ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਸ਼ਾਮਲ ਹੋਏ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਕਿਹਾ- MLA ਤੋਂ ਨਹੀਂ ਦੇਵਾਂਗਾ ਅਸਤੀਫਾ
ਮਨਪ੍ਰੀਤ ਨੇ ਕਿਹਾ ਕਿ ਉਹਨਾਂ ਤੇ ਕਰੀਬ ਇੱਕ ਸਾਲ ਤੋਂ ਦਬਾਅ ਚੱਲ ਰਿਹਾ ਸੀ ਕਿਉਂਕਿ ਹਲਕੇ ਦੇ ਲੋਕ ਉਹਨਾਂ ਨੂੰ ਪੰਥਕ ਰਾਜਨੀਤੀ ਲਈ ਅਕਾਲੀ ਦਲ ਬਾਰਸ ਪੰਜਾਬ ਨਾਲ ਜੁੜਨ ਲਈ ਦਬਾਅ ਬਣਾ ਰਹੇ ਸਨ ਅਤੇ ਉਹ ਇੱਕ ਸਾਲ ਤੋਂ ਇਸ ਜਥੇਬੰਦੀ ਨਾਲ ਮਿਲ ਕੇ ਕੰਮ ਵੀ ਕਰ ਰਹੇ ਸਨ।
ਚੰਡੀਗੜ੍ਹ : ਹਲਕਾ ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅੱਜ ਅਕਾਲੀ ਦਲ ਵਾਰਸ ਪੰਜਾਬ ਵਿੱਚ ਰਸਮੀ ਤੌਰ 'ਤੇ ਸ਼ਾਮਿਲ ਹੋ ਗਏ ਹਨ। ਇਆਲੀ ਨੇ ਕਿਹਾ ਕਿ ਉਹ ਬਿਨਾਂ ਸ਼ਰਤ ਸ਼ਾਮਿਲ ਹੋਏ ਹਨ ਅਤੇ ਉਹ ਸਾਰੀਆਂ ਪੰਥਕ ਧਿਰਾਂ ਨੂੰ ਇੱਕ ਮੰਚ ਤੇ ਇਕੱਠਿਆਂ ਕਰਨ ਦਾ ਯਤਨ ਕਰਨਗੇ।
ਇੱਕ ਸਵਾਲ ਦੇ ਜਵਾਬ ਵਿੱਚ ਇਆਲੀ ਨੇ ਕਿਹਾ ਕਿ ਉਹ ਤਕਨੀਕੀ ਤੌਰ 'ਤੇ ਅਕਾਲੀ ਦਲ ਦੇ ਵਿਧਾਇਕ ਹਨ ਪਰ ਅਜੇ ਉਹ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ ਕਿਉਂਕਿ ਵਾਰਸ ਪੰਜਾਬ ਦੀ ਅਜੇ ਇੱਕ ਜਥੇਬੰਦੀ ਹੈ ਸਿਆਸੀ ਪਾਰਟੀ ਵਜੋਂ ਰਜਿਸਟਰਡ ਨਹੀਂ ਹੋਈ।
ਇਆਲੀ ਨੇ ਕਿਹਾ ਕਿ ਉਹ ਪੰਜਾਬ, ਪੰਜਾਬੀਅਤ, ਤੇ ਪੰਥਕ ਮਸਲਿਆਂ ਦੀ ਲੜਾਈ ਲੜਨਗੇ ਪਿਛਲੇ ਲੰਬੇ ਅਰਸੇ ਤੋਂ ਪੰਜਾਬ ਦੇ ਪਾਣੀਆਂ, ਪੰਜਾਬੀ ਬੋਲਦੇ ਇਲਾਕੇ , ਚੰਡੀਗੜ੍ਹ ਸਮੇਤ ਅਜਿਹੇ ਮਸਲੇ ਹਨ ਜੋ ਅਜੇ ਤੱਕ ਅਣਸੁਲਝੇ ਪਏ ਹਨ।
ਮਨਪ੍ਰੀਤ ਨੇ ਕਿਹਾ ਕਿ ਉਹਨਾਂ ਤੇ ਕਰੀਬ ਇੱਕ ਸਾਲ ਤੋਂ ਦਬਾਅ ਚੱਲ ਰਿਹਾ ਸੀ ਕਿਉਂਕਿ ਹਲਕੇ ਦੇ ਲੋਕ ਉਹਨਾਂ ਨੂੰ ਪੰਥਕ ਰਾਜਨੀਤੀ ਲਈ ਅਕਾਲੀ ਦਲ ਬਾਰਸ ਪੰਜਾਬ ਨਾਲ ਜੁੜਨ ਲਈ ਦਬਾਅ ਬਣਾ ਰਹੇ ਸਨ ਅਤੇ ਉਹ ਇੱਕ ਸਾਲ ਤੋਂ ਇਸ ਜਥੇਬੰਦੀ ਨਾਲ ਮਿਲ ਕੇ ਕੰਮ ਵੀ ਕਰ ਰਹੇ ਸਨ। ਇਆਲੀ ਨੇ ਕਿਹਾ ਕਿ ਉਹ ਅੱਜ ਵੀ ਪੰਥਕ ਧਿਰਾਂ ਨਾਲ ਸਮਝੌਤੇ ਦੇ ਹਾਮੀ ਹਨ ਪਰ ਭਾਜਪਾ ਕਾਂਗਰਸ ਅਤੇ ਆਮ ਆਦਮੀ ਨਾਲ ਕੋਈ ਵੀ ਚੋਣ ਸਮਝੌਤਾ ਨਹੀਂ ਕੀਤਾ ਜਾਵੇਗਾ।
ਖਾਲਿਸਤਾਨ ਦੇ ਮੁੱਦੇ ਤੇ ਇਆਲੀ ਨੇ ਕਿਹਾ ਕਿ ਉਹ ਲੋਕ ਤਾਂਤਰਿਕ ਢੰਗ ਨਾਲ ਲੜਾਈ ਲੜਨਗੇ। ਇਆਲੀ ਨੇ ਕਿਹਾ ਕਿ ਜੇਕਰ ਪੰਥਕ ਰਾਜਨੀਤੀ ਕਰਨੀ ਹੈ ਤਾਂ ਸਿੱਖ ਸੰਗਤ ਅਤੇ ਪੰਜਾਬ ਦੀਆਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਕੰਮ ਕਰਨਾ ਪਵੇਗਾ।
ਇਆਲੀ ਨੇ ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੇ ਵਰਕਰਾਂ ਦੀ ਭਾਰਤੀ ਲਈ ਬਣਾਈ ਗਈ ਕਮੇਟੀ ਵਿੱਚ ਉਹਨਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ ਸੀ ।
ਉਹਨਾਂ ਕਿਹਾ ਕਿ ਪਿਛਲੇ ਲੰਬੇ ਅਰਸੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ। ਜਦੋਂ ਕਿ ਹਰ ਪੰਜ ਸਾਲ ਬਾਅਦ ਚੋਣਾਂ ਹੋਣੀਆਂ ਬਣਦੀਆਂ ਹਨ। ਇਆਲੀ ਨੇ ਕਿਹਾ ਕਿ ਅਸਲੀ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੋਣਾਂ ਨੇ ਕਰਨਾ ਹੈ ਕਿ ਅਸਲੀ ਅਕਾਲੀ ਦਲ ਕਿਹੜਾ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਅਕਾਲੀ ਦਲ ਨਾਲ ਅਜੇ ਵੀ ਕੋਈ ਨਰਾਜ਼ਗੀ ਨਹੀਂ ਸਿਰਫ ਇੱਕ ਕਾਬਜ਼ ਪਰਿਵਾਰ ਤੋਂ ਨਰਾਜ਼ਗੀ ਚੱਲ ਰਹੀ ਹੈ। ਜੇਕਰ ਉਹ ਪਰਿਵਾਰ ਪਿੱਛੇ ਹਟ ਜਾਂਦਾ ਹੈ ਤਾਂ ਮੁੜ ਅਕਾਲੀ ਧਿਰਾਂ ਇਕੱਠੀਆਂ ਹੋ ਸਕਦੀਆਂ ਹਨ।।
ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤ ਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਉਨਾਂ ਦੇ ਬੇਟੇ ਨੂੰ ਬਿਨਾਂ ਕਿਸੇ ਕਸੂਰ ਤੋਂ ਪਹਿਲਾਂ ਐਨ ਐਸ ਏ ਲਗਾ ਕੇ ਡਿਬਰੂਗੜ ਜੇਲ ਵਿੱਚ ਬੰਦ ਕੀਤਾ ਗਿਆ ਹੁਣ ਐਨ ਐਸ ਏ ਹਟਣ ਦੇ ਬਾਵਜੂਦ ਡਿਗਰੂਗੜ ਜੇਲ ਵਿੱਚ ਬੰਦ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਅੰਮ੍ਰਿਤ ਪਾਲ ਨੂੰ ਐਮਪੀ ਬਣਾਇਆ ਪਰ ਉਨਾਂ ਨੂੰ ਨਾ ਸੰਸਦ ਵਿੱਚ ਬੋਲਣ ਦਿੱਤਾ ਜਾ ਰਿਹਾ ਹੈ। ਨਾ ਹੀ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਚੱਕਣ ਲਈ ਹਲਕੇ ਵਿੱਚ ਆਉਣ ਦਿੱਤਾ ਜਾ ਰਿਹਾ ਹੈ।। ਨਸ਼ੇ ਦੇ ਮੁੱਦੇ ਤੇ ਤਰਸੇਮ ਸਿੰਘ ਨੇ ਕਿਹਾ ਕਿ ਸਰਕਾਰਾਂ ਚਾਹੁੰਦੀਆਂ ਹਨ ਕਿ ਸੂਬੇ ਵਿਚਲੀ ਨੌਜਵਾਨੀ ਨਾ ਬਚੇ ਜਿਸ ਕਰਕੇ ਸਰਕਾਰ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਹੀ।