PAU ਵਿੱਚ 18-19 ਸਤੰਬਰ ਨੂੰ ਕਿਸਾਨ ਮੇਲਾ, ਕਣਕ ਸਮੇਤ ਇਨ੍ਹਾਂ ਫਸਲਾਂ ਦੀਆਂ ਨਵੀਆਂ ਕਿਸਮਾਂ ਹੋਣਗੀਆਂ ਖਿੱਚ ਦਾ ਕੇਂਦਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ 18-19 ਸਤੰਬਰ ਨੂੰ ਕਿਸਾਨ ਮੇਲਾ ਲੱਗੇਗਾ। ਮੇਲੇ ਵਿੱਚ PBW 887, PBW 927 ਸਮੇਤ ਕਣਕ, ਰਾਇਆ, ਦਾਲਾਂ, ਖਰਬੂਜ਼ਾ, ਬੈਂਗਣ, ਕਾਲੀ ਤੋਰੀ, ਘੀਆ ਕੱਦੂ, ਮਟਰ ਅਤੇ ਬਰਸੀਮ ਦੀਆਂ ਨਵੀਆਂ ਕਿਸਮਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਵਿੱਚ 18 ਅਤੇ 19 ਸਤੰਬਰ ਨੂੰ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵਿੱਚ ਇਨ੍ਹਾਂ ਦਿਨਾਂ ਦੌਰਾਨ ਪਸ਼ੂ ਪਾਲਕ ਮੇਲਾ ਵੀ ਕਰਵਾਇਆ ਜਾਵੇਗਾ। ਕਿਸਾਨ ਮੇਲੇ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਮੇਲੇ ਵਿੱਚ ਹਜ਼ਾਰਾਂ ਕਿਸਾਨਾਂ ਦੇ ਪਹੁੰਚਣ ਦੀ ਉਮੀਦ ਹੈ। ਇਸ ਸਬੰਧੀ ਯੂਨੀਵਰਸਿਟੀ ਵੱਲੋਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਵਾਰ ਕਿਸਾਨ ਮੇਲੇ ਵਿੱਚ ਕਣਕ ਤੋਂ ਇਲਾਵਾ ਕਈ ਸਬਜ਼ੀਆਂ, ਫਲਾਂ ਅਤੇ ਹੋਰ ਫਸਲਾਂ ਦੀਆਂ ਨਵੀਆਂ ਕਿਸਮਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਨ੍ਹਾਂ ਦੀ ਸਿਫ਼ਾਰਸ਼ ਕੀਤੀ ਜਾਵੇਗੀ।
ਕਣਕ ਦੀਆਂ ਨਵੀਆਂ ਕਿਸਮਾਂ
PBW 887: ਇਹ ਕਿਸਮ ਸਮੇਂ ਸਿਰ ਬਿਜਾਈ ਲਈ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਸ ਦਾ ਕੱਦ 102 ਸੈਂਟੀਮੀਟਰ ਹੈ ਅਤੇ ਇਹ ਲਗਭਗ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਮੋਟੇ ਅਤੇ ਚਮਕਦਾਰ ਹੁੰਦੇ ਹਨ। ਇਹ ਪੀਲੀ ਅਤੇ ਭੂਰੀ ਕੁੰਗੀ ਦਾ ਦਰਮਿਆਨਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤ ਝਾੜ 24.6 ਕੁਇੰਟਲ ਪ੍ਰਤੀ ਏਕੜ ਹੈ।
PBW 927: ਇਸ ਕਿਸਮ ਦਾ ਕੱਦ 103 ਸੈਂਟੀਮੀਟਰ ਹੈ ਅਤੇ ਇਹ ਕਰੀਬ 156 ਦਿਨਾਂ ਵਿੱਚ ਪੱਕਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਬਰਾਨੀ ਅਤੇ ਸੀਮਤ ਸਿੰਚਾਈ ਵਾਲੇ ਹਾਲਾਤਾਂ ਵਿੱਚ ਇਸ ਦਾ ਔਸਤ ਝਾੜ ਕ੍ਰਮਵਾਰ 17.5 ਅਤੇ 18.5 ਕੁਇੰਟਲ ਪ੍ਰਤੀ ਏਕੜ ਹੈ।
ਰਾਇਆ ਦੀਆਂ ਕਿਸਮਾਂ
ਪੰਜਾਬ ਰਾਇਆ ਕਨੋਲਾ-7: ਇਹ ਕਨੋਲਾ ਗੁਣਵੱਤਾ ਵਾਲੀ ਕਿਸਮ ਹੈ ਅਤੇ ਚਿੱਟੀ ਕੁੰਗੀ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤ ਝਾੜ 8.5 ਕੁਇੰਟਲ ਪ੍ਰਤੀ ਏਕੜ ਹੈ, ਜਦਕਿ ਤੇਲ ਦੀ ਔਸਤ ਮਾਤਰਾ 38 ਫ਼ੀਸਦੀ ਹੈ। ਇਹ ਕਰੀਬ 144 ਦਿਨਾਂ ਵਿੱਚ ਪੱਕਦੀ ਹੈ।
ਪੰਜਾਬ ਰਾਇਆ-813: ਇਹ ਲੰਮੇ ਕੱਦ ਅਤੇ ਵੱਧ ਫਲੀਆਂ ਵਾਲੀ ਕਿਸਮ ਹੈ। ਇਸ ਦਾ ਔਸਤ ਝਾੜ 9.1 ਕੁਇੰਟਲ ਪ੍ਰਤੀ ਏਕੜ ਅਤੇ ਤੇਲ ਦੀ ਔਸਤ ਮਾਤਰਾ 40 ਫ਼ੀਸਦੀ ਹੈ। ਇਹ ਲਗਭਗ 150 ਦਿਨਾਂ ਵਿੱਚ ਪੱਕ ਜਾਂਦੀ ਹੈ।
ਦਾਲਾਂ ਦੀਆਂ ਨਵੀਆਂ ਕਿਸਮਾਂ
LL 1613: ਇਸ ਕਿਸਮ ਦੇ ਬੂਟੇ ਛੋਟੇ, ਖੜ੍ਹਵੇਂ ਅਤੇ ਸ਼ਾਖਾਵਾਂ ਤੇ ਫਲੀਆਂ ਨਾਲ ਭਰਪੂਰ ਹੁੰਦੇ ਹਨ। ਇਹ ਕਰੀਬ 135 ਦਿਨਾਂ ਵਿੱਚ ਪੱਕਦੀ ਹੈ ਅਤੇ ਕੁੰਗੀ ਰੋਗ ਪ੍ਰਤੀ ਘੱਟ ਪ੍ਰਭਾਵਿਤ ਹੁੰਦੀ ਹੈ। ਇਸ ਦਾ ਔਸਤ ਝਾੜ 5.2 ਕੁਇੰਟਲ ਪ੍ਰਤੀ ਏਕੜ ਹੈ।
SML 2575: ਇਹ ਗਰਮ ਰੁੱਤ ਦੀ ਮੂੰਗੀ ਦੀ ਨਵੀਂ ਕਿਸਮ ਹੈ, ਜੋ ਲਗਭਗ 63 ਦਿਨਾਂ ਵਿੱਚ ਪੱਕ ਜਾਂਦੀ ਹੈ। ਹਰ ਫ਼ਲੀ ਵਿੱਚ ਕਰੀਬ 11-12 ਦਾਣੇ ਹੁੰਦੇ ਹਨ। ਇਹ ਪੀਲੀ ਚਿੱਤਕਬਰੀ ਦੇ ਰੋਗ ਨੂੰ ਕਾਫ਼ੀ ਹੱਦ ਤੱਕ ਸਹਿਣ ਦੀ ਸਮਰੱਥਾ ਰੱਖਦੀ ਹੈ। ਇਸ ਦੇ ਦਾਣੇ ਹਰੇ, ਚਮਕੀਲੇ ਅਤੇ ਦਰਮਿਆਨੇ ਆਕਾਰ ਦੇ ਹੁੰਦੇ ਹਨ। ਇਸ ਦਾ ਔਸਤ ਝਾੜ 5.3 ਕੁਇੰਟਲ ਪ੍ਰਤੀ ਏਕੜ ਹੈ।
ਖਰਬੂਜ਼ੇ ਦੀ ਕਿਸਮ
MH-56: ਇਸ ਦੋਗਲੀ ਕਿਸਮ ਦੀਆਂ ਵੇਲਾਂ ਦਰਮਿਆਨੀਆਂ ਤੋਂ ਲੰਬੀਆਂ ਅਤੇ ਮਜ਼ਬੂਤ ਹੁੰਦੀਆਂ ਹਨ। ਇਸ ਦਾ ਗੁੱਦਾ ਭਰਵਾਂ, ਹਲਕੇ ਹਰੇ ਰੰਗ ਦਾ ਅਤੇ ਰਸ ਭਰਪੂਰ ਹੁੰਦਾ ਹੈ। ਇਸ ਵਿੱਚ ਮਿਠਾਸ ਦੀ ਮਾਤਰਾ 14.4 ਫ਼ੀਸਦੀ ਦੱਸੀ ਗਈ ਹੈ। ਇਹ ਦੇਰ ਤੱਕ ਸੰਭਾਲਣ ਅਤੇ ਦੂਰ ਦੀਆਂ ਮੰਡੀਆਂ ਲਈ ਢੁੱਕਵੀਂ ਹੈ। ਇਸ ਦੀ ਔਸਤ ਉਪਜ 92.9 ਕੁਇੰਟਲ ਪ੍ਰਤੀ ਏਕੜ ਹੈ।
ਬੈਂਗਣ ਦੀ ਨਵੀਂ ਕਿਸਮ
PBH-7: ਇਹ ਬੀਜ ਰਹਿਤ ਦੋਗਲੀ ਕਿਸਮ ਹੈ, ਜੋ ਨੈੱਟ-ਪੌਲੀ ਹਾਊਸ ਵਿੱਚ ਕਾਸ਼ਤ ਲਈ ਢੁੱਕਵੀਂ ਹੈ। ਇਸ ਦੇ ਫਲ ਆਮ ਤੌਰ ’ਤੇ ਇਕੱਲੇ, ਬਹੁਤ ਘੱਟ ਬੀਜ ਵਾਲੇ, ਲੰਬੂਤਰੇ, ਚਮਕੀਲੇ, ਨਰਮ ਅਤੇ ਕਾਲੇ-ਜਾਮਣੀ ਰੰਗ ਦੇ ਹੁੰਦੇ ਹਨ। ਬਰਸਾਤੀ ਮੌਸਮ ਵਿੱਚ ਇਸ ਦਾ ਔਸਤ ਝਾੜ 337.1 ਕੁਇੰਟਲ ਪ੍ਰਤੀ ਏਕੜ ਹੈ।
ਕਾਲੀ ਤੋਰੀ ਦੀਆਂ ਕਿਸਮਾਂ
PSGH-1: ਇਹ ਦੋਗਲੀ ਅਗੇਤੀ ਕਿਸਮ ਹੈ। ਇਸ ਦੀਆਂ ਵੇਲਾਂ ਦਰਮਿਆਨੀਆਂ ਲੰਬੀਆਂ ਅਤੇ ਪੱਤੇ ਹਰੇ ਹੁੰਦੇ ਹਨ। ਫਲ ਲੰਬੇ, ਨਰਮ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਪਹਿਲੀ ਤੁੜਾਈ ਲਈ ਇਹ ਲਗਭਗ 35 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਫਲ ਦਾ ਔਸਤ ਭਾਰ 100 ਗ੍ਰਾਮ ਅਤੇ ਝਾੜ 139.6 ਕੁਇੰਟਲ ਪ੍ਰਤੀ ਏਕੜ ਹੈ।
PSGH-2: ਇਹ ਵੀ ਦੋਗਲੀ ਅਗੇਤੀ ਕਿਸਮ ਹੈ। ਇਸ ਦੇ ਫਲ ਲੰਬੇ, ਨਰਮ ਅਤੇ ਫਿੱਕੇ ਹਰੇ ਰੰਗ ਦੇ ਹੁੰਦੇ ਹਨ। ਪਹਿਲੀ ਤੁੜਾਈ ਲਈ ਲਗਭਗ 35 ਦਿਨ ਲੱਗਦੇ ਹਨ। ਫਲ ਦਾ ਔਸਤ ਭਾਰ 97 ਗ੍ਰਾਮ ਅਤੇ ਝਾੜ 147.2 ਕੁਇੰਟਲ ਪ੍ਰਤੀ ਏਕੜ ਹੈ।
ਘੀਆ ਕੱਦੂ ਦੀਆਂ ਕਿਸਮਾਂ
PBOG-5 (ਪੰਜਾਬ ਮਲੂਕ): ਪਨੀਰੀ ਖੇਤ ਵਿੱਚ ਲਗਾਉਣ ਤੋਂ ਲਗਭਗ 41 ਦਿਨਾਂ ਬਾਅਦ ਪਹਿਲੀ ਤੁੜਾਈ ਕੀਤੀ ਜਾ ਸਕਦੀ ਹੈ। ਇਸ ਦੇ ਫਲ ਅੰਡਕਾਰ, ਦਰਮਿਆਨੇ ਆਕਾਰ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ। ਇੱਕ ਵੇਲ ਨੂੰ ਔਸਤਨ 11 ਫਲ ਲੱਗਦੇ ਹਨ। ਫਲ ਬਹੁਤ ਕੂਲੇ ਹੁੰਦੇ ਹਨ ਅਤੇ ਔਸਤ ਝਾੜ 228 ਕੁਇੰਟਲ ਪ੍ਰਤੀ ਏਕੜ ਹੈ।
PBOG-18 (ਪੰਜਾਬ ਉੱਤਮ): ਇਸ ਦੀਆਂ ਵੇਲਾਂ ਦਰਮਿਆਨੀਆਂ ਲੰਮੀਆਂ ਅਤੇ ਕਈ ਸ਼ਾਖਾਵਾਂ ਵਾਲੀਆਂ ਹੁੰਦੀਆਂ ਹਨ। ਫਲ ਲਗਭਗ ਗੋਲ, ਦਰਮਿਆਨੇ ਆਕਾਰ ਦੇ ਅਤੇ ਚਮਕਦਾਰ ਹਰੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ’ਤੇ ਕ੍ਰੀਮ-ਹਰੇ ਧੱਬੇ ਹੁੰਦੇ ਹਨ। ਇੱਕ ਵੇਲ ਨੂੰ ਔਸਤਨ 12 ਫਲ ਲੱਗਦੇ ਹਨ ਅਤੇ ਔਸਤ ਝਾੜ 229 ਕੁਇੰਟਲ ਪ੍ਰਤੀ ਏਕੜ ਹੈ।
ਮਟਰ ਦੀਆਂ ਕਿਸਮਾਂ
ਮਟਰ ਅਗੇਤਾ-8: ਇਹ ਅਗੇਤੀ ਕਿਸਮ ਹੈ ਅਤੇ 65-70 ਦਿਨਾਂ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਮਿੱਠੇ ਹੁੰਦੇ ਹਨ ਅਤੇ ਹਰੀਆਂ ਫਲੀਆਂ ਦਾ ਔਸਤ ਝਾੜ 33 ਕੁਇੰਟਲ ਪ੍ਰਤੀ ਏਕੜ ਹੈ।
ਪੰਜਾਬ-90: ਇਹ ਕਿਸਮ 85-90 ਦਿਨਾਂ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀ ਹੈ। ਦੋ ਤੋਂ ਤਿੰਨ ਤੁੜਾਈਆਂ ਵਿੱਚ ਇਸ ਦਾ ਝਾੜ 62 ਕੁਇੰਟਲ ਹਰੀਆਂ ਫਲੀਆਂ ਪ੍ਰਤੀ ਏਕੜ ਅਤੇ ਇਕੱਲੀ ਤੁੜਾਈ ਵਿੱਚ 45 ਕੁਇੰਟਲ ਪ੍ਰਤੀ ਏਕੜ ਦੱਸਿਆ ਗਿਆ ਹੈ।
ਬਰਸੀਮ ਦੀ ਕਿਸਮ
BL-45: ਇਹ ਤੇਜ਼ੀ ਨਾਲ ਵਧਣ ਵਾਲੀ ਅਤੇ ਲੰਮੇ ਸਮੇਂ ਤੱਕ ਹਰਾ ਚਾਰਾ ਦੇਣ ਵਾਲੀ ਕਿਸਮ ਹੈ। ਇਹ ਜੂਨ ਦੇ ਪਹਿਲੇ ਹਫ਼ਤੇ ਤੱਕ ਔਸਤਨ 402 ਕੁਇੰਟਲ ਪ੍ਰਤੀ ਏਕੜ ਹਰਾ ਚਾਰਾ ਦੇ ਸਕਦੀ ਹੈ।
ਕਿਸਾਨਾਂ ਲਈ ਖਾਸ ਮੌਕਾ
ਕਿਸਾਨ ਮੇਲੇ ਦੌਰਾਨ ਕਿਸਾਨਾਂ ਨੂੰ ਨਵੀਆਂ ਫਸਲੀ ਕਿਸਮਾਂ, ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ, ਝਾੜ ਅਤੇ ਕਾਸ਼ਤ ਨਾਲ ਸਬੰਧਤ ਜਾਣਕਾਰੀ ਮਿਲੇਗੀ। ਇਸ ਕਰਕੇ 18 ਅਤੇ 19 ਸਤੰਬਰ ਨੂੰ ਹੋਣ ਵਾਲਾ ਇਹ ਮੇਲਾ ਕਿਸਾਨਾਂ ਲਈ ਨਵੀਆਂ ਕਿਸਮਾਂ ਬਾਰੇ ਜਾਣਕਾਰੀ ਹਾਸਲ ਕਰਨ ਦਾ ਮਹੱਤਵਪੂਰਨ ਮੌਕਾ ਹੋਵੇਗਾ।
