The Punjab Inside
Saturday, 3 October 2026Admin Login
Sports

ਮਾਨਸਾ ਦੇ ਸਤਨਾਮ ਸਿੰਘ ਨੇ ਏਸ਼ੀਅਨ ਗੇਮਜ਼ 'ਚ ਜਿੱਤਿਆ ਕਾਂਸੀ ਦਾ ਤਮਗਾ, ਪਰਿਵਾਰ 'ਚ ਖੁਸ਼ੀ ਦੀ ਲਹਿਰ

ਮਾਨਸਾ ਦੇ ਪਿੰਡ ਫੱਤਾ ਮਾਲੋਕਾ ਦੇ ਰੋਇੰਗ ਖਿਡਾਰੀ ਸਤਨਾਮ ਸਿੰਘ ਨੇ ਜਾਪਾਨ ਵਿੱਚ ਚੱਲ ਰਹੀਆਂ ਏਸ਼ੀਅਨ ਗੇਮਜ਼ ਵਿੱਚ Men’s Double Sculls ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਸਤਨਾਮ ਸਿੰਘ ਅਤੇ ਸਲਮਾਨ ਖਾਨ ਦੀ ਭਾਰਤੀ ਜੋੜੀ ਨੇ 6 ਮਿੰਟ 13.25 ਸਕਿੰਟ ਦਾ ਸਮਾਂ ਦਰਜ ਕਰਕੇ ਤੀਜਾ ਸਥਾਨ ਹਾਸਲ ਕੀਤਾ।

ਮਾਨਸਾ ਦੇ ਸਤਨਾਮ ਸਿੰਘ ਨੇ ਏਸ਼ੀਅਨ ਗੇਮਜ਼ 'ਚ ਜਿੱਤਿਆ ਕਾਂਸੀ ਦਾ ਤਮਗਾ, ਪਰਿਵਾਰ 'ਚ ਖੁਸ਼ੀ ਦੀ ਲਹਿਰ
Punjab Inside Team
Share:

ਮਾਨਸਾ: ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਦੇ ਰਹਿਣ ਵਾਲੇ ਰੋਇੰਗ ਖਿਡਾਰੀ ਸਤਨਾਮ ਸਿੰਘ ਨੇ ਏਸ਼ੀਅਨ ਗੇਮਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਮਗਾ ਜਿੱਤਿਆ ਹੈ। ਸਤਨਾਮ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਲਮਾਨ ਖਾਨ ਨੇ Men's Double Sculls ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰਕੇ ਭਾਰਤ ਦੇ ਖਾਤੇ ਵਿੱਚ ਇੱਕ ਹੋਰ ਤਮਗਾ ਜੋੜਿਆ।

ਭਾਰਤੀ ਜੋੜੀ ਨੇ 6 ਮਿੰਟ 13.25 ਸਕਿੰਟ ਦਾ ਸਮਾਂ ਕੱਢਿਆ

ਜਾਪਾਨ ਦੇ ਆਈਚੀ-ਨਾਗੋਯਾ ਸਥਿਤ Nagaragawa International Regatta Course ਵਿੱਚ ਹੋਈ ਰੋਇੰਗ ਪ੍ਰਤੀਯੋਗਤਾ ਦੌਰਾਨ ਭਾਰਤੀ ਜੋੜੀ ਨੇ 6 ਮਿੰਟ 13.25 ਸਕਿੰਟ ਦਾ ਸਮਾਂ ਦਰਜ ਕੀਤਾ। ਇਸ ਪ੍ਰਦਰਸ਼ਨ ਨਾਲ ਸਤਨਾਮ ਸਿੰਘ ਅਤੇ ਸਲਮਾਨ ਖਾਨ ਨੇ ਤੀਜਾ ਸਥਾਨ ਹਾਸਲ ਕਰਦਿਆਂ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ।

ਛੇਵੀਂ ਜਮਾਤ ਤੋਂ ਰੋਇੰਗ ਨਾਲ ਜੁੜੇ

ਸਤਨਾਮ ਸਿੰਘ ਦੇ ਪਰਿਵਾਰ ਮੁਤਾਬਕ ਉਨ੍ਹਾਂ ਦਾ ਬਚਪਨ ਤੋਂ ਹੀ ਖੇਡਾਂ ਵੱਲ ਰੁਝਾਨ ਸੀ। ਉਨ੍ਹਾਂ ਨੇ ਛੇਵੀਂ ਜਮਾਤ ਤੋਂ ਰੋਇੰਗ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਬਿਹਤਰ ਪ੍ਰਦਰਸ਼ਨ ਦੇ ਆਧਾਰ 'ਤੇ ਉਨ੍ਹਾਂ ਦੀ ਚੋਣ ਰੋਪੜ ਦੀ ਰੋਇੰਗ ਅਕੈਡਮੀ ਲਈ ਹੋਈ।

ਇਸ ਤੋਂ ਬਾਅਦ ਸਤਨਾਮ ਸਿੰਘ ਨੇ ਲਗਾਤਾਰ ਮਿਹਨਤ ਕਰਦਿਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕੀਤੀ। ਪਰਿਵਾਰ ਮੁਤਾਬਕ ਚੀਨ ਵਿੱਚ ਹੋਈਆਂ ਪ੍ਰਤੀਯੋਗਤਾਵਾਂ ਵਿੱਚ ਵੀ ਉਹ ਦੇਸ਼ ਦੀ ਨੁਮਾਇੰਦਗੀ ਕਰ ਚੁੱਕੇ ਹਨ।

ਪੁੱਤਰ ਦੀ ਉਪਲਬਧੀ 'ਤੇ ਪਰਿਵਾਰ ਨੂੰ ਮਾਣ

ਸਤਨਾਮ ਸਿੰਘ ਦੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ ਪੁੱਤਰ ਦਾ ਫੋਨ ਆਇਆ ਅਤੇ ਉਸ ਨੇ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰਨ ਦੀ ਜਾਣਕਾਰੀ ਦਿੱਤੀ ਤਾਂ ਪੂਰੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਸਤਨਾਮ ਦੀ ਇਸ ਉਪਲਬਧੀ 'ਤੇ ਪੂਰਾ ਪਰਿਵਾਰ ਮਾਣ ਮਹਿਸੂਸ ਕਰ ਰਿਹਾ ਹੈ।

ਅਮਰੀਕ ਸਿੰਘ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਰੋਇੰਗ ਖਿਡਾਰੀਆਂ ਲਈ ਲੋੜੀਂਦੀਆਂ ਸਿਖਲਾਈ ਸਹੂਲਤਾਂ ਦੀ ਘਾਟ ਹੈ। ਇਸ ਦੇ ਬਾਵਜੂਦ ਇਲਾਕੇ ਦੇ ਕਈ ਖਿਡਾਰੀਆਂ ਨੇ ਆਪਣੀ ਮਿਹਨਤ ਦੇ ਦਮ 'ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਨਾਮ ਬਣਾਇਆ ਹੈ।

ਭਾਰਤੀ ਜਲ ਸੈਨਾ ਵਿੱਚ ਵੀ ਸੇਵਾ ਨਿਭਾ ਰਹੇ ਹਨ ਸਤਨਾਮ

ਸਤਨਾਮ ਸਿੰਘ ਦੇ ਪਿਤਾ ਮੁਤਾਬਕ ਉਨ੍ਹਾਂ ਦਾ ਵੱਡਾ ਪੁੱਤਰ ਫੌਜ ਵਿੱਚ ਸੇਵਾ ਨਿਭਾ ਰਿਹਾ ਹੈ। ਉਸ ਤੋਂ ਪ੍ਰੇਰਿਤ ਹੋ ਕੇ ਸਤਨਾਮ ਸਿੰਘ ਵੀ ਖੇਡਾਂ ਨਾਲ ਜੁੜੇ ਅਤੇ ਬਾਅਦ ਵਿੱਚ ਭਾਰਤੀ ਜਲ ਸੈਨਾ ਵਿੱਚ ਭਰਤੀ ਹੋਏ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਆਪਣੇ ਦੋਵੇਂ ਪੁੱਤਰਾਂ 'ਤੇ ਮਾਣ ਹੈ।

ਪਰਿਵਾਰ ਨੇ ਖੇਡ ਸਹੂਲਤਾਂ ਵਧਾਉਣ ਦੀ ਕੀਤੀ ਮੰਗ

ਸਤਨਾਮ ਸਿੰਘ ਦੇ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਪਿੰਡਾਂ ਅਤੇ ਜ਼ਿਲ੍ਹਿਆਂ ਵਿੱਚ ਖੇਡ ਸਹੂਲਤਾਂ ਅਤੇ ਸਿਖਲਾਈ ਦੇ ਬਿਹਤਰ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਖਿਡਾਰੀਆਂ ਨੂੰ ਲੋੜੀਂਦੀਆਂ ਸਹੂਲਤਾਂ ਅਤੇ ਸਿਖਲਾਈ ਮਿਲੇ ਤਾਂ ਉਹ ਭਵਿੱਖ ਵਿੱਚ ਵੀ ਦੇਸ਼ ਅਤੇ ਆਪਣੇ ਖੇਤਰ ਦਾ ਨਾਮ ਰੌਸ਼ਨ ਕਰ ਸਕਦੇ ਹਨ।

ਪਰਿਵਾਰ ਨੇ ਇਹ ਵੀ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਤਮਗਾ ਜਿੱਤਣ ਦੇ ਬਾਵਜੂਦ ਅਜੇ ਤੱਕ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰੀ ਨੁਮਾਇੰਦੇ ਵੱਲੋਂ ਉਨ੍ਹਾਂ ਨਾਲ ਸੰਪਰਕ ਕਰਕੇ ਵਧਾਈ ਨਹੀਂ ਦਿੱਤੀ ਗਈ। ਉਨ੍ਹਾਂ ਆਸ ਜਤਾਈ ਕਿ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।