ਨਸ਼ਾ ਵੇਚਣ ਤੋਂ ਰੋਕਣ ’ਤੇ ਗੁਰਸਿੱਖ ਨੌਜਵਾਨ ਨੂੰ ਬੰਦੀ ਬਣਾ ਕੇ ਕੁੱਟਮਾਰ, ਛੁਡਾਉਣ ਗਏ ਸਰਪੰਚ ’ਤੇ ਵੀ ਇੱਟਾਂ-ਰੋੜਿਆਂ ਨਾਲ ਹਮਲਾ
ਪਿੰਡ ਝਾੜੋਂ ਵਿੱਚ ਨਸ਼ਾ ਵੇਚਣ ਤੋਂ ਰੋਕਣ ’ਤੇ ਇੱਕ ਗੁਰਸਿੱਖ ਨੌਜਵਾਨ ਨੂੰ ਕਥਿਤ ਤੌਰ ’ਤੇ ਬੰਦੀ ਬਣਾ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੂੰ ਛੁਡਾਉਣ ਪਹੁੰਚੇ ਪਿੰਡ ਦੇ ਸਰਪੰਚ ’ਤੇ ਵੀ ਇੱਟਾਂ-ਰੋੜਿਆਂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਪੁਲੀਸ ਨੇ ਨੌਜਵਾਨ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟਾਂ ਦੇ ਆਧਾਰ ’ਤੇ ਸੱਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪਿੰਡ ਝਾੜੋਂ ਵਿੱਚ ਨਸ਼ਿਆਂ ਦੀ ਵਿਕਰੀ ਨੂੰ ਲੈ ਕੇ ਵਿਰੋਧ ਕਰਨ ਵਾਲੇ ਇੱਕ ਗੁਰਸਿੱਖ ਨੌਜਵਾਨ ਨਾਲ ਕਥਿਤ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਕੁਝ ਵਿਅਕਤੀਆਂ ਨੇ ਨੌਜਵਾਨ ਨੂੰ ਜਬਰੀ ਚੁੱਕ ਕੇ ਇੱਕ ਘਰ ਵਿੱਚ ਲਿਜਾ ਕੇ ਬੰਦੀ ਬਣਾ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਨੌਜਵਾਨ ਨੂੰ ਛੁਡਾਉਣ ਗਏ ਪਿੰਡ ਦੇ ਸਰਪੰਚ ’ਤੇ ਵੀ ਹਮਲਾ ਕੀਤਾ ਗਿਆ।
ਪੁਲੀਸ ਨੂੰ ਦਿੱਤੇ ਬਿਆਨਾਂ ਅਨੁਸਾਰ ਜਗਵਿੰਦਰ ਸਿੰਘ ਵਾਸੀ ਝਾੜੋਂ ਨੇ ਦੱਸਿਆ ਕਿ ਉਹ ਮੋਟਰਸਾਈਕਲ ’ਤੇ ਚੀਮਾ ਮੰਡੀ ਵੱਲ ਜਾ ਰਿਹਾ ਸੀ। ਇਸ ਦੌਰਾਨ ਸੁਖਵੀਰ ਸਿੰਘ, ਸੁਖਵਿੰਦਰ ਸਿੰਘ ਅਤੇ ਦਲਜੀਤ ਸਿੰਘ ਉਰਫ਼ ਮੁਖੀ ਨੇ ਉਸ ਨੂੰ ਘੇਰ ਲਿਆ ਅਤੇ ਕਥਿਤ ਤੌਰ ’ਤੇ ਜਬਰੀ ਚੁੱਕ ਕੇ ਮੁਖੀ ਦੇ ਘਰ ਲੈ ਗਏ।
ਬਿਆਨਾਂ ਮੁਤਾਬਕ ਘਰ ਵਿੱਚ ਹਰਪ੍ਰੀਤ ਸਿੰਘ, ਕ੍ਰਿਸ਼ਨ ਸਿੰਘ ਵਾਸੀ ਸ਼ਾਹਪੁਰ ਕਲਾਂ, ਸਨੀ ਸਿੰਘ, ਜਸਵਿੰਦਰ ਕੌਰ ਵਾਸੀ ਝਾੜੋਂ ਵੀ ਮੌਜੂਦ ਸਨ। ਜਗਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉੱਥੇ ਉਸ ਨੂੰ ਬੰਨ੍ਹ ਕੇ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਕਕਾਰਾਂ ਦੀ ਬੇਅਦਬੀ ਵੀ ਕੀਤੀ ਗਈ।
ਨੌਜਵਾਨ ਨੂੰ ਛੁਡਾਉਣ ਪਹੁੰਚੇ ਸਰਪੰਚ ’ਤੇ ਵੀ ਹਮਲਾ
ਘਟਨਾ ਦੀ ਸੂਚਨਾ ਮਿਲਣ ’ਤੇ ਪਿੰਡ ਦੇ ਸਰਪੰਚ ਰਾਜਿੰਦਰ ਕੁਮਾਰ ਮੌਕੇ ’ਤੇ ਪਹੁੰਚੇ। ਬਿਆਨਾਂ ਅਨੁਸਾਰ ਸਰਪੰਚ ਨੇ ਗੇਟ ਖੁੱਲ੍ਹਵਾ ਕੇ ਅੰਦਰ ਦਾਖ਼ਲ ਹੋ ਕੇ ਜਗਵਿੰਦਰ ਸਿੰਘ ਨੂੰ ਛੁਡਵਾਇਆ ਅਤੇ ਘਰ ਤੋਂ ਬਾਹਰ ਲੈ ਆਏ।
ਇਸ ਤੋਂ ਬਾਅਦ ਕਥਿਤ ਤੌਰ ’ਤੇ ਹਮਲਾਵਰ ਕੋਠੇ ’ਤੇ ਚੜ੍ਹ ਗਏ ਅਤੇ ਇੱਟਾਂ-ਰੋੜੇ ਸੁੱਟਣ ਲੱਗੇ। ਇਸ ਹਮਲੇ ਵਿੱਚ ਸਰਪੰਚ ਰਾਜਿੰਦਰ ਕੁਮਾਰ ਵੀ ਜ਼ਖ਼ਮੀ ਹੋ ਗਏ ਅਤੇ ਮੌਕੇ ’ਤੇ ਡਿੱਗ ਪਏ। ਪੁਲੀਸ ਨੇ ਦੋਵਾਂ ਨੂੰ ਪਹਿਲਾਂ ਚੀਮਾ ਅਤੇ ਬਾਅਦ ਵਿੱਚ ਸੰਗਰੂਰ ਹਸਪਤਾਲ ਪਹੁੰਚਾਇਆ।
ਸੱਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ
ਥਾਣਾ ਚੀਮਾ ਦੇ ਮੁਖੀ ਯੋਗੇਸ਼ ਕੁਮਾਰ ਨੇ ਦੱਸਿਆ ਕਿ ਜਗਵਿੰਦਰ ਸਿੰਘ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟਾਂ ਦੇ ਆਧਾਰ ’ਤੇ ਸੁਖਵੀਰ ਸਿੰਘ, ਸੁਖਵਿੰਦਰ ਸਿੰਘ, ਦਲਜੀਤ ਸਿੰਘ ਉਰਫ਼ ਮੁਖੀ, ਹਰਪ੍ਰੀਤ ਸਿੰਘ, ਕ੍ਰਿਸ਼ਨ ਸਿੰਘ, ਸਨੀ ਸਿੰਘ ਅਤੇ ਜਸਵਿੰਦਰ ਕੌਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਨਸ਼ਿਆਂ ਖ਼ਿਲਾਫ਼ ਪਿੰਡ ਵਾਸੀਆਂ ਦਾ ਇਕੱਠ
ਘਟਨਾ ਤੋਂ ਬਾਅਦ ਪਿੰਡ ਝਾੜੋਂ ਦੇ ਲੋਕਾਂ ਵੱਲੋਂ ਵੱਡਾ ਇਕੱਠ ਕਰਕੇ ਨਸ਼ਿਆਂ ਖ਼ਿਲਾਫ਼ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਇਕੱਠ ਵਿੱਚ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਥਿੰਦ ਬਾਜਵਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਆਗੂ ਵਿਨਰਜੀਤ ਸਿੰਘ ਗੋਲਡੀ ਸਮੇਤ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਨਸ਼ਿਆਂ ਖ਼ਿਲਾਫ਼ ਪਿੰਡ ਵਾਸੀਆਂ ਨੂੰ ਸਹਿਯੋਗ ਦੇਣ ਦਾ ਐਲਾਨ ਕੀਤਾ।
