ਕਾਂਗਰਸੀ ਸਰਪੰਚ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ
ਡੇਰਾ ਬਾਬਾ ਨਾਨਕ ਦੇ ਪਿੰਡ ਪੱਡਾ ਵਿੱਚ 27 ਸਾਲਾ ਸੁਖਰਾਜ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪਰਿਵਾਰ ਨੇ ਪੁਰਾਣੀ ਰੰਜਿਸ਼ ਨੂੰ ਘਟਨਾ ਦਾ ਕਾਰਨ ਦੱਸਿਆ ਹੈ। ਪੁਲਿਸ ਨੇ ਸਰਪੰਚ ਨਵਦੀਪ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਡੇਰਾ ਬਾਬਾ ਨਾਨਕ: ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਪੱਡਾ ਵਿੱਚ ਕਾਂਗਰਸ ਪਾਰਟੀ ਦੇ ਮੌਜੂਦਾ ਸਰਪੰਚ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ 27 ਸਾਲਾ ਸੁਖਰਾਜ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਵਿਫਟ ਕਾਰ ’ਚ ਆਏ ਨੌਜਵਾਨਾਂ ਨੇ ਕੀਤੀ ਫਾਇਰਿੰਗ
ਮ੍ਰਿਤਕ ਦੇ ਭਰਾ ਅਤੇ ਪਿੰਡ ਦੇ ਸਰਪੰਚ ਨਵਦੀਪ ਸਿੰਘ ਨੇ ਦੱਸਿਆ ਕਿ ਸੁਖਰਾਜ ਸਿੰਘ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਸਬੰਧੀ ਟਾਹਲੀ ਸਾਹਿਬ ਗੁਰਦੁਆਰਾ ਵਿਖੇ ਹੋ ਰਹੇ ਸਮਾਗਮ ਤੋਂ ਮੋਟਰਸਾਈਕਲ ’ਤੇ ਵਾਪਸ ਘਰ ਆ ਰਿਹਾ ਸੀ।
ਇਸ ਦੌਰਾਨ ਕਥਿਤ ਤੌਰ ’ਤੇ ਸਵਿਫਟ ਕਾਰ ਵਿੱਚ ਸਵਾਰ ਕਰੀਬ ਛੇ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਪਰਿਵਾਰ ਮੁਤਾਬਕ ਇਨ੍ਹਾਂ ਵਿੱਚੋਂ ਤਿੰਨ ਨੌਜਵਾਨਾਂ ਨੇ ਸੁਖਰਾਜ ਸਿੰਘ ’ਤੇ ਕਈ ਫਾਇਰ ਕੀਤੇ। ਗੋਲੀ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਦੋ ਮਹੀਨੇ ਪਹਿਲਾਂ ਵੀ ਗੋਲੀਬਾਰੀ ਦਾ ਦਾਅਵਾ
ਪਰਿਵਾਰ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਵੀ ਉਨ੍ਹਾਂ ’ਤੇ ਗੋਲੀਆਂ ਚਲਾਈਆਂ ਗਈਆਂ ਸਨ। ਪਰਿਵਾਰ ਵੱਲੋਂ ਇਸ ਘਟਨਾ ਨੂੰ ਪੁਰਾਣੀ ਰੰਜਿਸ਼ ਨਾਲ ਜੋੜਿਆ ਜਾ ਰਿਹਾ ਹੈ।
ਪੁਲਿਸ ਮੁਤਾਬਕ ਦੋਵਾਂ ਧਿਰਾਂ ਵਿਚਕਾਰ ਪਹਿਲਾਂ ਵੀ ਮਾਮਲੇ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ ਕਤਲ ਦੇ ਪਿੱਛੇ ਅਸਲ ਕਾਰਨ ਅਤੇ ਹਮਲਾਵਰਾਂ ਦੀ ਪਛਾਣ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।
ਮੌਕੇ ਤੋਂ ਦੋ ਰੌਂਦ ਬਰਾਮਦ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਅਸ਼ੋਕ ਕੁਮਾਰ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪੁਲਿਸ ਵੱਲੋਂ ਘਟਨਾ ਸਥਾਨ ਤੋਂ ਦੋ ਰੌਂਦ ਵੀ ਬਰਾਮਦ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਐਸਐਚਓ ਮੁਤਾਬਕ ਸੁਖਰਾਜ ਸਿੰਘ ਨੂੰ ਇੱਕ ਗੋਲੀ ਲੱਗੀ ਸੀ ਅਤੇ ਮੌਤ ਦੇ ਸਹੀ ਕਾਰਨਾਂ ਸਬੰਧੀ ਪੂਰੀ ਜਾਣਕਾਰੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਸਾਹਮਣੇ ਆਵੇਗੀ।
ਸਰਪੰਚ ਦੇ ਬਿਆਨਾਂ ’ਤੇ ਕੇਸ ਦਰਜ
ਪੁਲਿਸ ਨੇ ਮ੍ਰਿਤਕ ਦੇ ਭਰਾ ਅਤੇ ਪਿੰਡ ਪੱਡਾ ਦੇ ਸਰਪੰਚ ਨਵਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਡੇਰਾ ਬਾਬਾ ਨਾਨਕ ਵਿੱਚ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਅਤੇ ਵਾਰਦਾਤ ਨਾਲ ਜੁੜੇ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੇ ਵੱਖ-ਵੱਖ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਜਾਂਚ ਅੱਗੇ ਵਧਾਈ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।
