The Punjab Inside
Saturday, 3 October 2026Admin Login
Punjab

DIG Bhullar Corruption Case: CBI ਅਦਾਲਤ ’ਚ ਸ਼ਿਕਾਇਤਕਰਤਾ ਆਕਾਸ਼ ਬੱਟਾ ਨੇ ਭੁੱਲਰ ਤੇ ਕ੍ਰਿਸ਼ਾਨੂ ਦੀ ਕੀਤੀ ਪਛਾਣ

ਚੰਡੀਗੜ੍ਹ ਸਥਿਤ CBI ਦੀ ਵਿਸ਼ੇਸ਼ ਅਦਾਲਤ ਵਿੱਚ ਮੁਅੱਤਲ DIG ਐੱਚ.ਐੱਸ. ਭੁੱਲਰ ਨਾਲ ਜੁੜੇ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਦੌਰਾਨ ਸ਼ਿਕਾਇਤਕਰਤਾ ਆਕਾਸ਼ ਬੱਟਾ ਦੇ ਬਿਆਨ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ। ਬੱਟਾ ਨੇ ਅਦਾਲਤ ਵਿੱਚ ਮੁਅੱਤਲ DIG ਐੱਚ.ਐੱਸ. ਭੁੱਲਰ ਅਤੇ ਕਥਿਤ ਵਿਚੋਲੇ ਕ੍ਰਿਸ਼ਾਨੂ ਸ਼ਾਰਦਾ ਦੀ ਪਛਾਣ ਕੀਤੀ। ਮਾਮਲਾ ਕਥਿਤ ਤੌਰ ’ਤੇ FIR ਵਿੱਚ ਰਾਹਤ ਦੇਣ ਦੇ ਬਦਲੇ ਰਿਸ਼ਵਤ ਮੰਗਣ ਨਾਲ ਸਬੰਧਤ ਹੈ।

DIG Bhullar Corruption Case: CBI ਅਦਾਲਤ ’ਚ ਸ਼ਿਕਾਇਤਕਰਤਾ ਆਕਾਸ਼ ਬੱਟਾ ਨੇ ਭੁੱਲਰ ਤੇ ਕ੍ਰਿਸ਼ਾਨੂ ਦੀ ਕੀਤੀ ਪਛਾਣ
Punjab Inside Team
Share:

ਚੰਡੀਗੜ੍ਹ: ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਐੱਚ.ਐੱਸ. ਭੁੱਲਰ ਨਾਲ ਸਬੰਧਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਚੰਡੀਗੜ੍ਹ ਸਥਿਤ CBI ਦੀ ਵਿਸ਼ੇਸ਼ ਅਦਾਲਤ ਵਿੱਚ ਸ਼ਿਕਾਇਤਕਰਤਾ ਆਕਾਸ਼ ਬੱਟਾ ਦੇ ਬਿਆਨ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸੁਣਵਾਈ ਦੌਰਾਨ ਆਕਾਸ਼ ਬੱਟਾ ਨੇ ਅਦਾਲਤ ਵਿੱਚ ਮੁਅੱਤਲ DIG ਐੱਚ.ਐੱਸ. ਭੁੱਲਰ ਅਤੇ ਕਥਿਤ ਵਿਚੋਲੇ ਕ੍ਰਿਸ਼ਾਨੂ ਸ਼ਾਰਦਾ ਦੀ ਪਛਾਣ ਕੀਤੀ।


ਪਿਛਲੀ ਸੁਣਵਾਈ ਦੌਰਾਨ CBI ਦੀ ਅਰਜ਼ੀ ਮਨਜ਼ੂਰ ਕਰਦਿਆਂ ਵਿਸ਼ੇਸ਼ ਜੱਜ ਭਾਵਨਾ ਜੈਨ ਨੇ ਆਕਾਸ਼ ਬੱਟਾ ਨੂੰ ਇਸ ਮਾਮਲੇ ਵਿੱਚ ਅਗਲੇ ਸਰਕਾਰੀ ਗਵਾਹ ਵਜੋਂ ਸੰਮਨ ਜਾਰੀ ਕਰਨ ਦੀ ਇਜਾਜ਼ਤ ਦਿੱਤੀ ਸੀ।


ਕੀ ਹੈ ਮਾਮਲਾ?


ਇਹ ਮਾਮਲਾ ਆਕਾਸ਼ ਬੱਟਾ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ FIR ਨਾਲ ਸਬੰਧਿਤ ਹੈ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਸੀ ਕਿ ਰੋਪੜ ਰੇਂਜ ਦੇ ਤਤਕਾਲੀ DIG ਐੱਚ.ਐੱਸ. ਭੁੱਲਰ ਨੇ ਕਥਿਤ ਤੌਰ ’ਤੇ ਨਿੱਜੀ ਵਿਚੋਲੇ ਕ੍ਰਿਸ਼ਾਨੂ ਸ਼ਾਰਦਾ ਰਾਹੀਂ ਥਾਣਾ ਸਰਹਿੰਦ ਵਿੱਚ ਦਰਜ FIR ਵਿੱਚ ਰਾਹਤ ਦੇਣ ਅਤੇ ਸ਼ਿਕਾਇਤਕਰਤਾ ਦੇ ਕਾਰੋਬਾਰ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ।


ਸ਼ਿਕਾਇਤ ਮਿਲਣ ਤੋਂ ਬਾਅਦ CBI ਵੱਲੋਂ ਟ੍ਰੈਪ ਲਗਾਇਆ ਗਿਆ। ਏਜੰਸੀ ਮੁਤਾਬਕ 16 ਅਕਤੂਬਰ 2025 ਨੂੰ ਕਥਿਤ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 5 ਲੱਖ ਰੁਪਏ ਲੈਂਦਿਆਂ ਕ੍ਰਿਸ਼ਾਨੂ ਸ਼ਾਰਦਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸੇ ਦਿਨ ਐੱਚ.ਐੱਸ. ਭੁੱਲਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਮਾਮਲੇ ਵਿੱਚ BNSS ਦੀ ਧਾਰਾ 193 ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ।


ਅਦਾਲਤ ਵਿੱਚ ਬੱਟਾ ਨੇ ਕੀ ਦੱਸਿਆ?


ਬਿਆਨ ਦਰਜ ਕਰਵਾਉਂਦਿਆਂ ਆਕਾਸ਼ ਬੱਟਾ ਨੇ ਦੱਸਿਆ ਕਿ ਉਹ 2013 ਤੋਂ ਮੰਡੀ ਗੋਬਿੰਦਗੜ੍ਹ ਵਿੱਚ ਸਕਰੈਪ ਡੀਲਰ ਦਾ ਕਾਰੋਬਾਰ ਕਰ ਰਿਹਾ ਹੈ। ਉਸ ਖ਼ਿਲਾਫ਼ ਥਾਣਾ ਸਰਹਿੰਦ ਵਿੱਚ ਕਥਿਤ ਫ਼ਰਜ਼ੀ ਬਿੱਲਾਂ ਅਤੇ ਦਸਤਾਵੇਜ਼ਾਂ ਨਾਲ ਜੁੜੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।


ਬੱਟਾ ਮੁਤਾਬਕ, ਕ੍ਰਿਸ਼ਾਨੂ ਸ਼ਾਰਦਾ ਉਸ ਨੂੰ ਪਹਿਲਾਂ ਤੋਂ ਜਾਣਦਾ ਸੀ ਅਤੇ ਅਕਸਰ ਉੱਚ ਅਧਿਕਾਰੀਆਂ ਨਾਲ ਆਪਣੀ ਜਾਣ-ਪਛਾਣ ਹੋਣ ਦਾ ਦਾਅਵਾ ਕਰਦਾ ਸੀ। ਸ਼ਿਕਾਇਤਕਰਤਾ ਨੇ ਕਿਹਾ ਕਿ FIR ਦਰਜ ਹੋਣ ਕਾਰਨ ਉਹ ਮਾਨਸਿਕ ਤਣਾਅ ਵਿੱਚ ਸੀ।


ਸੁਣਵਾਈ ਦੌਰਾਨ ਕ੍ਰਿਸ਼ਾਨੂ ਸ਼ਾਰਦਾ ਦੀ ਪਛਾਣ ਵੀ ਕਰਵਾਈ ਗਈ। ਉਹ ED ਰਿਮਾਂਡ ’ਤੇ ਹੋਣ ਕਾਰਨ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤੀ ਕਾਰਵਾਈ ਵਿੱਚ ਸ਼ਾਮਲ ਹੋਇਆ। ਇਸ ਤੋਂ ਇਲਾਵਾ ਆਕਾਸ਼ ਬੱਟਾ ਨੇ ਅਦਾਲਤ ਵਿੱਚ ਮੌਜੂਦ ਮੁਅੱਤਲ DIG ਐੱਚ.ਐੱਸ. ਭੁੱਲਰ ਦੀ ਵੀ ਪਛਾਣ ਕੀਤੀ।


ਮੁਅੱਤਲ DIG ਐੱਚ.ਐੱਸ. ਭੁੱਲਰ ਵੱਲੋਂ ਅਦਾਲਤ ਵਿੱਚ ਵਕੀਲ ਕਰਮਜੀਤ ਸਿੰਘ, ਐੱਚ.ਐੱਸ. ਧਨੋਆ ਅਤੇ ਐੱਸ.ਪੀ.ਐੱਸ. ਭੁੱਲਰ ਪੇਸ਼ ਹੋਏ।