Tuesday, 19 May 2026Admin Login
Punjab Politics

ਹਿਮਾਚਲ ਸਰਕਾਰ ਵੱਲੋਂ ਐਂਟਰੀ ਟੈਕਸ ਵਧਾਉਣ 'ਤੇ ਭੜਕੇ ਕਿਸਾਨ: ਪੰਜਾਬ ਨਾਲ ਜੋੜਨ ਵਾਲੇ ਸਾਰੇ ਮੁੱਖ ਮਾਰਗ ਸੀਲ, ਅਣਮਿਥੇ ਸਮੇਂ ਲਈ ਧਰਨਾ ਸ਼ੁਰੂ

ਇਸ ਦੌਰਾਨ ਸਰਹੱਦੀ ਇਲਾਕਿਆਂ ਦੇ ਟਰੱਕ ਆਪਰੇਟਰ ਟੈਕਸੀ ਯੂਨੀਅਨ ਅਤੇ ਆਮ ਲੋਕਾਂ ਨੇ ਧਰਨੇ ਦਾ ਸਮਰਥਨ ਕੀਤਾ। ਬੇਸ਼ੱਕ ਹਿਮਾਚਲ ਸਰਕਾਰ ਵੱਲੋਂ ਸਰਹੱਦੀ ਇਲਾਕੇ ਦੇ ਪੰਜ ਕਿਲੋਮੀਟਰ ਦਾਇਰੇ ਵਿੱਚ ਰਹਿੰਦੇ ਲੋਕਾਂ ਲਈ ਪਾਸ ਦੀ ਸੁਵਿਧਾ ਦਾ ਐਲਾਨ ਕੀਤਾ ਸੀ ਪਰ ਧਰਨਾਕਾਰੀ ਸਰਕਾਰ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੇ।

By Parmeet Singh Bidowali
Share:
ਹਿਮਾਚਲ ਸਰਕਾਰ ਵੱਲੋਂ ਐਂਟਰੀ ਟੈਕਸ ਵਧਾਉਣ 'ਤੇ ਭੜਕੇ ਕਿਸਾਨ: ਪੰਜਾਬ ਨਾਲ ਜੋੜਨ ਵਾਲੇ ਸਾਰੇ ਮੁੱਖ ਮਾਰਗ ਸੀਲ, ਅਣਮਿਥੇ ਸਮੇਂ ਲਈ ਧਰਨਾ ਸ਼ੁਰੂ

ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਇਕ ਅਪ੍ਰੈਲ ਤੋਂ ਵਧਾਏ ਗਏ ਐਂਟਰੀ ਟੈਕਸਾਂ ਦੇ ਵਿਰੋਧ ਵਿੱਚ ਅੱਜ ਸਵੇਰ ਤੋਂ ਹੀ ਕਿਸਾਨ ਜਥੇਬੰਦੀਆਂ ਸਮਾਜ ਸੇਵੀ ਅਤੇ ਵੱਖ-ਵੱਖ ਰਾਜਨੀਤਿਕ ਨੁਮਾਇੰਦਿਆਂ ਵੱਲੋਂ ਸਰਹੱਦੀ ਇਲਾਕਿਆਂ ਦੇ ਨਾਲ ਲੱਗਦੇ ਹਿਮਾਚਲ ਨੂੰ ਜਾਣ ਵਾਲੇ ਰਾਹ ਬੰਦ ਕਰ ਦਿੱਤੇ ਗਏ ਹਨ।


ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਸਰਹੱਦੀ ਇਲਾਕੇ ਗਰਾਂ ਮੋੜਾ ਅਲਟਰਾਟੈਕ ਫੈਕਟਰੀ ਨੂੰ ਜਾਂਦੇ ਰਾਹ ਬਘੇਰੀ, ਭਰਤਗੜ੍ਹ ਤੋਂ ਹਿਮਾਚਲ ਨੂੰ ਜੋੜਦਾ ਪੰਜੈਹਰਾ ਮਾਰਗ, ਭਰਤਗੜ੍ਹ ਤੋਂ ਨਾਲਾਗੜ੍ਹ ਨੂੰ ਜੋੜਦਾ ਦਬੋਟਾ ਟੈਕਸ ਬੈਰੀਅਰ ਤੇ ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀ ਆਗੂਆਂ ਵੱਲੋਂ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਗਿਆ ਹੈ।


ਗਰਾਂ ਮੋੜਾ ਟੋਲ ਪਲਾਜ਼ਾ ਤੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਹਰਪ੍ਰੀਤ ਸਿੰਘ, ਸੇਠੀ ਸਰਮਾ, ਅਮਿਤੋਜ ਮਾਨ, ਭਾਜਪਾ ਆਗੂ ਅਰਵਿੰਦ ਮਿੱਤਲ, ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਪਰਿਸ਼ਦ ਦੇ ਉਪ ਪ੍ਰਧਾਨ ਮਾਨ ਸਿੰਘ ਧਿਮਾਨ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀ ਆਗੂਆਂ ਨੇ ਸਵੇਰੇ 9 ਵਜੇ ਤੋਂ ਹਿਮਾਚਲ ਨੂੰ ਜਾਣ ਵਾਲਾ ਰਸਤਾ ਪੂਰਨ ਤੌਰ ਤੇ ਬੰਦ ਕਰ ਦਿੱਤਾ। ਇਸ ਦੌਰਾਨ ਗੌਰਵ ਰਾਣਾ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖ ਨੇ ਬਿਆਨ ਦਿੱਤਾ ਸੀ ਕਿ ਵਧਾਏ ਗਏ ਰੇਟ ਵਾਪਸ ਲਏ ਗਏ ਹਨ ਅਤੇ ਪਹਿਲਾਂ ਵਾਲੇ ਰੇਟਾ ਦੇ ਤਹਿਤ ਹੀ ਐਂਟਰੀ ਟੈਕਸ ਕੱਟੇ ਜਾਣਗੇ ਪਰ ਇਕ ਅਪ੍ਰੈਲ ਸਵੇਰੇ ਜਦੋਂ ਟੋਲ ਟੈਕਸ ਬੈਰੀਅਲ ਤੇ ਵਧੇ ਹੋਏ ਰੇਟਾਂ ਨਾਲ ਐਂਟਰੀ ਟੈਕਸ ਕੱਟੇ ਗਏ ਤਾਂ ਕਿਸਾਨ ਜਥੇਬੰਦੀਆਂ ਸਮੇਤ ਆਗੂਆਂ ਦਾ ਗੁੱਸਾ ਭੜਕ ਗਿਆ।


ਇਕੱਠੇ ਹੋਏ ਆਗੂਆਂ ਨੇ ਹਿਮਾਚਲ ਨੂੰ ਜਾਣ ਵਾਲੇ ਰਾਹ ਬੰਦ ਕਰਕੇ ਹਿਮਾਚਲ ਪ੍ਰਦੇਸ਼ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਦੌਰਾਨ ਸੜਕਾਂ ਤੇ ਭਾਰੀ ਜਾਮ ਲੱਗ ਗਿਆ, ਧਰਨਾਕਾਰੀਆਂ ਵੱਲੋਂ ਏਮਸ ਇਲਾਜ ਲਈ ਜਾਣ ਵਾਲੇ ਰਾਹਗੀਰਾਂ ਨੂੰ ਅਤੇ ਐਬੂਲੈਂਸਾਂ ਨੂੰ ਜਾਣ ਦਿੱਤਾ ਗਿਆ। ਧਰਨਾਕਾਰੀਆਂ ਵੱਲੋਂ ਦੱਸਿਆ ਗਿਆ ਕਿ ਹਿਮਾਚਲ ਪ੍ਰਦੇਸ਼ ਨੂੰ ਜਰੂਰੀ ਵਸਤਾਂ ਜਿਵੇਂ ਗੈਸ ਪੈਟਰੋਲ ਜਾ ਐਂਬੂਲੈਂਸਾਂ ਨੂੰ ਰਸਤਾ ਦਿੱਤਾ ਜਾ ਰਿਹਾ ਹੈ ਪਰ ਆਮ ਵਹੀਕਲਾਂ ਨੂੰ ਜਦੋਂ ਤੱਕ ਸਰਕਾਰ ਇਹ ਫੈਸਲਾ ਵਾਪਸ ਨਹੀਂ ਲੈਂਦੀ ਦਿਨ ਰਾਤ ਧਰਨਾ ਅਣਮਿਥੇ ਸਮੇਂ ਲਈ ਜਾਰੀ ਰਹੇਗਾ।

ਇਸ ਦੌਰਾਨ ਸਰਹੱਦੀ ਇਲਾਕਿਆਂ ਦੇ ਟਰੱਕ ਆਪਰੇਟਰ ਟੈਕਸੀ ਯੂਨੀਅਨ ਅਤੇ ਆਮ ਲੋਕਾਂ ਨੇ ਧਰਨੇ ਦਾ ਸਮਰਥਨ ਕੀਤਾ। ਬੇਸ਼ੱਕ ਹਿਮਾਚਲ ਸਰਕਾਰ ਵੱਲੋਂ ਸਰਹੱਦੀ ਇਲਾਕੇ ਦੇ ਪੰਜ ਕਿਲੋਮੀਟਰ ਦਾਇਰੇ ਵਿੱਚ ਰਹਿੰਦੇ ਲੋਕਾਂ ਲਈ ਪਾਸ ਦੀ ਸੁਵਿਧਾ ਦਾ ਐਲਾਨ ਕੀਤਾ ਸੀ ਪਰ ਧਰਨਾਕਾਰੀ ਸਰਕਾਰ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੇ।

ਇਸ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੇ ਤਹਿਸੀਲਦਾਰ ਮੌਕੇ ਤੇ ਪਹੁੰਚੇ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਅਮਿਤੋਜ ਮਾਨ, ਕਿਸਾਨ ਆਗੂ ਸੇਠੀ ਸ਼ਰਮਾ, ਹਰਪ੍ਰੀਤ ਸਿੰਘ ਭੱਟੋ, ਮਾਨ ਸਿੰਘ ਧਿਮਾਨ, ਭਾਜਪਾ ਆਗੂ ਅਰਵਿੰਦ ਮਿੱਤਲ, ਮਾਸਟਰ ਗੁਰਨੈਬ ਸਿੰਘ ਜੇਤੇਵਾਲ, ਰਕੇਸ਼ ਭਾਰਦਵਾਜ, ਗੁਰਚਰਨ ਸਿੰਘ ਸ਼ਾਦੀ, ਚੌਧਰੀ ਦੇਸ ਰਾਜ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਕਿਸਾਨ ਆਗੂ ਸ਼ਾਮਿਲ ਸਨ।