The Punjab Inside
Saturday, 3 October 2026Admin Login

ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਖਹਿਰਾ ਨੇ ਮਾਨ ਸਰਕਾਰ ਨੂੰ ਘੇਰਿਆ, ਕਿਹਾ- ਮੁਲਜ਼ਮਾਂ ਨੂੰ ਜ਼ਮਾਨਤ ਮਿਲਣਾ ਨਾਕਾਮੀ ਤੇ ਅਯੋਗਤਾ ਦਾ ਸਬੂਤ

ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲ ਹੀ ਵਿੱਚ ਬੇਅਦਬੀ ਕਾਨੂੰਨ ਦੇ ਨਾਂ ’ਤੇ ਕੱਢੀ ਗਈ “ਸ਼ੁਕਰਾਨਾ ਯਾਤਰਾ” ਹੁਣ ਖੋਖਲਾ ਸਿਆਸੀ ਡਰਾਮਾ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਵਾਲਾ ਸਟੰਟ ਸਾਬਤ ਹੋ ਰਹੀ ਹੈ। ਜੇਕਰ ਸਰਕਾਰ ਸੱਚਮੁੱਚ ਬੇਅਦਬੀ ਦੇ ਮਾਮਲਿਆਂ ਪ੍ਰਤੀ ਗੰਭੀਰ ਹੁੰਦੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਚੋਰੀ ਦੇ ਕੇਸ ਵਿੱਚ ਚਲਾਨ ਸਮੇਂ ਸਿਰ ਪੇਸ਼ ਕਰਕੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ 'ਚ ਖੜ੍ਹਾ ਕਰਦੀ।

ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਖਹਿਰਾ ਨੇ ਮਾਨ ਸਰਕਾਰ ਨੂੰ ਘੇਰਿਆ, ਕਿਹਾ- ਮੁਲਜ਼ਮਾਂ ਨੂੰ ਜ਼ਮਾਨਤ ਮਿਲਣਾ ਨਾਕਾਮੀ ਤੇ ਅਯੋਗਤਾ ਦਾ ਸਬੂਤ
Punjab Inside Team
Share:

ਜਲੰਧਰ : ਸੀਨੀਅਰ ਕਾਂਗਰਸੀ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਸਰਕਾਰ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਚੋਰੀ ਤੇ ਬੇਅਦਬੀ ਨਾਲ ਜੁੜੇ ਬਹੁਤ ਹੀ ਗੰਭੀਰ ਮਾਮਲੇ 'ਚ ਮੁਲਜ਼ਮਾਂ ਨੂੰ ਜ਼ਮਾਨਤ ਮਿਲਣਾ ਪੰਜਾਬ ਪੁਲਿਸ ਅਤੇ ਆਮ ਆਦਮੀ ਪਾਰਟੀ ਸਰਕਾਰ ਦੀ ਘੋਰ ਅਣਗਹਿਲੀ, ਅਯੋਗਤਾ ਤੇ ਬੇਅਦਬੀ ਮਾਮਲਿਆਂ ਪ੍ਰਤੀ ਗੈਰ-ਗੰਭੀਰ ਰਵੱਈਏ ਨੂੰ ਬੇਨਕਾਬ ਕਰਦਾ ਹੈ।

ਖਹਿਰਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਥਾਣਾ ਸੀ ਡਿਵੀਜ਼ਨ 'ਚ ਦਰਜ ਐਫਆਈਆਰ ਨੰਬਰ 168 ਮਿਤੀ 07.12.2025, ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਚੋਰੀ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ, ਵਿਚ ਅਦਾਲਤ ਨੇ 16 ਅਪ੍ਰੈਲ 2026 ਦੇ ਆਪਣੇ ਹੁਕਮ 'ਚ ਸਪੱਸ਼ਟ ਕੀਤਾ ਹੈ ਕਿ ਮੁਲਜ਼ਮ ਨੂੰ ਇਸ ਲਈ ਜ਼ਮਾਨਤ ਦੇਣੀ ਪਈ ਕਿਉਂਕਿ ਪੁਲਿਸ ਨਿਰਧਾਰਿਤ ਸਮੇਂ ਅੰਦਰ ਚਲਾਨ ਪੇਸ਼ ਕਰਨ 'ਚ ਅਸਫਲ ਰਹੀ। ਇਹ ਨਾ ਸਿਰਫ਼ ਜਾਂਚ ਏਜੰਸੀਆਂ ਦੀ ਨਾਕਾਮੀ ਹੈ, ਸਗੋਂ ਸੂਬਾ ਸਰਕਾਰ ਦੀ ਤਰਜੀਹਾਂ ਉੱਤੇ ਵੀ ਗੰਭੀਰ ਸਵਾਲ ਖੜ੍ਹੇ ਕਰਦੀ ਹੈ।

ਉਨ੍ਹਾਂ ਕਿਹਾ ਕਿ ਇਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਸਰੂਪਾਂ ਦੀ ਚੋਰੀ ਵਰਗੇ ਸੰਵੇਦਨਸ਼ੀਲ ਮਾਮਲਿਆਂ 'ਚ ਸਰਕਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਮਜ਼ਬੂਤ ਕੇਸ ਵੀ ਤਿਆਰ ਨਹੀਂ ਕਰ ਸਕਦੀ, ਜਦਕਿ ਦੂਜੇ ਪਾਸੇ ਟਾਂਡਾ ਦੇ ਨੌਜਵਾਨ ਅਰਸ਼ਦੀਪ ਸਿੰਘ ਨੂੰ ਕਥਿਤ ਤੌਰ ’ਤੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ “ਝਾੜੂ” ਦੀ ਬੇਅਦਬੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਇਸ ਤੋਂ ਸਾਫ਼ ਹੈ ਕਿ ਭਗਵੰਤ ਮਾਨ ਸਰਕਾਰ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲੋਂ ਆਪਣੇ ਸਿਆਸੀ ਚਿੰਨ੍ਹ ਦੀ ਵਧੇਰੇ ਚਿੰਤਾ ਹੈ।

ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲ ਹੀ ਵਿੱਚ ਬੇਅਦਬੀ ਕਾਨੂੰਨ ਦੇ ਨਾਂ ’ਤੇ ਕੱਢੀ ਗਈ “ਸ਼ੁਕਰਾਨਾ ਯਾਤਰਾ” ਹੁਣ ਖੋਖਲਾ ਸਿਆਸੀ ਡਰਾਮਾ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਵਾਲਾ ਸਟੰਟ ਸਾਬਤ ਹੋ ਰਹੀ ਹੈ। ਜੇਕਰ ਸਰਕਾਰ ਸੱਚਮੁੱਚ ਬੇਅਦਬੀ ਦੇ ਮਾਮਲਿਆਂ ਪ੍ਰਤੀ ਗੰਭੀਰ ਹੁੰਦੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਚੋਰੀ ਦੇ ਕੇਸ ਵਿੱਚ ਚਲਾਨ ਸਮੇਂ ਸਿਰ ਪੇਸ਼ ਕਰਕੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ 'ਚ ਖੜ੍ਹਾ ਕਰਦੀ।

ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਗੰਭੀਰ ਨਾਕਾਮੀ ਲਈ ਪੰਜਾਬ ਦੇ ਲੋਕਾਂ ਅਤੇ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਅਤੇ ਇਹ ਸਪੱਸ਼ਟ ਕਰਨ ਕਿ ਆਖ਼ਿਰ ਕਿਹੜੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਇੰਨੇ ਸੰਵੇਦਨਸ਼ੀਲ ਮਾਮਲੇ ਵਿੱਚ ਮੁਲਜ਼ਮਾਂ ਨੂੰ ਜ਼ਮਾਨਤ ਮਿਲੀ। ਨਾਲ ਹੀ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਲਾਪਰਵਾਹੀ ਦੁਹਰਾਈ ਨਾ ਜਾ ਸਕੇ।

Copy-Punjabi Jagran