ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ, 47.3 ਕਿਲੋ ਹੈਰੋਇਨ ਤੇ 3 ਪਿਸਤੌਲਾਂ ਸਮੇਤ ਫਿਰੋਜ਼ਪੁਰ ਦੇ 4 ਵਿਅਕਤੀ ਗ੍ਰਿਫ਼ਤਾਰ
ਫਰੀਦਕੋਟ ਜ਼ਿਲ੍ਹਾ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਨਾਲ ਜੁੜੇ ਇੱਕ ਨੈੱਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 47.3 ਕਿਲੋ ਹੈਰੋਇਨ, ਤਿੰਨ .30 ਬੋਰ ਪਿਸਤੌਲਾਂ, ਤਿੰਨ ਮੈਗਜ਼ੀਨ ਅਤੇ 15 ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਤਸਕਰੀ ਵਿੱਚ ਵਰਤੀਆਂ ਜਾ ਰਹੀਆਂ ਦੋ ਕਾਰਾਂ ਵੀ ਕਬਜ਼ੇ ਵਿੱਚ ਲਈਆਂ ਹਨ।

ਬਠਿੰਡਾ: ਫਰੀਦਕੋਟ ਜ਼ਿਲ੍ਹਾ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਨਾਲ ਜੁੜੇ ਇੱਕ ਨੈੱਟਵਰਕ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 47.3 ਕਿਲੋ ਹੈਰੋਇਨ ਅਤੇ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਮੁਤਾਬਕ ਪੁਲਿਸ ਨੇ ਮੁਲਜ਼ਮਾਂ ਕੋਲੋਂ ਤਿੰਨ .30 ਬੋਰ ਪਿਸਤੌਲ, ਤਿੰਨ ਮੈਗਜ਼ੀਨ ਅਤੇ 15 ਕਾਰਤੂਸ ਵੀ ਬਰਾਮਦ ਕੀਤੇ ਹਨ।
ਫਿਰੋਜ਼ਪੁਰ ਦੇ ਰਹਿਣ ਵਾਲੇ ਹਨ ਚਾਰੇ ਮੁਲਜ਼ਮ
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅੰਕੁਸ਼ ਵਾਸੀ ਘੁਬਾਇਆ, ਮੰਗਲ ਸਿੰਘ ਵਾਸੀ ਪੰਜੇ ਕੇ ਉੱਤਰ, ਸਚਿਨ ਉਰਫ਼ ਸੰਜੂ ਵਾਸੀ ਪਰਭਾਤ ਸਿੰਘ ਵਾਲਾ ਅਤੇ ਅਨਮੋਲ ਸਿੰਘ ਵਾਸੀ ਲਾਮੋਚੜ ਖੁਰਦ ਵਜੋਂ ਹੋਈ ਹੈ। ਚਾਰੇ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਦੱਸੇ ਗਏ ਹਨ।
ਪੁਲਿਸ ਨੇ ਮਾਮਲੇ ਵਿੱਚ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਤਹਿਤ ਸਾਦਿਕ ਥਾਣੇ ਵਿੱਚ ਕੇਸ ਦਰਜ ਕੀਤਾ ਹੈ।
ਦੋ ਕਾਰਾਂ ਵੀ ਪੁਲਿਸ ਨੇ ਕੀਤੀਆਂ ਕਬਜ਼ੇ ਵਿੱਚ
ਪੁਲਿਸ ਨੇ ਤਸਕਰੀ ਦੇ ਕੰਮ ਵਿੱਚ ਵਰਤੀਆਂ ਜਾ ਰਹੀਆਂ ਦੋ ਕਾਰਾਂ ਵੀ ਜ਼ਬਤ ਕੀਤੀਆਂ ਹਨ। ਇਨ੍ਹਾਂ ਵਿੱਚ ਹੌਂਡਾ ਸਿਟੀ ਅਤੇ ਹੁੰਡਈ ਔਰਾ ਸ਼ਾਮਲ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਮੁਲਜ਼ਮਾਂ ਦੇ ਸਬੰਧ ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਇੱਕ ਨੈੱਟਵਰਕ ਨਾਲ ਸਾਹਮਣੇ ਆਏ ਹਨ। ਪੁਲਿਸ ਹੁਣ ਇਸ ਕਥਿਤ ਨੈੱਟਵਰਕ ਦੀਆਂ ਅੱਗੇ ਅਤੇ ਪਿੱਛੇ ਵਾਲੀਆਂ ਕੜੀਆਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ।
ਬਾਬਾ ਫਰੀਦ ਆਗਮਨ ਪੁਰਬ ਮੌਕੇ ਵਿਸ਼ੇਸ਼ ਚੈਕਿੰਗ ਦੌਰਾਨ ਫੜੇ
ਫਰੀਦਕੋਟ ਦੇ ਐੱਸਐੱਸਪੀ ਗੁਰਬੰਸ ਸਿੰਘ ਬੈਂਸ ਮੁਤਾਬਕ ਬਾਬਾ ਫਰੀਦ ਆਗਮਨ ਪੁਰਬ ਨੂੰ ਲੈ ਕੇ ਫਰੀਦਕੋਟ ਸ਼ਹਿਰ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਸੀ।
ਇਸ ਦੌਰਾਨ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (CIA) ਦੀ ਟੀਮ ਨੇ ਇੱਕ ਹੌਂਡਾ ਸਿਟੀ ਕਾਰ ਨੂੰ ਰੋਕ ਕੇ ਜਾਂਚ ਕੀਤੀ। ਕਾਰ ਵਿੱਚ ਸਵਾਰ ਚਾਰ ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਅਤੇ ਤਲਾਸ਼ੀ ਦੌਰਾਨ ਕਥਿਤ ਤੌਰ ’ਤੇ ਹੈਰੋਇਨ ਦੀ ਖੇਪ, ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਹੋਇਆ।
ਪੁਲਿਸ ਵੱਲੋਂ ਮਾਮਲੇ ਦੀ ਅਗਲੇ ਪੱਧਰ ’ਤੇ ਜਾਂਚ ਜਾਰੀ ਹੈ ਅਤੇ ਕਥਿਤ ਤਸਕਰੀ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਇਸ ਦੀਆਂ ਕੜੀਆਂ ਦਾ ਪਤਾ ਲਗਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।
