The Punjab Inside
Friday, 20 November 2026Admin Login
Punjab

ਅਮਰੀਕਾ ’ਚ ਪੰਜਾਬੀ ਮੂਲ ਦੀ ਔਰਤ ਦਾ ਕਤਲ, ਪਤੀ ਗੁਰਿੰਦਰ ਗਿੱਲ ਗ੍ਰਿਫ਼ਤਾਰ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਪੰਜਾਬੀ ਮੂਲ ਦੀ ਜੈਸਮੀਨ ਔਜਲਾ ਗਿੱਲ ਦੇ ਕਤਲ ਦੇ ਮਾਮਲੇ ਵਿੱਚ ਉਸ ਦੇ ਪਤੀ ਗੁਰਿੰਦਰ ਗਿੱਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੈਸਮੀਨ 30 ਸਤੰਬਰ ਤੋਂ ਲਾਪਤਾ ਸੀ ਅਤੇ ਉਸ ਦੀ ਸੜੀ ਹੋਈ ਦੇਹ 1 ਅਕਤੂਬਰ ਨੂੰ ਐਲ ਡੋਰਾਡੋ ਕਾਊਂਟੀ ਤੋਂ ਮਿਲੀ ਸੀ। ਪੁਲੀਸ ਜਾਂਚ ਵਿੱਚ ICE ਵੱਲੋਂ ਹਿਰਾਸਤ ਵਿੱਚ ਲਏ ਜਾਣ ਬਾਰੇ ਪਤੀ ਦੇ ਦਾਅਵੇ ਦੀ ਪੁਸ਼ਟੀ ਨਹੀਂ ਹੋਈ। ਜੋੜੇ ਵਿਚਕਾਰ ਤਲਾਕ ਅਤੇ ਬੱਚੇ ਦੀ ਕਸਟਡੀ ਨੂੰ ਲੈ ਕੇ ਵਿਵਾਦ ਵੀ ਚੱਲ ਰਿਹਾ ਸੀ।

ਅਮਰੀਕਾ ’ਚ ਪੰਜਾਬੀ ਮੂਲ ਦੀ ਔਰਤ ਦਾ ਕਤਲ, ਪਤੀ ਗੁਰਿੰਦਰ ਗਿੱਲ ਗ੍ਰਿਫ਼ਤਾਰ
Punjab Inside Team
Share:

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੈਕਰਾਮੈਂਟੋ ਵਿੱਚ ਪੰਜਾਬੀ ਮੂਲ ਦੀ ਔਰਤ ਜੈਸਮੀਨ ਔਜਲਾ ਗਿੱਲ ਦੇ ਕਤਲ ਦੇ ਮਾਮਲੇ ਵਿੱਚ ਪੁਲੀਸ ਨੇ ਉਸ ਦੇ ਪਤੀ ਗੁਰਿੰਦਰ ਗਿੱਲ ਨੂੰ ਗ੍ਰਿਫ਼ਤਾਰ ਕੀਤਾ ਹੈ। ਜੈਸਮੀਨ 30 ਸਤੰਬਰ ਤੋਂ ਲਾਪਤਾ ਸੀ। ਸੈਕਰਾਮੈਂਟੋ ਕਾਊਂਟੀ ਸ਼ੈਰਿਫ਼ ਦਫ਼ਤਰ ਦੀ ਜਾਂਚ ਦੌਰਾਨ ਸਾਹਮਣੇ ਆਏ ਸਬੂਤਾਂ ਦੇ ਆਧਾਰ ’ਤੇ 14 ਅਕਤੂਬਰ ਨੂੰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਸੜੀ ਹੋਈ ਦੇਹ ਦੀ ਪਛਾਣ ਜੈਸਮੀਨ ਗਿੱਲ ਵਜੋਂ ਹੋਈ

ਜਾਣਕਾਰੀ ਅਨੁਸਾਰ, ਜੈਸਮੀਨ ਦੇ ਚਚੇਰੇ ਭਰਾ ਨੇ 4 ਅਕਤੂਬਰ ਨੂੰ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਇਸ ਤੋਂ ਪਹਿਲਾਂ 1 ਅਕਤੂਬਰ ਨੂੰ ਐਲ ਡੋਰਾਡੋ ਕਾਊਂਟੀ ਦੇ ਇਲਾਕੇ ਵਿੱਚੋਂ ਇੱਕ ਔਰਤ ਦੀ ਸੜੀ ਹੋਈ ਦੇਹ ਬਰਾਮਦ ਹੋਈ ਸੀ। ਜਾਂਚ ਅਤੇ ਫੋਰੈਂਸਿਕ ਪੜਤਾਲ ਤੋਂ ਬਾਅਦ ਦੇਹ ਦੀ ਪਛਾਣ ਜੈਸਮੀਨ ਔਜਲਾ ਗਿੱਲ ਵਜੋਂ ਕੀਤੀ ਗਈ।

ਪਤਨੀ ਨੂੰ ICE ਵੱਲੋਂ ਹਿਰਾਸਤ ’ਚ ਲਏ ਜਾਣ ਦਾ ਕੀਤਾ ਸੀ ਦਾਅਵਾ

ਪੁਲੀਸ ਜਾਂਚ ਮੁਤਾਬਕ, ਮੁੱਢਲੀ ਪੁੱਛਗਿੱਛ ਦੌਰਾਨ ਗੁਰਿੰਦਰ ਗਿੱਲ ਨੇ ਦਾਅਵਾ ਕੀਤਾ ਸੀ ਕਿ ਉਸ ਦੀ ਪਤਨੀ ਘਰ ਦੇ ਬਾਹਰ ਡਾਕ ਚੈੱਕ ਕਰ ਰਹੀ ਸੀ, ਜਦੋਂ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ICE) ਦੇ ਏਜੰਟ ਉਸ ਨੂੰ ਹਿਰਾਸਤ ਵਿੱਚ ਲੈ ਗਏ।

ਹਾਲਾਂਕਿ, ਜਦੋਂ ਜਾਂਚਕਰਤਾਵਾਂ ਨੇ ICE ਵਿਭਾਗ ਨਾਲ ਸੰਪਰਕ ਕੀਤਾ ਤਾਂ ਵਿਭਾਗ ਨੇ ਸਪੱਸ਼ਟ ਕੀਤਾ ਕਿ ਉਕਤ ਪਤੇ ’ਤੇ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਇਸ ਤੋਂ ਬਾਅਦ ਜਾਂਚਕਰਤਾਵਾਂ ਨੂੰ ਗੁਰਿੰਦਰ ਦੇ ਬਿਆਨਾਂ ਵਿੱਚ ਕਈ ਵਿਰੋਧਾਭਾਸ ਮਿਲੇ।

ਤਲਾਕ ਅਤੇ ਬੱਚੇ ਦੀ ਕਸਟਡੀ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ

ਜਾਂਚ ਦੌਰਾਨ ਪੁਲੀਸ ਨੂੰ ਇਹ ਵੀ ਪਤਾ ਲੱਗਾ ਕਿ ਜੈਸਮੀਨ ਅਤੇ ਗੁਰਿੰਦਰ ਵਿਚਕਾਰ ਤਲਾਕ ਅਤੇ ਬੱਚੇ ਦੀ ਕਸਟਡੀ ਨੂੰ ਲੈ ਕੇ ਕਾਨੂੰਨੀ ਵਿਵਾਦ ਚੱਲ ਰਿਹਾ ਸੀ। ਜਾਂਚਕਰਤਾਵਾਂ ਵੱਲੋਂ ਇਕੱਠੇ ਕੀਤੇ ਸਬੂਤਾਂ ਦੇ ਆਧਾਰ ’ਤੇ ਹੋਮੀਸਾਈਡ ਜਾਂਚ ਅਧਿਕਾਰੀਆਂ ਨੇ ਗੁਰਿੰਦਰ ਗਿੱਲ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤੇ।

14 ਅਕਤੂਬਰ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਨੇ ਮੁਲਜ਼ਮ ਨਾਲ ਸਬੰਧਤ ਦੋ ਰਿਹਾਇਸ਼ਾਂ ’ਤੇ ਤਲਾਸ਼ੀ ਵਾਰੰਟ ਵੀ ਲਾਗੂ ਕੀਤੇ ਹਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਪੁਲੀਸ ਵੱਲੋਂ ਇਕੱਠੇ ਕੀਤੇ ਜਾ ਰਹੇ ਸਬੂਤਾਂ ਅਤੇ ਜਾਂਚ ਦੇ ਅਗਲੇ ਪੜਾਅ ਤੋਂ ਮਾਮਲੇ ਸਬੰਧੀ ਹੋਰ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ।