ਹਰਿਆਣਾ ਦੇ 18 ਡਰਾਈ ਪੋਰਟਾਂ ’ਤੇ ਸਵੀਡਨ ਨਾਲ ਕੰਮ ਕਰਨਗੇ CM ਸੈਣੀ, ਨਿਵੇਸ਼ ਨੂੰ ਮਿਲੇਗਾ ਹੁਲਾਰਾ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਵੀਡਨ ਦੇ ਮੰਤਰੀ ਬੈਂਜਾਮਿਨ ਦੌਸਾ ਨਾਲ ਮੁਲਾਕਾਤ ਕਰਕੇ ਵਪਾਰ, ਨਿਵੇਸ਼, ਸਿੱਖਿਆ ਅਤੇ ਊਰਜਾ ਖੇਤਰਾਂ ਵਿੱਚ ਸਹਿਯੋਗ ਵਧਾਉਣ ’ਤੇ ਚਰਚਾ ਕੀਤੀ। ਹਰਿਆਣਾ ਦੇ 18 ਡਰਾਈ ਪੋਰਟਾਂ ’ਤੇ ਮਿਲ ਕੇ ਕੰਮ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਅਤੇ ਸਵੀਡਿਸ਼ ਨਿਵੇਸ਼ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ ਗਿਆ।

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਵੀਡਨ ਸਰਕਾਰ ਦੇ ਅੰਤਰਰਾਸ਼ਟਰੀ ਵਿਕਾਸ ਸਹਿਯੋਗ ਅਤੇ ਵਿਦੇਸ਼ ਵਪਾਰ ਮੰਤਰੀ ਬੈਂਜਾਮਿਨ ਦੌਸਾ ਨਾਲ ਅਹਿਮ ਮੁਲਾਕਾਤ ਕੀਤੀ। ਇਸ ਦੌਰਾਨ ਭਾਰਤ-ਸਵੀਡਨ ਦੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਹਰਿਆਣਾ ਵਿੱਚ ਨਿਵੇਸ਼ ਤੇ ਸਹਿਯੋਗ ਦੀਆਂ ਨਵੀਆਂ ਸੰਭਾਵਨਾਵਾਂ ਤਲਾਸ਼ਣ ਬਾਰੇ ਵਿਚਾਰ-ਵਟਾਂਦਰਾ ਹੋਇਆ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਵਣਜ ਮੰਤਰੀ ਪੀਯੂਸ਼ ਗੋਇਲ ਵੱਲੋਂ ਸਵੀਡਨ ਨਾਲ ਕੀਤੀਆਂ ਗਈਆਂ ਮੁਲਾਕਾਤਾਂ ਅਤੇ ਪਹਿਲਕਦਮੀਆਂ ਨੂੰ ਅੱਗੇ ਵਧਾਉਣਾ ਸਰਕਾਰ ਦੀ ਮੁੱਖ ਤਰਜੀਹ ਹੈ।
ਹਰਿਆਣਾ ਦੇ 18 ਡਰਾਈ ਪੋਰਟਾਂ ’ਤੇ ਸਵੀਡਨ ਨਾਲ ਮਿਲ ਕੇ ਕੰਮ ਕਰਨ ਦੀ ਯੋਜਨਾ
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਅਤੇ ਸਵੀਡਨ ਨੇ ਮਈ 2025 ਵਿੱਚ ਆਪਣੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦਾ ਦਰਜਾ ਦਿੱਤਾ ਸੀ। ਦੋਵਾਂ ਦੇਸ਼ਾਂ ਨੇ ਅਗਲੇ ਪੰਜ ਸਾਲਾਂ ਵਿੱਚ ਆਪਸੀ ਵਪਾਰ ਅਤੇ ਨਿਵੇਸ਼ ਨੂੰ ਦੁੱਗਣਾ ਕਰਨ ਦਾ ਟੀਚਾ ਰੱਖਿਆ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਭਾਰਤ ਵਿੱਚ ਕਈ ਸਵੀਡਿਸ਼ ਕੰਪਨੀਆਂ ਕੰਮ ਕਰ ਰਹੀਆਂ ਹਨ। ਸਿੱਖਿਆ, ਹੁਨਰ ਵਿਕਾਸ ਅਤੇ ਊਰਜਾ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀਆਂ ਕਾਫ਼ੀ ਸੰਭਾਵਨਾਵਾਂ ਹਨ।
ਉਨ੍ਹਾਂ ਨੇ ਹਰਿਆਣਾ ਵਿੱਚ ਮੌਜੂਦ 18 ਡਰਾਈ ਪੋਰਟਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਵਿਕਾਸ ਅਤੇ ਬਿਹਤਰ ਵਰਤੋਂ ਲਈ ਸਵੀਡਨ ਨਾਲ ਮਿਲ ਕੇ ਕੰਮ ਕਰਨ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ।
ਹੈਪਨਿੰਗ ਹਰਿਆਣਾ ਸਮਿਟ 2027 ਲਈ ਸੱਦਾ
ਸਵੀਡਿਸ਼ ਮੰਤਰੀ ਬੈਂਜਾਮਿਨ ਦੌਸਾ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਹਰਿਆਣਾ ਨਾਲ ਭਵਿੱਖ ਦੀਆਂ ਯੋਜਨਾਵਾਂ ਵਿੱਚ ਸਹਿਯੋਗ ਦੇਣ ਲਈ ਸਹਿਮਤੀ ਪ੍ਰਗਟਾਈ। ਇਸ ਮੌਕੇ ਸੈਣੀ ਨੇ ਉਨ੍ਹਾਂ ਨੂੰ ਹੈਪਨਿੰਗ ਹਰਿਆਣਾ ਗਲੋਬਲ ਇਨਵੈਸਟਰ ਸਮਿਟ 2027 ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਮੁੱਖ ਮੰਤਰੀ ਨੇ ਸਵੀਡਨ ਵਿੱਚ ਕਰਵਾਏ ਗਏ ਇੰਡੀਆ-ਸਵੀਡਨ ਇਨੋਵੇਸ਼ਨ ਡੇਅ 2026 ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਇਹ ਸਮਾਗਮ ਨਵੀਨਤਾ, ਤਕਨਾਲੋਜੀ ਅਤੇ ਭਵਿੱਖ ਦੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨ ਲਈ ਦੋਵਾਂ ਦੇਸ਼ਾਂ ਦੇ ਸਾਂਝੇ ਸੰਕਲਪ ਨੂੰ ਅੱਗੇ ਵਧਾਉਣ ਦਾ ਮੌਕਾ ਹੈ।
ਇਸ ਮੌਕੇ ਸ਼ਹਿਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਵਿਪੁਲ ਗੋਇਲ ਅਤੇ ਭਾਰਤੀ ਰਾਜਦੂਤ ਅਨੁਰਾਗ ਭੂਸ਼ਣ ਵੀ ਮੌਜੂਦ ਸਨ।
ਭਾਰਤ-ਸਵੀਡਨ ਵਪਾਰ 7.75 ਅਰਬ ਡਾਲਰ ਤੱਕ ਪਹੁੰਚਿਆ
ਮੁੱਖ ਮੰਤਰੀ ਨੇ ਦੱਸਿਆ ਕਿ ਭਾਰਤ ਅਤੇ ਸਵੀਡਨ ਵਿਚਕਾਰ ਵਪਾਰ ਸਾਲ 2016 ਦੇ 2.86 ਅਰਬ ਅਮਰੀਕੀ ਡਾਲਰ ਤੋਂ ਵਧ ਕੇ ਸਾਲ 2025 ਵਿੱਚ 7.75 ਅਰਬ ਡਾਲਰ ਤੱਕ ਪਹੁੰਚ ਗਿਆ ਹੈ।
ਉਨ੍ਹਾਂ ਨੇ ਗੁਰੂਗ੍ਰਾਮ ਵਿੱਚ ਸਵੀਡਿਸ਼ ਕੰਪਨੀ ਆਈਕੀਆ ਦੀ 3,500 ਕਰੋੜ ਰੁਪਏ ਦੀ ਏਕੀਕ੍ਰਿਤ ਯੋਜਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਹਰਿਆਣਾ ਵਿੱਚ ਵਿਦੇਸ਼ੀ ਨਿਵੇਸ਼ਕਾਂ ਦੇ ਭਰੋਸੇ ਨੂੰ ਦਰਸਾਉਂਦੀ ਹੈ।
ਮੇਕ ਇਨ ਇੰਡੀਆ ਅਤੇ ਮੇਡ ਵਿਦ ਸਵੀਡਨ ਨੂੰ ਮਿਲੇਗਾ ਹੁਲਾਰਾ
ਨਾਇਬ ਸਿੰਘ ਸੈਣੀ ਨੇ ਹਰਿਆਣਾ ਵਿੱਚ ਸਵੀਡਿਸ਼ ਕੰਪਨੀਆਂ ਦੀ ਮੌਜੂਦਗੀ ਅਤੇ ਉਦਯੋਗਿਕ ਸਹਿਯੋਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਝੱਜਰ ਦੀ ਐੱਮਈਟੀ ਸਿਟੀ ਵਿੱਚ ਸਵੀਡਿਸ਼ ਕੰਪਨੀ ਕਾਰਲ ਗੁਸਤਾਫ ਆਪਣਾ ਨਿਰਮਾਣ ਪਲਾਂਟ ਸਥਾਪਤ ਕਰ ਰਹੀ ਹੈ।
ਇਸੇ ਤਰ੍ਹਾਂ ਫਰੀਦਾਬਾਦ ਵਿੱਚ ਸਵੀਡਿਸ਼-ਸਵਿਸ ਸਮੂਹ ਏਬੀਬੀ ਦੀ ਨਿਰਮਾਣ ਇਕਾਈ 1951 ਤੋਂ ਕੰਮ ਕਰ ਰਹੀ ਹੈ ਅਤੇ ਆਧੁਨਿਕ ਇਲੈਕਟ੍ਰਿਕ ਮੋਟਰਾਂ ਦੇ ਉਤਪਾਦਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਵੀਡਿਸ਼ ਸਿੱਖਿਆ ਸੰਸਥਾ ਕੁਨਸਕਾਪਸਕੋਲਨ ਦਾ ਪਹਿਲਾ ਭਾਰਤੀ ਸਕੂਲ ਵੀ 2013 ਵਿੱਚ ਗੁਰੂਗ੍ਰਾਮ ਵਿੱਚ ਖੋਲ੍ਹਿਆ ਗਿਆ ਸੀ। ਮੁੱਖ ਮੰਤਰੀ ਅਨੁਸਾਰ ਇਹ ਸਾਰੇ ਪ੍ਰਾਜੈਕਟ ‘ਮੇਕ ਇਨ ਇੰਡੀਆ’ ਅਤੇ ‘ਮੇਡ ਵਿਦ ਸਵੀਡਨ’ ਦੇ ਸਾਂਝੇ ਯਤਨਾਂ ਦੀਆਂ ਉਦਾਹਰਨਾਂ ਹਨ।
ਅੰਤਰਰਾਸ਼ਟਰੀ ਗੀਤਾ ਮਹੋਤਸਵ ਲਈ ਵੀ ਦਿੱਤਾ ਸੱਦਾ
ਮੁੱਖ ਮੰਤਰੀ ਨੇ ਸਵੀਡਿਸ਼ ਮੰਤਰੀ ਅਤੇ ਹੋਰ ਪ੍ਰਤੀਨਿਧੀਆਂ ਨੂੰ ਹਰਿਆਣਾ ਵਿੱਚ ਹੋਣ ਵਾਲੇ ਹੈਪਨਿੰਗ ਹਰਿਆਣਾ ਗਲੋਬਲ ਇਨਵੈਸਟਰ ਸਮਿਟ 2027 ਵਿੱਚ ਸ਼ਾਮਲ ਹੋਣ ਦੇ ਨਾਲ-ਨਾਲ ਕੁਰੂਕਸ਼ੇਤਰ ਵਿੱਚ ਕਰਵਾਏ ਜਾਣ ਵਾਲੇ ਅੰਤਰਰਾਸ਼ਟਰੀ ਗੀਤਾ ਮਹੋਤਸਵ ਵਿੱਚ ਪਹੁੰਚਣ ਦਾ ਵੀ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਹਰਿਆਣਾ ਉਦਯੋਗਿਕ ਨਿਵੇਸ਼, ਨਵੀਨਤਾ, ਸਿੱਖਿਆ ਅਤੇ ਹੁਨਰ ਵਿਕਾਸ ਦੇ ਖੇਤਰਾਂ ਵਿੱਚ ਸਵੀਡਨ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ।

