The Punjab Inside
Saturday, 3 October 2026Admin Login

ਨਸ਼ਾ ਤਸਕਰ ਦੀ ਮਦਦ ਕਰਨ ਦੇ ਦੋਸ਼ ਵਿੱਚ ਪੰਜ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ

ਇੱਥੋਂ ਦੀ ਸਦਰ ਪੁਲੀਸ ਨੇ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰ ਸ਼ਾਹਪਿੰਦਰ ਸਿੰਘ ਉਰਫ਼ ਸ਼ੌਨ ਭਿੰਡਰ ਨੂੰ ਧੋਖਾਧੜੀ ਦੇ ਸਾਧਨਾਂ ਰਾਹੀਂ ਪਾਸਪੋਰਟ ਕਲੀਅਰੈਂਸ ਦੀ ਸਹੂਲਤ ਦੇਣ ਦੇ ਕਥਿਤ ਦੋਸ਼ ਵਿੱਚ ਸੀਆਈਏ (CIA) ਸਟਾਫ਼ ਦੇ ਇੰਚਾਰਜ ਪ੍ਰਭਜੀਤ ਸਿੰਘ ਸਮੇਤ ਪੰਜ ਪੁਲੀਸ ਮੁਲਾਜ਼ਮਾਂ ਖ਼ਿਲਾਫ਼...

ਨਸ਼ਾ ਤਸਕਰ ਦੀ ਮਦਦ ਕਰਨ ਦੇ ਦੋਸ਼ ਵਿੱਚ ਪੰਜ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ
Punjab Inside Team
Share:

ਇੱਥੋਂ ਦੀ ਸਦਰ ਪੁਲੀਸ ਨੇ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰ ਸ਼ਾਹਪਿੰਦਰ ਸਿੰਘ ਉਰਫ਼ ਸ਼ੌਨ ਭਿੰਡਰ ਨੂੰ ਧੋਖਾਧੜੀ ਦੇ ਸਾਧਨਾਂ ਰਾਹੀਂ ਪਾਸਪੋਰਟ ਕਲੀਅਰੈਂਸ ਦੀ ਸਹੂਲਤ ਦੇਣ ਦੇ ਕਥਿਤ ਦੋਸ਼ ਵਿੱਚ ਸੀਆਈਏ (CIA) ਸਟਾਫ਼ ਦੇ ਇੰਚਾਰਜ ਪ੍ਰਭਜੀਤ ਸਿੰਘ ਸਮੇਤ ਪੰਜ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਹੈ।

ਨਾਮਜ਼ਦ ਕੀਤੇ ਗਏ ਹੋਰ ਪੁਲੀਸ ਅਧਿਕਾਰੀਆਂ ਵਿੱਚ ਦੋ ਸਹਾਇਕ ਸਬ-ਇੰਸਪੈਕਟਰ (ASIs) ਲਖਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ, ਇੱਕ ਹੈੱਡ ਕਾਂਸਟੇਬਲ ਹਰਕਮਲ ਸਿੰਘ ਅਤੇ ਇੱਕ ਕਾਂਸਟੇਬਲ ਧਰਮਿੰਦਰ ਸਿੰਘ ਸ਼ਾਮਲ ਹਨ।

ਪੁਲੀਸ ਅਨੁਸਾਰ ਅਧਿਕਾਰੀਆਂ ’ਤੇ ਸ਼ੌਨ ਭਿੰਡਰ ਦੇ ਪਾਸਪੋਰਟ ਨੂੰ ਜਾਰੀ ਕਰਵਾਉਣ ਦੇ ਯੋਗ ਬਣਾਉਣ ਲਈ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰਨ ਅਤੇ ਨੋ ਆਬਜੈਕਸ਼ਨ ਸਰਟੀਫਿਕੇਟ (NOC) ਜਾਰੀ ਕਰਨ ਦੇ ਦੋਸ਼ ਹਨ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਭੇਸ ਬਦਲ ਕੇ NOC ਉੱਤੇ ਏ ਐੱਸ ਆਈ ਬਲਬੀਰ ਸਿੰਘ ਦੇ ਜਾਅਲੀ ਦਸਤਖਤ ਕੀਤੇ ਸਨ, ਜਿਸ ਨਾਲ ਖੇਤਰੀ ਪਾਸਪੋਰਟ ਦਫ਼ਤਰ (RPO) ਦੁਆਰਾ ਲੋੜੀਂਦੀਆਂ ਲਾਜ਼ਮੀ ਤਸਦੀਕ ਪ੍ਰਕਿਰਿਆਵਾਂ ਨੂੰ ਬਾਈਪਾਸ (ਨਜ਼ਰਅੰਦਾਜ਼) ਕੀਤਾ ਗਿਆ ਸੀ। ਰਿਪੋਰਟ ਅਨੁਸਾਰ ਇਹ ਧੋਖਾਧੜੀ ਵਾਲੀ ਕਲੀਅਰੈਂਸ ਲਗਪਗ ਇੱਕ ਸਾਲ ਪਹਿਲਾਂ ਹੋਈ ਸੀ।

ਪ੍ਰਭਜੀਤ ਨੂੰ ਇਸ ਕੇਸ ਵਿੱਚ 6 ਅਪਰੈਲ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਬਾਕੀ ਚਾਰ ਪੁਲੀਸ ਮੁਲਾਜ਼ਮਾਂ ਨੂੰ 8 ਅਪਰੈਲ ਨੂੰ ਮੁਅੱਤਲ ਕੀਤਾ ਗਿਆ।

ਸ਼ੌਨ ਭਿੰਡਰ, ਅੰਤਰਰਾਸ਼ਟਰੀ ਨਸ਼ਾ ਤਸਕਰੀ ਵਿੱਚ ਵੱਡਾ ਨਾਮ ਹੈ ਅਤੇ ਉਸ ਨੂੰ ਪਿਛਲੇ ਸਾਲ ਸਦਰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ, ਰਿਪੋਰਟਾਂ ਅਨੁਸਾਰ ਉਹ ਕਰੋੜਾਂ ਡਾਲਰ ਦੇ ਨਸ਼ਾ ਤਸਕਰੀ ਨੈੱਟਵਰਕ ਦੇ ਸਬੰਧ ਵਿੱਚ ਸੰਯੁਕਤ ਰਾਜ ਅਮਰੀਕਾ ਸਥਿਤ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਨੂੰ ਲੋੜੀਂਦਾ ਸੀ। ਅਧਿਕਾਰੀਆਂ ਨੇ ਦੋਸ਼ ਲਾਇਆ ਸੀ ਕਿ ਭਿੰਡਰ ਕੋਲੰਬੀਆ ਤੋਂ ਅਮਰੀਕਾ ਅਤੇ ਕੈਨੇਡਾ ਸਮੇਤ ਹੋਰ ਦੇਸ਼ਾਂ ਵਿੱਚ ਵੱਡੀ ਮਾਤਰਾ ਵਿੱਚ ਕੋਕੀਨ ਦੀ ਸਮਗਲਿੰਗ ਦਾ ਤਾਲਮੇਲ ਕਰਦਾ ਸੀ।

ਉਸ ਦੀ ਗ੍ਰਿਫ਼ਤਾਰੀ ਦੇ ਬਾਵਜੂਦ ਭਿੰਡਰ ਨੂੰ ਬਾਅਦ ਵਿੱਚ ਇੱਕ ਸਥਾਨਕ ਅਦਾਲਤ ਨੇ ਬਰੀ ਕਰ ਦਿੱਤਾ ਸੀ। ਉਸ ਦਾ ਪਾਸਪੋਰਟ, ਜੋ ਕੇਸ ਦੀ ਜਾਇਦਾਦ ਵਜੋਂ ਜ਼ਬਤ ਕਰਕੇ ਪੁਲੀਸ ਕੋਲ ਜਮ੍ਹਾਂ ਕਰਵਾਇਆ ਗਿਆ ਸੀ, ਉਸ ਵਲੋਂ NOC ਪੇਸ਼ ਕਰਨ ਤੋਂ ਬਾਅਦ ਵਾਪਸ ਕਰ ਦਿੱਤਾ ਗਿਆ ਸੀ—ਜੋ NOC ਹੁਣ ਕਥਿਤ ਜਾਅਲਸਾਜ਼ੀ ਲਈ ਜਾਂਚ ਦੇ ਘੇਰੇ ਵਿੱਚ ਹੈ।

ਫਿਰੋਜ਼ਪੁਰ ਰੇਂਜ ਦੀ ਡਿਪਟੀ ਇੰਸਪੈਕਟਰ ਜਨਰਲ (DIG) ਸਨੇਹ ਸ਼ਰਮਾ ਨੇ ਦੱਸਿਆ ਕਿ ਸਾਰੇ ਪੰਜੇ ਮੁਲਜ਼ਮ ਅਧਿਕਾਰੀ ਫਿਲਹਾਲ ਫਰਾਰ ਹਨ। ਪੁਲੀਸ ਟੀਮਾਂ ਨੇ ਉਨ੍ਹਾਂ ਨੂੰ ਸ਼ੱਕੀ ਟਿਕਾਣਿਆਂ ਤੋਂ ਗ੍ਰਿਫ਼ਤਾਰ ਕਰਨ ਲਈ ਕਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਵਿਰੁੱਧ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ 256, 336(2), 336(3), 339, 340(2), ਅਤੇ 61(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।