The Punjab Inside
Saturday, 3 October 2026Admin Login
Punjab

ਗੁਲਾਬ ਸਿੱਧੂ ਦੇ ਘਰ ਫਾਇਰਿੰਗ ਮਾਮਲੇ ’ਚ ਪੁਲਿਸ ਦਾ ਐਨਕਾਊਂਟਰ, ਇੱਕ ਮੁਲਜ਼ਮ ਦੀ ਲੱਤ ’ਚ ਗੋਲੀ

ਬਰਨਾਲਾ ਪੁਲਿਸ ਨੇ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਜੱਦੀ ਘਰ ’ਤੇ ਫਾਇਰਿੰਗ ਦੇ ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ 22 ਸਤੰਬਰ ਨੂੰ ਦੋ ਮੁਲਜ਼ਮਾਂ ਨੇ ਨਾਕਾਬੰਦੀ ਦੌਰਾਨ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਇੱਕ ਦੀ ਸੱਜੀ ਲੱਤ ’ਚ ਗੋਲੀ ਲੱਗੀ, ਜਦਕਿ ਦੂਜਾ ਡਿੱਗ ਕੇ ਜ਼ਖਮੀ ਹੋ ਗਿਆ।

ਗੁਲਾਬ ਸਿੱਧੂ ਦੇ ਘਰ ਫਾਇਰਿੰਗ ਮਾਮਲੇ ’ਚ ਪੁਲਿਸ ਦਾ ਐਨਕਾਊਂਟਰ, ਇੱਕ ਮੁਲਜ਼ਮ ਦੀ ਲੱਤ ’ਚ ਗੋਲੀ
Punjab Inside Team
Share:

ਬਰਨਾਲਾ ਪੁਲਿਸ ਮੁਤਾਬਕ 12-13 ਸਤੰਬਰ 2026 ਦੀ ਦਰਮਿਆਨੀ ਰਾਤ ਕਰੀਬ 1:30 ਤੋਂ 2 ਵਜੇ ਦੇ ਵਿਚਕਾਰ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਜੱਦੀ ਘਰ ਦੇ ਮੁੱਖ ਗੇਟ ’ਤੇ ਗੋਲੀਆਂ ਚਲਾਈਆਂ ਸਨ। ਘਟਨਾ ਸਮੇਂ ਗਾਇਕ ਘਰ ਵਿੱਚ ਮੌਜੂਦ ਨਹੀਂ ਸਨ।

ਪੁਲਿਸ ਅਨੁਸਾਰ ਇਸ ਘਟਨਾ ਦੀ ਜ਼ਿੰਮੇਵਾਰੀ ਵਿਦੇਸ਼ਾਂ ਵਿੱਚ ਬੈਠੇ ਅਪਰਾਧੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਲਈ ਗਈ ਸੀ। ਇਸ ਸਬੰਧੀ ਥਾਣਾ ਬਰਨਾਲਾ ਵਿੱਚ ਕੇਸ ਨੰਬਰ 182 ਦਰਜ ਕੀਤਾ ਗਿਆ ਸੀ।

4 ਮੁਲਜ਼ਮ ਗ੍ਰਿਫ਼ਤਾਰ

ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਅਤੇ ਐੱਸਐੱਸਪੀ ਬਰਨਾਲਾ ਦੇ ਨਿਰਦੇਸ਼ਾਂ ਹੇਠ ਤਕਨੀਕੀ ਅਤੇ ਵਿਗਿਆਨਕ ਜਾਂਚ ਤੋਂ ਬਾਅਦ ਪੁਲਿਸ ਨੇ 21 ਸਤੰਬਰ ਨੂੰ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ।

ਪੁਲਿਸ ਮੁਤਾਬਕ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਸ਼ਕਤੀਮਾਨ ਵਾਸੀ ਗਾਗਾ, ਗੁਰਪ੍ਰੀਤ ਸਿੰਘ ਉਰਫ਼ ਬਾਨਾ ਵਾਸੀ ਲਹਿਰਾਗਾਗਾ, ਰਮਨਪ੍ਰੀਤ ਸਿੰਘ ਵਾਸੀ ਰਾਮਗੜ੍ਹ ਸੰਧੂਆਂ ਅਤੇ ਗੌਰਵ ਸ਼ਰਮਾ ਉਰਫ਼ ਕ੍ਰਿਸ਼ਨ ਕੁਮਾਰ ਵਾਸੀ ਲਹਿਰਾ, ਸੰਗਰੂਰ ਵਜੋਂ ਹੋਈ ਹੈ।

ਪੁਲਿਸ ਨੇ ਰੋਕਿਆ ਤਾਂ ਭੱਜਣ ਦੀ ਕੋਸ਼ਿਸ਼

ਪੁਲਿਸ ਅਨੁਸਾਰ 22 ਸਤੰਬਰ ਨੂੰ ਮਾਨਸਾ ਵੱਲੋਂ ਆ ਰਹੇ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ। ਇਸ ਦੌਰਾਨ ਸਵਾਰਾਂ ਨੇ ਕਥਿਤ ਤੌਰ ’ਤੇ ਭੱਜਣ ਦੀ ਕੋਸ਼ਿਸ਼ ਕੀਤੀ।

ਪੁਲਿਸ ਦੇ ਮੁਤਾਬਕ ਜਵਾਬੀ ਕਾਰਵਾਈ ਦੌਰਾਨ ਗੁਰਵਿੰਦਰ ਸਿੰਘ ਦੀ ਸੱਜੀ ਲੱਤ ’ਚ ਗੋਲੀ ਲੱਗੀ, ਜਦਕਿ ਦੂਜਾ ਮੁਲਜ਼ਮ ਗੁਰਪਿਆਰ ਸਿੰਘ ਮੋਟਰਸਾਈਕਲ ਤੋਂ ਡਿੱਗ ਕੇ ਜ਼ਖਮੀ ਹੋ ਗਿਆ। ਦੋਵਾਂ ਨੂੰ ਹਿਰਾਸਤ ਵਿੱਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।

ਹਥਿਆਰ ਅਤੇ ਵਾਹਨ ਬਰਾਮਦ

ਪੁਲਿਸ ਨੇ ਕਾਰਵਾਈ ਦੌਰਾਨ 3 ਪਿਸਤੌਲ, ਮੈਗਜ਼ੀਨਾਂ, 10 ਜ਼ਿੰਦਾ ਅਤੇ 5 ਖਾਲੀ ਕਾਰਤੂਸ ਬਰਾਮਦ ਕਰਨ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਇੱਕ ਅਰਟੀਗਾ ਕਾਰ ਅਤੇ ਬਿਨਾਂ ਨੰਬਰ ਪਲੇਟਾਂ ਵਾਲੇ 2 ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ।

ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜ਼ਮਾਂ ਦੇ ਵਿਦੇਸ਼ਾਂ ਵਿੱਚ ਬੈਠੇ ਅਪਰਾਧੀਆਂ ਨਾਲ ਕਥਿਤ ਸਬੰਧ ਹਨ ਅਤੇ ਉਹ ਕਿਸੇ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਨੇ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਮੁਤਾਬਕ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

CCTV ਫੁਟੇਜ ’ਚ ਨਜ਼ਰ ਆਏ ਸਨ ਤਿੰਨ ਨੌਜਵਾਨ

ਮੁੱਢਲੀ ਜਾਣਕਾਰੀ ਮੁਤਾਬਕ ਹਮਲਾਵਰ ਮੋਟਰਸਾਈਕਲ ’ਤੇ ਗੁਲਾਬ ਸਿੱਧੂ ਦੇ ਘਰ ਦੇ ਬਾਹਰ ਪਹੁੰਚੇ ਸਨ। ਫੁਟੇਜ ਵਿੱਚ ਤਿੰਨ ਨੌਜਵਾਨ ਮੋਟਰਸਾਈਕਲ ’ਤੇ ਘਰ ਸਾਹਮਣੇ ਆਉਂਦੇ ਦਿਖਾਈ ਦਿੱਤੇ ਸਨ। ਪੁਲਿਸ ਹੁਣ ਇਸ ਮਾਮਲੇ ਵਿੱਚ ਹਮਲੇ ਦੇ ਮਕਸਦ ਅਤੇ ਹੋਰ ਕਥਿਤ ਸਾਥੀਆਂ ਬਾਰੇ ਜਾਂਚ ਕਰ ਰਹੀ ਹੈ।

ਫਿਲਹਾਲ ਗੁਲਾਬ ਸਿੱਧੂ ਵੱਲੋਂ ਇਸ ਘਟਨਾ ’ਤੇ ਕੋਈ ਸਿੱਧੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

ਗੁਲਾਬ ਸਿੱਧੂ ਦਾ ਵਰਕਫਰੰਟ

ਗੁਲਾਬ ਸਿੱਧੂ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੇ ਗੀਤਾਂ ਅਤੇ ਲਾਈਵ ਸ਼ੋਅਜ਼ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਪੰਜਾਬੀ ਸਿਨੇਮਾ ਵਿੱਚ ਵੀ ਕਦਮ ਰੱਖਿਆ ਅਤੇ ਫਿਲਮ ‘ਜੁਦਾ’ ਰਾਹੀਂ ਅਦਾਕਾਰੀ ਦੀ ਸ਼ੁਰੂਆਤ ਕੀਤੀ। ਫਿਲਮ ਨੂੰ ਦਰਸ਼ਕਾਂ ਵੱਲੋਂ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ।