਾਲਾਂਕਿ, ਸੂਤਰਾਂ ਮੁਤਾਬਕ ਇਨ੍ਹਾਂ 111 ਵਿਅਕਤੀਆਂ ਵਿੱਚੋਂ ਸਿਰਫ਼ 7 ਦੀ ਕੌਮੀਅਤ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਨਾਲ ਸਬੰਧਤ ਸੀ। CBSA ਅਨੁਸਾਰ ਇਨ੍ਹਾਂ ਵਿੱਚੋਂ ਬਹੁਤੇ ਵਿਅਕਤੀ ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ਨਾਲ ਸਬੰਧਤ ਸਨ।

2025 ਵਿੱਚ 23,160 ਲੋਕਾਂ ਨੂੰ ਭੇਜਿਆ ਗਿਆ ਵਾਪਸ

CBSA ਮੁਤਾਬਕ ਸਾਲ 2025 ਦੌਰਾਨ ਕੁੱਲ 23,160 ਲੋਕਾਂ ਨੂੰ ਉਨ੍ਹਾਂ ਦੇ ਪਿੱਤਰੀ ਦੇਸ਼ ਵਾਪਸ ਭੇਜਿਆ ਗਿਆ। ਇਨ੍ਹਾਂ ਵਿੱਚੋਂ ਲਗਭਗ 1,010 ਲੋਕ ਗੰਭੀਰ ਅਪਰਾਧਿਕ ਕਾਰਵਾਈਆਂ ਨਾਲ ਸਬੰਧਤ ਸਨ।

ਏਜੰਸੀ ਨੇ ਕਿਹਾ ਕਿ ਦੇਸ਼ ਵਿੱਚ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਅਤੇ ਗੰਭੀਰ ਅਪਰਾਧਾਂ ਨਾਲ ਜੁੜੇ ਵਿਦੇਸ਼ੀਆਂ ਖ਼ਿਲਾਫ਼ ਕਾਰਵਾਈ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।

CBSA ਵਿੱਚ ਹੋਵੇਗੀ 1,000 ਹੋਰ ਅਧਿਕਾਰੀਆਂ ਦੀ ਭਰਤੀ

ਏਜੰਸੀ ਨੇ ਅਧਿਕਾਰੀਆਂ ਦੀ ਘਾਟ ਨੂੰ ਵੀ ਇੱਕ ਵੱਡੀ ਚੁਣੌਤੀ ਦੱਸਿਆ ਹੈ। ਜਾਣਕਾਰੀ ਮੁਤਾਬਕ ਪਹਿਲਾਂ CBSA ਕੋਲ ਲਗਭਗ 530 ਅਧਿਕਾਰੀ ਸਨ, ਪਰ ਕੇਂਦਰ ਸਰਕਾਰ ਵੱਲੋਂ ਬਜਟ ਵਧਾਏ ਜਾਣ ਤੋਂ ਬਾਅਦ ਹੁਣ 1,000 ਹੋਰ ਅਧਿਕਾਰੀ ਭਰਤੀ ਕੀਤੇ ਜਾ ਰਹੇ ਹਨ।

ਏਜੰਸੀ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੀ ਕਮੀ ਕਾਰਨ ਕੈਨੇਡਾ ਵਿੱਚ ਰਹਿ ਰਹੇ ਕੁਝ ਵਿਦੇਸ਼ੀ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਮੌਕਾ ਲੈ ਰਹੇ ਸਨ। ਹੁਣ ਵਧੇਰੇ ਸਟਾਫ਼ ਨਾਲ ਅਜਿਹੇ ਮਾਮਲਿਆਂ ’ਤੇ ਸਖ਼ਤੀ ਨਾਲ ਨਿਗਰਾਨੀ ਕੀਤੀ ਜਾਵੇਗੀ।

ਸਰਕਾਰ ਨੇ ਫਿਰੌਤੀ ਨਾਲ ਜੁੜੇ ਅਪਰਾਧਾਂ ’ਤੇ ਸਖ਼ਤੀ ਦੇ ਦਿੱਤੇ ਸੰਕੇਤ

ਫੈਡਰਲ ਲੋਕ ਸੁਰੱਖਿਆ ਮੰਤਰੀ ਗੈਰੀ ਅਨੰਦਾਸੰਗਰੀ ਨੇ ਕਿਹਾ ਕਿ ਸਰਕਾਰ ਦੱਖਣੀ ਏਸ਼ਿਆਈ ਮੂਲ ਦੇ ਲੋਕਾਂ ਨਾਲ ਜੁੜੇ ਫਿਰੌਤੀ ਅਤੇ ਅਪਰਾਧਿਕ ਨੈੱਟਵਰਕਾਂ ਨੂੰ ਖਤਮ ਕਰਨ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ।

ਮੰਤਰੀ ਮੁਤਾਬਕ ਜਾਂਚ ਦੌਰਾਨ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਲੋਕ ਕਿਸੇ ਵੱਡੀ ਤਾਕਤ ਦੇ ਇਸ਼ਾਰੇ ’ਤੇ ਤਾਂ ਕੰਮ ਨਹੀਂ ਕਰ ਰਹੇ ਅਤੇ ਕੀ ਉਨ੍ਹਾਂ ਦਾ ਮਕਸਦ ਕੈਨੇਡਾ ਵਿੱਚ ਅਸ਼ਾਂਤੀ ਦਾ ਮਾਹੌਲ ਪੈਦਾ ਕਰਨਾ ਤਾਂ ਨਹੀਂ।

ਕੈਨੇਡਾ ਸਰਕਾਰ ਵੱਲੋਂ ਜਬਰੀ ਵਸੂਲੀ, ਗੋਲੀਬਾਰੀ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਮਾਮਲਿਆਂ ’ਤੇ ਕਾਰਵਾਈ ਤੇਜ਼ ਕਰਨ ਨਾਲ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਵਿੱਚ ਵੀ ਇਸ ਮੁਹਿੰਮ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ।