The Punjab Inside
Saturday, 3 October 2026Admin Login
Punjab

Amritpal Singh case ਦੇ ਗਵਾਹ 'ਤੇ ਗੋਲੀਬਾਰੀ

Amritpal Singh case ਦੇ ਗਵਾਹ 'ਤੇ ਗੋਲੀਬਾਰੀ
Punjab Inside Team
Share:

ਮੋਰਿੰਡਾ: ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਸਬੰਧਤ ਅਜਨਾਲਾ ਕਾਂਡ ਦੇ ਇੱਕ ਗਵਾਹ 'ਤੇ ਮੋਰਿੰਡਾ ਨੇੜੇ ਤੜਕੇ ਕਰੀਬ 2 ਵਜੇ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਗਵਾਹ ਵਾਲ-ਵਾਲ ਬਚ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਰੂਪਨਗਰ ਦੇ ਐੱਸ.ਐੱਸ.ਪੀ. ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਮੁੱਢਲੀ ਜਾਂਚ ਵਿੱਚ ਇਹ ਮਾਮਲਾ ਕਿਸੇ ਸਾਜ਼ਿਸ਼ ਦਾ ਨਹੀਂ, ਸਗੋਂ ਸੜਕੀ ਝਗੜੇ (ਰੋਡ ਰੇਜ) ਦਾ ਨਤੀਜਾ ਸਾਹਮਣੇ ਆਇਆ ਹੈ।

ਕੀ ਹੈ ਪੂਰਾ ਮਾਮਲਾ?

ਪੁਲਿਸ ਮੁਤਾਬਕ ਅਜਨਾਲਾ ਕਾਂਡ ਵਿੱਚ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਸ਼ਿਕਾਇਤਕਰਤਾ ਅਤੇ ਕੇਸ ਦੇ ਗਵਾਹ ਪਿੰਡ ਸਲੇਮਪੁਰ ਦੇ ਵਰਿੰਦਰ ਸਿੰਘ ਮਾਵੀ ਨੇ ਰਾਤ ਕਰੀਬ 2 ਵਜੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਇੱਕ ਵਿਅਕਤੀ ਉਸ 'ਤੇ ਗੋਲੀਆਂ ਚਲਾ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਪਿੰਡ ਸਮਰੌਲੀ ਦੇ ਰਹਿਣ ਵਾਲੇ ਜਸਬੀਰ ਸਿੰਘ ਉਰਫ਼ ਕਾਲਾ ਦਾ ਮਾਵੀ ਨਾਲ ਗੱਡੀ ਲੰਘਾਉਣ ਨੂੰ ਲੈ ਕੇ ਝਗੜਾ ਹੋ ਗਿਆ ਸੀ। ਦੋਸ਼ ਹੈ ਕਿ ਨਸ਼ੇ ਦੀ ਹਾਲਤ ਵਿੱਚ ਮੁਲਜ਼ਮ ਨੇ ਪਹਿਲਾਂ ਹਵਾਈ ਫਾਇਰ ਕੀਤੇ ਅਤੇ ਫਿਰ ਮਾਵੀ ਦੀ ਗੱਡੀ ਦਾ ਪਿੱਛਾ ਕਰਦਿਆਂ ਉਸ ਦੇ ਪਿੰਡ ਤੱਕ ਪਹੁੰਚ ਗਿਆ, ਜਿੱਥੇ ਉਸ ਨੇ ਮਾਵੀ ਦੇ ਸਾਥੀਆਂ ਨੂੰ ਵੀ ਧਮਕੀਆਂ ਦਿੱਤੀਆਂ। ਬਾਅਦ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ।

ਮੁਲਜ਼ਮ ਖ਼ਿਲਾਫ਼ ਕੇਸ ਦਰਜ

ਐੱਸ.ਐੱਸ.ਪੀ. ਨੇ ਦੱਸਿਆ ਕਿ ਜਸਬੀਰ ਸਿੰਘ ਉਰਫ਼ ਕਾਲਾ ਖ਼ਿਲਾਫ਼ ਥਾਣਾ ਸਦਰ ਮੋਰਿੰਡਾ ਵਿੱਚ ਭਾਰਤੀ ਨਿਆਂ ਸੰਹਿਤਾ (BNS) ਅਤੇ ਅਸਲਾ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਘਟਨਾ ਵਿੱਚ ਕੋਈ ਵੀ ਵਿਅਕਤੀ ਜ਼ਖ਼ਮੀ ਨਹੀਂ ਹੋਇਆ।

ਸੋਸ਼ਲ ਮੀਡੀਆ 'ਤੇ ਦਾਅਵੇ, ਪੁਲਿਸ ਨੇ ਕੀਤਾ ਖ਼ਾਰਜ

ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਪੋਸਟਾਂ ਵਿੱਚ ਦਾਅਵਾ ਕੀਤਾ ਗਿਆ ਕਿ ਵਰਿੰਦਰ ਸਿੰਘ ਮਾਵੀ ਅੰਮ੍ਰਿਤਪਾਲ ਸਿੰਘ ਕੇਸ ਦਾ ਗਵਾਹ ਹੋਣ ਕਾਰਨ ਉਸ 'ਤੇ ਹਮਲਾ ਕੀਤਾ ਗਿਆ ਹੈ। ਹਾਲਾਂਕਿ, ਪੁਲਿਸ ਨੇ ਇਨ੍ਹਾਂ ਦਾਅਵਿਆਂ ਨੂੰ ਖ਼ਾਰਜ ਕਰਦਿਆਂ ਕਿਹਾ ਹੈ ਕਿ ਹੁਣ ਤੱਕ ਦੀ ਜਾਂਚ ਵਿੱਚ ਗਵਾਹ ਹੋਣ ਨਾਲ ਜੁੜੀ ਕਿਸੇ ਸਾਜ਼ਿਸ਼ ਦੇ ਕੋਈ ਸਬੂਤ ਨਹੀਂ ਮਿਲੇ ਹਨ।

ਗਵਾਹਾਂ ਦੀ ਸੁਰੱਖਿਆ 'ਤੇ ਉੱਠੇ ਸਵਾਲ

ਅੰਮ੍ਰਿਤਪਾਲ ਸਿੰਘ ਨਾਲ ਸਬੰਧਤ ਕੇਸਾਂ ਦੇ ਸ਼ਿਕਾਇਤਕਰਤਾਵਾਂ ਅਤੇ ਗਵਾਹਾਂ ਦੇ ਵਕੀਲ ਪਰਮਿੰਦਰ ਸਿੰਘ ਵਿੱਗ ਨੇ ਇਸ ਘਟਨਾ 'ਤੇ ਚਿੰਤਾ ਜ਼ਾਹਰ ਕਰਦਿਆਂ ਗਵਾਹਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਮੁੱਖ ਗਵਾਹਾਂ ਨੂੰ ਧਮਕੀਆਂ ਮਿਲਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ, ਇਸ ਲਈ ਪ੍ਰਸ਼ਾਸਨ ਨੂੰ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨੇ ਚਾਹੀਦੇ ਹਨ।

ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਪੁਸ਼ਟੀ ਵਾਲੀਆਂ ਸੋਸ਼ਲ ਮੀਡੀਆ ਅਫ਼ਵਾਹਾਂ 'ਤੇ ਵਿਸ਼ਵਾਸ ਨਾ ਕਰਨ।