The Punjab Inside
Saturday, 3 October 2026Admin Login

ਗਰੀਬੀ ਦੀ ਮਾਰ: ਫਰੀਦਕੋਟ ਦੇ ਜੋੜੇ ਨੇ 2.25 ਲੱਖ ’ਚ ਵੇਚਿਆ 3 ਦਿਨਾਂ ਦਾ ਪੁੱਤ, ਗਿਰੋਹ ਦਾ ਪਰਦਾਫਾਸ਼

ਬਹਾਦਰਗੜ੍ਹ ਪੁਲੀਸ ਵੱਲੋਂ ਬੱਚਾ ਤਸਕਰੀ ਨੈੱਟਵਰਕ ਦੇ ਮਾਮਲੇ ਵਿੱਚ ਖੁਲਾਸਾ

ਗਰੀਬੀ ਦੀ ਮਾਰ: ਫਰੀਦਕੋਟ ਦੇ ਜੋੜੇ ਨੇ 2.25 ਲੱਖ ’ਚ ਵੇਚਿਆ 3 ਦਿਨਾਂ ਦਾ ਪੁੱਤ, ਗਿਰੋਹ ਦਾ ਪਰਦਾਫਾਸ਼
Punjab Inside Team
Share:

ਪੰਜਾਬ ਦੇ ਇੱਕ ਜੋੜੇ, ਜੋ ਦੋਵੇਂ ਦਿਹਾੜੀਦਾਰ ਮਜ਼ਦੂਰ ਹਨ, ਨੇ ਆਪਣੇ ਤਿੰਨ ਦਿਨਾਂ ਦੇ ਪੁੱਤਰ ਨੂੰ ਇੱਕ ਅੰਤਰ-ਰਾਜੀ ਬੱਚਾ ਤਸਕਰੀ ਕਰਨ ਵਾਲੇ ਗਿਰੋਹ ਨੂੰ ਇਸ ਵਿਸ਼ਵਾਸ ਨਾਲ ਵੇਚ ਦਿੱਤਾ ਕਿ ਗੋਦ ਲੈਣ ਵਾਲਾ ਪਰਿਵਾਰ ਉਸ ਨੂੰ ਬਿਹਤਰ ਭਵਿੱਖ ਦੇਵੇਗਾ, ਕਿਉਂਕਿ ਉਹ ਪਹਿਲਾਂ ਹੀ ਦੋ ਬੱਚਿਆਂ ਦੀ ਪਰਵਰਿਸ਼ ਕਰਦੇ ਹੋਏ ਤੀਜੇ ਬੱਚੇ ਦੀ ਦੇਖਭਾਲ ਕਰਨ ਵਿੱਚ ਅਸਮਰੱਥ ਸਨ।

ਇਸ ਗੈਰ-ਕਾਨੂੰਨੀ ਵਪਾਰ ਬਾਰੇ ਬਹਾਦਰਗੜ੍ਹ ਪੁਲੀਸ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ। ਇੱਕ ਹਫ਼ਤਾ ਪਹਿਲਾਂ ਬਹਾਦਰਗੜ੍ਹ (ਝੱਜਰ) ਵਿੱਚ ਪੁਲੀਸ ਨੇ ਇੱਕ ਨਵਜੰਮੇ ਬੱਚੇ ਨੂੰ ਛੁਡਵਾਇਆ ਸੀ, ਜਿਸ ਤੋਂ ਬਾਅਦ ਪੰਜਾਬ ਤੋਂ ਮਹਾਰਾਸ਼ਟਰ ਤੱਕ ਫੈਲੇ ਦਸ ਤੋਂ ਵੱਧ ਰਾਜਾਂ ਦੇ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਹੋਇਆ ਹੈ।

ਬਹਾਦਰਗੜ੍ਹ ਦੇ ਡਿਪਟੀ ਕਮਿਸ਼ਨਰ ਆਫ ਪੁਲੀਸ (DCP) ਮਯੰਕ ਮਿਸ਼ਰਾ ਨੇ ਦੱਸਿਆ, “ਫਰੀਦਕੋਟ (ਪੰਜਾਬ) ਦੇ ਰਹਿਣ ਵਾਲੇ ਇਸ ਜੋੜੇ ਦੇ ਪਹਿਲਾਂ ਹੀ 15 ਅਤੇ 9 ਸਾਲ ਦੇ ਦੋ ਬੱਚੇ ਹਨ। ਉਹ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਹਨ ਅਤੇ ਆਪਣੇ ਬੱਚਿਆਂ ਲਈ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਵੀ ਸੰਘਰਸ਼ ਕਰ ਰਹੇ ਹਨ। ਤੀਜਾ ਬੱਚਾ ਅਣਚਾਹਿਆ ਸੀ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਨੇ ਗਰਭਪਾਤ ਬਾਰੇ ਵੀ ਸੋਚਿਆ ਸੀ, ਪਰ ਡਾਕਟਰਾਂ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਸਮਾਂ ਸੀਮਾ ਲੰਘ ਚੁੱਕੀ ਸੀ।”

ਉਨ੍ਹਾਂ ਅੱਗੇ ਦੱਸਿਆ ਕਿ ਜੋੜੇ ਨੇ ਆਪਣੀ ਮਜਬੂਰੀ ਇੱਕ ਸਥਾਨਕ ਜਾਣਕਾਰ ਨਾਲ ਸਾਂਝੀ ਕੀਤੀ, ਜਿਸ ਨੇ ਉਨ੍ਹਾਂ ਨੂੰ ਬੱਚਾ ਵੇਚਣ ਲਈ ਉਕਸਾਇਆ ਅਤੇ ਦਾਅਵਾ ਕੀਤਾ ਕਿ ਉਸ ਦੇ ਸੰਪਰਕ ਅਜਿਹੇ ਗਰੁੱਪ ਨਾਲ ਹਨ ਜੋ ਗੋਦ ਲੈਣ ਦਾ ਕੰਮ ਕਰਦਾ ਹੈ। ਉਸ ਨੇ ਇਹ ਵੀ ਭਰੋਸਾ ਦਿੱਤਾ ਕਿ ਬੱਚੇ ਦੇ ਬਦਲੇ ਗੋਦ ਲੈਣ ਵਾਲੇ ਪਰਿਵਾਰ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾਵੇਗੀ।

ਡੀਸੀਪੀ ਮਿਸ਼ਰਾ ਨੇ ਦੱਸਿਆ ਕਿ ਮਾਪੇ ਅਨਪੜ੍ਹ ਸਨ ਅਤੇ ਇਸ ਗੱਲ ਤੋਂ ਅਣਜਾਣ ਸਨ ਕਿ ਜਿਨ੍ਹਾਂ ਲੋਕਾਂ ਨਾਲ ਉਹ ਸੰਪਰਕ ਵਿੱਚ ਸਨ, ਉਹ ਬੱਚਾ ਤਸਕਰੀ ਕਰਨ ਵਾਲੇ ਗਿਰੋਹ ਦਾ ਹਿੱਸਾ ਹਨ। ਗਿਰੋਹ ਦੇ ਮੈਂਬਰ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਜੋੜੇ ਦੇ ਸੰਪਰਕ ਵਿੱਚ ਸਨ। ਫਰੀਦਕੋਟ ਦੇ ਇੱਕ ਹਸਪਤਾਲ ਵਿੱਚ ਜਨਮ ਤੋਂ ਤਿੰਨ ਦਿਨ ਬਾਅਦ ਗਿਰੋਹ ਨੇ ਬੱਚੇ ਨੂੰ 2.25 ਲੱਖ ਰੁਪਏ ਵਿੱਚ ਲੈ ਲਿਆ। ਇਸ ਬੱਚੇ ਨੂੰ ਅੱਗੇ 9.25 ਲੱਖ ਰੁਪਏ ਵਿੱਚ ਦਿੱਲੀ ਦੇ ਇੱਕ ਪਰਿਵਾਰ ਨੂੰ ਵੇਚਿਆ ਜਾਣਾ ਸੀ, ਜੋ 31 ਮਾਰਚ ਨੂੰ ਬਹਾਦਰਗੜ੍ਹ ਪਹੁੰਚਣ ਵਾਲਾ ਸੀ। ਪਰ ਪੁਲੀਸ ਨੇ ਇਸ ਤੋਂ ਪਹਿਲਾਂ ਹੀ ਪੰਜਾਬ ਦੀ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ। ਡੀਸੀਪੀ ਅਨੁਸਾਰ ਜਾਂਚ ਜਾਰੀ ਹੈ ਅਤੇ ਹੁਣ ਤੱਕ ਪੰਜਾਬ, ਉੱਤਰ ਪ੍ਰਦੇਸ਼, ਛੱਤੀਸਗੜ੍ਹ ਅਤੇ ਦਿੱਲੀ ਤੋਂ ਸੱਤ ਵਿਅਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਹੋਰ ਗੈਂਗ ਮੈਂਬਰਾਂ ਦੀ ਭਾਲ ਲਈ ਵੱਖ-ਵੱਖ ਰਾਜਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।