The Punjab Inside
Saturday, 3 October 2026Admin Login

ਸਿਆਸੀ ਟੁੱਟ-ਭੱਜ: ‘ਆਪ’ ਵਿਧਾਇਕਾਂ ਦੀ ਮੀਟਿੰਗ ਭਲਕੇ

94 ਵਿਧਾਇਕਾਂ ਨੂੰ ਜੋੜ ਕੇ ਰੱਖਣਾ ਵੱਡੀ ਚੁਣੌਤੀ; ਚੱਢਾ ਤੇ ਪਾਠਕ ਦੇ ਕੋਟੇ ’ਚੋਂ ਟਿਕਟਾਂ ਹਾਸਲ ਕਰਨ ਵਾਲੇ ਵਿਧਾਇਕਾਂ ’ਤੇ ਰਹੇਗੀ ਨਜ਼ਰ

ਸਿਆਸੀ ਟੁੱਟ-ਭੱਜ: ‘ਆਪ’ ਵਿਧਾਇਕਾਂ ਦੀ ਮੀਟਿੰਗ ਭਲਕੇ
Punjab Inside Team
Share:

ਆਮ ਆਦਮੀ ਪਾਰਟੀ ਨੇ ਕਿਸੇ ਵੀ ਸੰਭਾਵੀ ਸਿਆਸੀ ਟੁੱਟ-ਭੱਜ ਦੇ ਡਰੋਂ ਹੁਣ ‘ਆਪ’ ਵਿਧਾਇਕਾਂ ’ਤੇ ਨਜ਼ਰਾਂ ਟਿਕਾ ਲਈਆਂ ਹਨ। ਰਾਜ ਸਭਾ ਸਕੱਤਰੇਤ ਨੇ ‘ਆਪ’ ਛੱਡਣ ਵਾਲੇ ਸੱਤ ਸੰਸਦ ਮੈਂਬਰਾਂ ਨੂੰ ਅੱਜ ਭਾਜਪਾਈ ਮੈਂਬਰਾਂ ਵਜੋਂ ਅਧਿਕਾਰਤ ਮਾਨਤਾ ਦੇ ਦਿੱਤੀ ਹੈ। ਇਸ ਮਗਰੋਂ ‘ਆਪ’ ਨੇ ਪਾਰਟੀ ਵਿਧਾਇਕਾਂ ਨੂੰ ਇਕਜੁੱਟ ਰੱਖਣ ਲਈ ਯਤਨ ਤੇਜ਼ ਕਰ ਦਿੱਤੇ ਹਨ। ਪਾਰਟੀ ਲਈ 94 ਵਿਧਾਇਕਾਂ ਨੂੰ ਜੋੜ ਕੇ ਰੱਖਣਾ ਵੱਡੀ ਚੁਣੌਤੀ ਹੈ। ਸਰਕਾਰੀ ਅਤੇ ਗੈਰ-ਸਰਕਾਰੀ ਸੂਹੀਏ ਖ਼ਾਸ ਕਰ ਕੇ ਉਨ੍ਹਾਂ ਵਿਧਾਇਕਾਂ ਦੀ ਪੈੜ ਨੱਪ ਰਹੇ ਹਨ ਜਿਨ੍ਹਾਂ ਨੂੰ ਸਾਲ 2022 ਦੀਆਂ ਚੋਣਾਂ ਮੌਕੇ ਰਾਘਵ ਚੱਢਾ ਅਤੇ ਸੰਦੀਪ ਪਾਠਕ ਦੇ ਕੋਟੇ ’ਚੋਂ ਟਿਕਟਾਂ ਮਿਲੀਆਂ ਸਨ।

ਆਮ ਆਦਮੀ ਪਾਰਟੀ ਨੇ ਆਪਣੇ ਕਾਫ਼ੀ ਵਿਧਾਇਕਾਂ ਨੂੰ ਬੁੱਧਵਾਰ ਨੂੰ ਜਲੰਧਰ ਸੱਦਿਆ ਹੈ ਅਤੇ ਅੱਜ ਸਵੇਰੇ ਇਨ੍ਹਾਂ ਵਿਧਾਇਕਾਂ ਨੂੰ ਮੀਟਿੰਗ ਦੇ ਸੁਨੇਹੇ ਲਾਏ ਹਨ, ਜੋ ਜਲੰਧਰ ਦੀ ਪ੍ਰਾਈਵੇਟ ਯੂਨੀਵਰਸਿਟੀ ’ਚ ਹੋਣੀ ਹੈ। ਮੀਟਿੰਗ ਲਈ ਮਾਲਵੇ ਦੇ ਜ਼ਿਆਦਾ ਵਿਧਾਇਕ ਸੱਦੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ, ‘ਆਪ’ ਦੇ ਪ੍ਰਧਾਨ ਅਮਨ ਅਰੋੜਾ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਮੀਟਿੰਗ ਕਰਨਗੇ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਮੀਟਿੰਗ ਵਿੱਚ ਵਰਚੁਅਲੀ ਸ਼ਾਮਲ ਹੋਣ ਦੀ ਉਮੀਦ ਹੈ।

ਫ਼ਿਰੋਜ਼ਪੁਰ, ਪਟਿਆਲਾ, ਰੋਪੜ ਅਤੇ ਲੁਧਿਆਣਾ ਦੇ ਕਈ ਵਿਧਾਇਕਾਂ ਨੂੰ ਸਾਲ 2022 ਦੀਆਂ ਚੋਣਾਂ ’ਚ ਸੰਸਦ ਮੈਂਬਰ ਰਾਘਵ ਚੱਢਾ ਅਤੇ ਸੰਦੀਪ ਪਾਠਕ ਵੱਲੋਂ ਟਿਕਟਾਂ ਦਿੱਤੀਆਂ ਗਈਆਂ ਸਨ। ਰਿਪੋਰਟਾਂ ਅਨੁਸਾਰ ਖ਼ੁਫ਼ੀਆ ਤੰਤਰ ਵੀ ਇਨ੍ਹਾਂ ਵਿਧਾਇਕਾਂ ’ਤੇ ਨਜ਼ਰ ਰੱਖ ਰਿਹਾ ਹੈ। ‘ਆਪ’ ਦੇ ਇੱਕ-ਦੋ ਵਿਧਾਇਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਰੋਜ਼ਾਨਾ ਦੀ ਸਰਗਰਮੀ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਹਰ ਮੀਟਿੰਗ ਨੂੰ ਵਾਚਿਆ ਜਾ ਰਿਹਾ ਹੈ। ਖ਼ਾਸ ਕਰ ਕੇ ਇਨ੍ਹਾਂ ਵਿਧਾਇਕਾਂ ਦੀ ਲੋਕੇਸ਼ਨ ਦੀ ਪਲ-ਪਲ ਦੀ ਸੂਚਨਾ ਇਕੱਠੀ ਕੀਤੀ ਜਾ ਰਹੀ ਹੈ।

ਸੱਤ ਸੰਸਦ ਮੈਂਬਰਾਂ ਦੇ ‘ਆਪ’ ਛੱਡਣ ਮਗਰੋਂ ਵਿਧਾਇਕਾਂ ਨੂੰ ਹੁਣ ਪਾਰਟੀ ਰਣਨੀਤਕ ਤਰੀਕੇ ਨਾਲ ਹੀ ਕਾਬੂ ਵਿੱਚ ਰੱਖ ਸਕਦੀ ਹੈ। ਵਿਧਾਇਕਾਂ ਨੂੰ ਹੁਣ ਆਪਣੀ ਵੁੱਕਤ ਬਣਨ ਦੀ ਸੰਭਾਵਨਾ ਹੈ। ਪਾਰਟੀ ’ਚ ਅਨੁਸ਼ਾਸਨ ਕਾਇਮ ਰੱਖਣ ਵਾਸਤੇ ਲੀਡਰਸ਼ਿਪ ਨੂੰ ਬਹੁਤੀ ਸਖ਼ਤੀ ਤੋਂ ਗੁਰੇਜ਼ ਕਰਨਾ ਪੈ ਸਕਦਾ ਹੈ।

ਬੋਰਡਾਂ ਤੇ ਨਿਗਮਾਂ ਦੇ ਚੇਅਰਮੈਨ ਵੀ ਰਡਾਰ ਉੱਤੇ

ਸੰਦੀਪ ਪਾਠਕ ਨੇ ਪੰਜਾਬ ’ਚ ਪਾਰਟੀ ਸੰਗਠਨ ਉੱਤੇ ਕੰਮ ਕੀਤਾ ਹੈ ਅਤੇ ਦਰਜਨਾਂ ਚੇਅਰਮੈਨ ਵੀ ਉਨ੍ਹਾਂ ਦੀ ਸਿਫ਼ਾਰਸ਼ ’ਤੇ ਲੱਗੇ ਹਨ। ਪਾਰਟੀ ਵੱਲੋਂ ਬੋਰਡਾਂ ਅਤੇ ਨਿਗਮਾਂ ਦੇ ਚੇਅਰਮੈਨਾਂ ਅਤੇ ਉਪ ਚੇਅਰਮੈਨਾਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਮੌਜੂਦਾ ਲੀਡਰਸ਼ਿਪ ਅਜਿਹੇ ਚੇਅਰਮੈਨਾਂ ਨੂੰ ਰੱਖਣ ਜਾਂ ਬਾਹਰ ਦਾ ਰਸਤਾ ਦਿਖਾਉਣ ਬਾਰੇ ਸ਼ਸ਼ੋਪੰਜ ਵਿੱਚ ਹੈ। ਬੁੱਧਵਾਰ ਦੀ ਮੀਟਿੰਗ ’ਚ ਇਸ ਮਾਮਲੇ ’ਤੇ ਵੀ ਚਰਚਾ ਹੋ ਸਕਦੀ ਹੈ।