The Punjab Inside
Saturday, 3 October 2026Admin Login

ਪੰਜਾਬ 'ਚ ਚੋਣ ਕਮਿਸ਼ਨ ਦੀ ਵੱਡੀ ਮੁਹਿੰਮ: SIR ਅਧੀਨ 25 ਤਰੀਕ ਤੋਂ ਸ਼ੁਰੂ ਹੋਵੇਗੀ ਘਰੋ-ਘਰੀ ਗਣਨਾ

ਮਿਤਰਾ ਵੱਲੋਂ ਐਸਆਈਆਰ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਿਆਸੀ ਪਾਰਟੀਆਂ ਨੂੰ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਘਰੋ-ਘਰੀ ਗਣਨਾ ਸ਼ੁਰੂ ਹੋਣ ਤੋਂ ਪਹਿਲਾਂ ਵੱਧ ਤੋਂ ਵੱਧ ਵੋਟਰਾਂ ਤੱਕ ਪਹੁੰਚ ਕਰਨ ਦੀ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੰਜਾਬ 'ਚ ਚੋਣ ਕਮਿਸ਼ਨ ਦੀ ਵੱਡੀ ਮੁਹਿੰਮ: SIR ਅਧੀਨ 25 ਤਰੀਕ ਤੋਂ ਸ਼ੁਰੂ ਹੋਵੇਗੀ ਘਰੋ-ਘਰੀ ਗਣਨਾ
Punjab Inside Team
Share:

 ਚੰਡੀਗੜ੍ਹ: ਪੰਜਾਬ ਰਾਜ ’ਚ ਭਾਰਤੀ ਚੋਣ ਕਮਿਸ਼ਨ ਵੱਲੋਂ ਕਰਵਾਏ ਜਾ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸਆਈਆਰ) ਅਧੀਨ ਅੱਜ ਮੁੱਖ ਚੋਣ ਅਫ਼ਸਰ ਪੰਜਾਬ ਅਨੰਦਿਤਾ ਮਿਤਰਾ ਵੱਲੋਂ ਪੰਜਾਬ ਦੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਪ੍ਰੀਮੈਪਿੰਗ ਦੌਰਾਨ ਜਿਨ੍ਹਾਂ ਵੋਟਰਾਂ ਦੇ ਰਿਕਾਰਡ ਦਾ ਮਿਲਾਨ ਨਹੀਂ ਹੋਇਆ ਹੈ, ਉਸ ਸਬੰਧੀ ਸੂਚੀ ਸੌਂਪੀ। ਉਨ੍ਹਾਂ ਵੱਲੋਂ ਨੁਮਾਇੰਦਿਆਂ ਨੂੰ ਦੱਸਿਆ ਗਿਆ ਕਿ ਅੱਜ ਜੋ ਸੂਚੀ ਸੌਂਪੀ ਗਈ ਹੈ, ਉਹ 27 ਮਈ ਤੱਕ ਪ੍ਰੀਮੈਪਿੰਗ ਦੌਰਾਨ ਮੈਪ ਨਾ ਹੋਏ ਵੋਟਰਾਂ ਸਬੰਧੀ ਹੈ ਤੇ ਜਿਨ੍ਹਾਂ ’ਚੋਂ ਕੁਝ ਵੋਟਰਾਂ ਦੀ ਮੈਪਿੰਗ ਹੋਈ ਹੋਣ ਦੀ ਵੀ ਸੰਭਾਵਨਾ ਹੈ।


ਮਿਤਰਾ ਵੱਲੋਂ ਐਸਆਈਆਰ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਿਆਸੀ ਪਾਰਟੀਆਂ ਨੂੰ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਘਰੋ-ਘਰੀ ਗਣਨਾ ਸ਼ੁਰੂ ਹੋਣ ਤੋਂ ਪਹਿਲਾਂ ਵੱਧ ਤੋਂ ਵੱਧ ਵੋਟਰਾਂ ਤੱਕ ਪਹੁੰਚ ਕਰਨ ਦੀ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਸਆਈਆਰ ਦੀ ਪ੍ਰਕਿਰਿਆ ਸਬੰਧੀ ਚਿੰਤਾਵਾਂ ਨੂੰ ਦੂਰ ਕਰਦਿਆਂ ਸੀਈਓ ਨੇ ਦੱਸਿਆ ਕਿ ਜੇਕਰ ਕੋਈ ਵੋਟਰ ਪ੍ਰੀ-ਐਸਆਈਆਰ ਮੁਹਿੰਮ ਦੌਰਾਨ ਮੈਪਿੰਗ ਤੋਂ ਰਹਿ ਜਾਂਦਾ ਹੈ ਤਾਂ ਵੀ ਵੋਟਰ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਪ੍ਰੀ-ਮੈਪਿੰਗ ਦੀ ਪ੍ਰਕਿਰਿਆ ’ਚ ਹੋਰ ਤੇਜ਼ੀ ਲਿਆਉਣ ਦੇ ਮਕਸਦ ਨਾਲ ਸੱਤ ਜੂਨ ਨੂੰ ਪੰਜਾਬ ਰਾਜ ਦੇ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿੱਥੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੀਐੱਲਓਜ਼ ਵੱਲੋਂ ਪ੍ਰੀ-ਮੈਪਿੰਗ ਦੇ ਕੰਮ ’ਚ ਵੋਟਰਾਂ ਦੀ ਮਦਦ ਕੀਤੀ ਜਾਵੇਗੀ।


ਉਨ੍ਹਾਂ ਨੁਮਾਇੰਦਿਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਬੀਐੱਲਏ-2 ਦੀ ਨਿਯੁਕਤੀ ਦੇ ਕੰਮ ’ਚ ਤੇਜ਼ੀ ਲਿਆਉਣ ਕਿਉਂਕਿ ਐਸਆਈਆਰ ਦੌਰਾਨ ਬੀਐਲਏ-2 ਦੀ ਭੂਮਿਕਾ ਬਹੁਤ ਅਹਿਮ ਹੈ, ਇਸ ਲਈ ਸਮੁੱਚੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਇਹ ਨਿਯੁਕਤੀਆਂ ਜਲਦ ਤੋਂ ਜਲਦ ਕਰਨ। ਵੋਟਰ ਸੂਚੀਆਂ ਦਾ ਖਰੜਾ ਤਿੰਨ ਅਗਸਤ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਵੋਟਰ ਸੂਚੀਆਂ ਸਬੰਧੀ ਇਤਰਾਜ਼ ਤੇ ਦਾਅਵੇ ਪੇਸ਼ ਕਰਨ ਦਾ ਸਮਾਂ 3 ਅਗਸਤ ਤੋਂ 2 ਸਤੰਬਰ ਕਰ ਦਿੱਤਾ ਗਿਆ ਹੈ। ਨੋਟਿਸ ਫੇਜ਼/ਇਤਰਾਜ਼ ਅਤੇ ਦਾਅਵਿਆਂ ਦਾ ਨਿਪਟਾਰਾ 3 ਅਗਸਤ ਤੋਂ 28 ਸਤੰਬਰ ਤੱਕ ਕੀਤਾ ਜਾਵੇਗਾ। ਮੁੱਖ ਚੋਣ ਅਫ਼ਸਰ ਨੇ ਦੱਸਿਆ ਕਮਿਸ਼ਨ ਵੱਲੋਂ ਬਾਕੀ ਸਮਾਂ ਸਾਰਣੀ 14 ਮਈ ਵਾਲੀ ਹੀ ਰੱਖੀ ਗਈ ਹੈ।