The Punjab Inside
Saturday, 3 October 2026Admin Login
Punjab

ਗੋਲਡੀ ਬਰਾੜ ’ਤੇ FBI ਨੇ ਇਨਾਮ ਵਧਾ ਕੇ ਕੀਤਾ 10 ਲੱਖ ਡਾਲਰ, Most Wanted ਸੂਚੀ ’ਚ ਸ਼ਾਮਲ

ਅਮਰੀਕਾ ਦੀ FBI ਨੇ ਭਾਰਤੀ ਮੂਲ ਦੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ’ਤੇ ਰੱਖਿਆ ਇਨਾਮ 1 ਲੱਖ ਤੋਂ ਵਧਾ ਕੇ 10 ਲੱਖ ਅਮਰੀਕੀ ਡਾਲਰ ਕਰ ਦਿੱਤਾ ਹੈ। FBI ਮੁਤਾਬਕ ਬਰਾੜ ਨੂੰ ਉੱਤਰੀ ਅਮਰੀਕਾ ਵਿੱਚ ਕਥਿਤ ਭਾੜੇ ਦੇ ਕਤਲ, ਲੁੱਟਾਂ ਅਤੇ ਫਿਰੌਤੀਆਂ ਨਾਲ ਜੋੜਿਆ ਗਿਆ ਹੈ। ਉਸ ’ਤੇ ਕੈਨੇਡਾ ਦੇ ਸਰੀ ਵਿੱਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਵੀ ਦੋਸ਼ ਹੈ।

ਗੋਲਡੀ ਬਰਾੜ ’ਤੇ FBI ਨੇ ਇਨਾਮ ਵਧਾ ਕੇ ਕੀਤਾ 10 ਲੱਖ ਡਾਲਰ, Most Wanted ਸੂਚੀ ’ਚ ਸ਼ਾਮਲ
Punjab Inside Team
Share:

 ਅਮਰੀਕਾ ਦੀ ਪ੍ਰਮੁੱਖ ਜਾਂਚ ਏਜੰਸੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਨੇ ਭਾਰਤੀ ਮੂਲ ਦੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ’ਤੇ ਰੱਖਿਆ ਇਨਾਮ ਵਧਾ ਕੇ 10 ਲੱਖ ਅਮਰੀਕੀ ਡਾਲਰ ਕਰ ਦਿੱਤਾ ਹੈ। ਪਹਿਲਾਂ ਇਹ ਇਨਾਮ 1 ਲੱਖ ਡਾਲਰ ਸੀ। FBI ਨੇ ਬਰਾੜ ਨੂੰ ਆਪਣੀ ‘10 Most Wanted’ ਸੂਚੀ ਵਿੱਚ ਵੀ ਸ਼ਾਮਲ ਕੀਤਾ ਹੈ।

ਉੱਤਰੀ ਅਮਰੀਕਾ ’ਚ ਅਪਰਾਧਾਂ ਦੇ ਦੋਸ਼

FBI ਦੇ ਸਹਾਇਕ ਨਿਰਦੇਸ਼ਕ ਪੈਟਰਿਕ ਗਰੈਂਡੀ ਨੇ ਲਾਸ ਏਂਜਲਸ ਸਥਿਤ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਗੋਲਡੀ ਬਰਾੜ ਨੂੰ ਉੱਤਰੀ ਅਮਰੀਕਾ ਵਿੱਚ ਕਥਿਤ ਭਾੜੇ ਦੇ ਕਤਲ, ਲੁੱਟਾਂ ਅਤੇ ਫਿਰੌਤੀਆਂ ਨਾਲ ਜੋੜਿਆ ਗਿਆ ਹੈ।

ਉਨ੍ਹਾਂ ਮੁਤਾਬਕ, ਗੋਲਡੀ ਬਰਾੜ ਭਾਰਤੀ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਹੈ ਅਤੇ ਅਮਰੀਕਾ ਤੇ ਕੈਨੇਡਾ ਵਿੱਚ ਉਸ ਦੀਆਂ ਗਤੀਵਿਧੀਆਂ FBI ਦੀਆਂ ਤਰਜੀਹਾਂ ਵਿੱਚ ਸ਼ਾਮਲ ਹੋ ਗਈਆਂ ਹਨ। FBI ਨੇ ਕਿਹਾ ਹੈ ਕਿ ਬਰਾੜ ਦੀ ਗ੍ਰਿਫ਼ਤਾਰੀ ਵਿੱਚ ਮਦਦ ਕਰਨ ਵਾਲੀ ਭਰੋਸੇਯੋਗ ਜਾਣਕਾਰੀ ਦੇਣ ਵਾਲੇ ਨੂੰ ਐਲਾਨਿਆ ਇਨਾਮ ਦਿੱਤਾ ਜਾਵੇਗਾ।

ਨਿੱਝਰ ਕਤਲ ਮਾਮਲੇ ਨਾਲ ਵੀ ਜੋੜਿਆ ਗਿਆ

ਗੋਲਡੀ ਬਰਾੜ ’ਤੇ ਜੂਨ 2023 ਵਿੱਚ ਕੈਨੇਡਾ ਦੇ ਸਰੀ ਸਥਿਤ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਵੀ ਹੈ। ਨਿੱਝਰ ਦੀ ਹੱਤਿਆ ਦੇ ਮਾਮਲੇ ਵਿੱਚ ਕੈਨੇਡਾ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਦੋਸ਼ ਆਇਦ ਕੀਤੇ ਗਏ ਹਨ ਅਤੇ ਮਾਮਲਾ ਅਦਾਲਤੀ ਪ੍ਰਕਿਰਿਆ ਅਧੀਨ ਹੈ।

ਕੈਲੀਫ਼ੋਰਨੀਆ ਜਾਂ ਕੈਨੇਡਾ ’ਚ ਹੋਣ ਦੀ ਸੂਚਨਾ

FBI ਅਧਿਕਾਰੀਆਂ ਮੁਤਾਬਕ ਗੋਲਡੀ ਬਰਾੜ ਦੇ ਅਮਰੀਕਾ ਦੇ ਕੈਲੀਫ਼ੋਰਨੀਆ ਸੂਬੇ ਵਿੱਚ ਕਿਸੇ ਥਾਂ ਜਾਂ ਕੈਨੇਡਾ ਵਿੱਚ ਕਿਸੇ ਗੁਪਤ ਟਿਕਾਣੇ ’ਤੇ ਹੋਣ ਦੀਆਂ ਸੂਚਨਾਵਾਂ ਮਿਲੀਆਂ ਹਨ। ਪੱਤਰਕਾਰ ਸੰਮੇਲਨ ਦੌਰਾਨ ਕੈਨੇਡਾ ਪੁਲਿਸ ਦੀ ਉਪ ਕਮਿਸ਼ਨਰ ਲੀਜ਼ਾ ਮੋਰਲੈਂਡ ਵੀ ਮੌਜੂਦ ਸੀ।

FBI ਅਧਿਕਾਰੀ ਨੇ ਦਾਅਵਾ ਕੀਤਾ ਕਿ ਭਾਰਤ ਦੀ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਵੱਲੋਂ ਕਥਿਤ ਤੌਰ ’ਤੇ ਗੋਲਡੀ ਬਰਾੜ ਨੂੰ ਅਪਰਾਧਾਂ ਸਬੰਧੀ ਹਦਾਇਤਾਂ ਭੇਜੀਆਂ ਜਾਂਦੀਆਂ ਹਨ। ਕੈਨੇਡਾ ਨੇ ਪਿਛਲੇ ਸਾਲ ਬਿਸ਼ਨੋਈ ਗੈਂਗ ਨੂੰ ਅਤਿਵਾਦੀ ਸੰਗਠਨ ਵਜੋਂ ਸੂਚੀਬੱਧ ਕੀਤਾ ਸੀ।

ਨਿੱਝਰ ਕਤਲ ਤੋਂ ਬਾਅਦ ਭਾਰਤ-ਕੈਨੇਡਾ ਸਬੰਧਾਂ ’ਚ ਆਈ ਸੀ ਖਟਾਸ

ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਤਣਾਅ ਵਧ ਗਿਆ ਸੀ। ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਤੰਬਰ 2023 ਵਿੱਚ ਸੰਸਦ ਵਿੱਚ ਕਿਹਾ ਸੀ ਕਿ ਕੈਨੇਡੀਅਨ ਜਾਂਚ ਏਜੰਸੀਆਂ ਭਾਰਤੀ ਸਰਕਾਰੀ ਏਜੰਟਾਂ ਅਤੇ ਨਿੱਝਰ ਦੀ ਹੱਤਿਆ ਵਿਚਕਾਰ ਸੰਭਾਵਿਤ ਸਬੰਧਾਂ ਦੇ ਦੋਸ਼ਾਂ ਦੀ ਜਾਂਚ ਕਰ ਰਹੀਆਂ ਹਨ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਸੀ।

ਇਸ ਮਾਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਕੂਟਨੀਤਕ ਸਬੰਧਾਂ ਵਿੱਚ ਤਣਾਅ ਵਧਿਆ ਅਤੇ ਦੋਵੇਂ ਪਾਸਿਆਂ ਵੱਲੋਂ ਕੂਟਨੀਤਕ ਅਧਿਕਾਰੀਆਂ ਖ਼ਿਲਾਫ਼ ਕਾਰਵਾਈਆਂ ਵੀ ਕੀਤੀਆਂ ਗਈਆਂ। ਬਾਅਦ ਵਿੱਚ ਦੋਹਾਂ ਦੇਸ਼ਾਂ ਨੇ ਸਬੰਧਾਂ ਨੂੰ ਸੁਧਾਰਨ ਲਈ ਕਦਮ ਚੁੱਕੇ ਅਤੇ ਵਪਾਰਕ ਤੇ ਕੂਟਨੀਤਕ ਸੰਪਰਕ ਮੁੜ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ।