The Punjab Inside
Saturday, 3 October 2026Admin Login
Punjab

ਪੰਜਾਬ ‘ਚ ED ਦੀ ਫਿਰ ਐਂਟਰੀ, ਕਥਿਤ 100 ਕਰੋੜ ਮਾਮਲੇ ਵਿੱਚ ਛਾਪੇਮਾਰੀ

ਪਟਿਆਲਾ ਅਤੇ ਮੁਹਾਲੀ ਵਿੱਚ ਕਥਿਤ ਨਕਲੀ ਕਾਲ ਸੈਂਟਰਾਂ ਅਤੇ ਸਾਈਬਰ ਠੱਗੀ ਨਾਲ ਜੁੜੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਛਾਪੇਮਾਰੀ ਕੀਤੀ ਗਈ। ਪਟਿਆਲਾ ਦੇ ਅਰਬਨ ਅਸਟੇਟ ਫੇਜ਼-2 ਵਿੱਚ ਦੋ ਸ਼ੋਅਰੂਮ ਸੀਲ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜਾਂਚ ਦੌਰਾਨ ਕਰੋੜਾਂ ਰੁਪਏ ਦੇ ਸ਼ੱਕੀ ਲੈਣ-ਦੇਣ ਅਤੇ ਕਥਿਤ ਤੌਰ ’ਤੇ ਕੁਝ ਨਾਮੀ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ‘ਚ ED ਦੀ ਫਿਰ ਐਂਟਰੀ, ਕਥਿਤ 100 ਕਰੋੜ ਮਾਮਲੇ ਵਿੱਚ ਛਾਪੇਮਾਰੀ
Punjab Inside Team
Share:

 ਗ਼ੈਰ-ਕਾਨੂੰਨੀ ਕਾਲ ਸੈਂਟਰਾਂ ਅਤੇ ਸਾਈਬਰ ਠੱਗੀ ਕਰਨ ਵਾਲੇ ਗਿਰੋਹਾਂ ਖ਼ਿਲਾਫ਼ ਚੱਲ ਰਹੀ ਜਾਂਚ ਤਹਿਤ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਟੀਮਾਂ ਵੱਲੋਂ ਪਟਿਆਲਾ ਅਤੇ ਮੁਹਾਲੀ ਵਿੱਚ ਕਥਿਤ ਕਾਲ ਸੈਂਟਰਾਂ ਨਾਲ ਜੁੜੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ।

ਜਾਣਕਾਰੀ ਮੁਤਾਬਕ ਪਟਿਆਲਾ ਦੇ ਅਰਬਨ ਅਸਟੇਟ ਸਥਿਤ ‘ਡੀਐੱਮ ਵੈੱਬ ਸੋਲਿਊਸ਼ਨਜ਼’ ’ਤੇ ED ਦੀ ਕਾਰਵਾਈ ਕਈ ਘੰਟਿਆਂ ਤੱਕ ਜਾਰੀ ਰਹੀ। ਸੂਤਰਾਂ ਅਨੁਸਾਰ ਜਾਂਚ ਏਜੰਸੀ ਨੂੰ ਇਨ੍ਹਾਂ ਫਰਮਾਂ ਨਾਲ ਜੁੜੇ ਕਰੋੜਾਂ ਰੁਪਏ ਦੇ ਸ਼ੱਕੀ ਲੈਣ-ਦੇਣ ਬਾਰੇ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਪਟਿਆਲਾ ਅਤੇ ਮੁਹਾਲੀ ਵਿੱਚ ਇੱਕੋ ਸਮੇਂ ਕਾਰਵਾਈ ਕੀਤੀ ਗਈ।

ਦੱਸਿਆ ਜਾ ਰਿਹਾ ਹੈ ਕਿ ED ਦੀਆਂ ਟੀਮਾਂ ਮੰਗਲਵਾਰ ਦੇਰ ਸ਼ਾਮ ਇਨ੍ਹਾਂ ਟਿਕਾਣਿਆਂ ’ਤੇ ਪਹੁੰਚੀਆਂ ਸਨ। ਜਾਂਚ ਦੌਰਾਨ ਪਟਿਆਲਾ ਦੇ ਅਰਬਨ ਅਸਟੇਟ ਫੇਜ਼-2 ਵਿੱਚ ਸਥਿਤ ਦੋ ਸ਼ੋਅਰੂਮਾਂ ਨੂੰ ਸੀਲ ਕੀਤੇ ਜਾਣ ਦੀ ਵੀ ਜਾਣਕਾਰੀ ਹੈ।

ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਹ ਕਥਿਤ ਕਾਲ ਸੈਂਟਰ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਸਨ ਅਤੇ ਜਾਂਚ ਏਜੰਸੀ ਵੱਲੋਂ ਇਨ੍ਹਾਂ ਨਾਲ ਜੁੜੇ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਰੋਪੜ ਮਾਮਲੇ ਨਾਲ ਵੀ ਜੋੜ ਕੇ ਦੇਖੀ ਜਾ ਰਹੀ ਕਾਰਵਾਈ

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ED ਵੱਲੋਂ ਰੋਪੜ ਜ਼ਿਲ੍ਹੇ ਵਿੱਚ ਇੱਕ ਕਾਰੋਬਾਰੀ ਦੇ ਘਰ ਛਾਪੇਮਾਰੀ ਕੀਤੀ ਗਈ ਸੀ। ਇਹ ਕਾਰਵਾਈ ਵਿਦੇਸ਼ੀ ਨਾਗਰਿਕਾਂ ਨਾਲ ਕਥਿਤ ਤੌਰ ’ਤੇ ਹੋਈ ਕਰੀਬ 100 ਕਰੋੜ ਰੁਪਏ ਦੀ ਸਾਈਬਰ ਠੱਗੀ ਨਾਲ ਜੁੜੇ ਇੱਕ ਕਾਲ ਸੈਂਟਰ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਦੱਸੀ ਗਈ ਸੀ।

ਫਿਲਹਾਲ ਪਟਿਆਲਾ ਅਤੇ ਮੁਹਾਲੀ ਵਿੱਚ ਚੱਲ ਰਹੀ ED ਦੀ ਕਾਰਵਾਈ ਦੌਰਾਨ ਕੀ ਕੁਝ ਬਰਾਮਦ ਹੋਇਆ ਹੈ ਜਾਂ ਕਿੰਨੀ ਰਕਮ ਦੇ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ, ਇਸ ਬਾਰੇ ਅਧਿਕਾਰਤ ਵਿਸਥਾਰਤ ਜਾਣਕਾਰੀ ਦੀ ਉਡੀਕ ਹੈ।

ਨੋਟ: ਉਪਰੋਕਤ ਮਾਮਲੇ ਵਿੱਚ ਕਈ ਦਾਅਵੇ ਜਾਂਚ ਅਧੀਨ ਹਨ; ਇਸ ਲਈ ਅੰਤਿਮ ਨਤੀਜਾ ਜਾਂ ਕਿਸੇ ਵਿਅਕਤੀ ਦੀ ਕਾਨੂੰਨੀ ਜ਼ਿੰਮੇਵਾਰੀ ਬਾਰੇ ਨਿਰਣਾ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋਵੇਗਾ।