Punjab Mandi Closure: ਪੰਜਾਬ ਦੀਆਂ 35 ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਬੰਦ, ਸੀਜ਼ਨ ਵਿਚਾਲੇ ਫ਼ੈਸਲੇ ਨਾਲ ਕਿਸਾਨਾਂ ਦੀ ਵਧੀ ਪ੍ਰੇਸ਼ਾਨੀ
ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਦੇ ਸੀਜ਼ਨ ਦੌਰਾਨ ਪੰਜਾਬ ਮੰਡੀ ਬੋਰਡ ਨੇ ਚਾਰ ਜ਼ਿਲ੍ਹਿਆਂ ਦੀਆਂ 35 ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿੱਚ ਖ਼ਰੀਦ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੰਜਾਬ ਮੰਡੀ ਬੋਰਡ ਦੇ ਸਕੱਤਰ ਕੁਮਾਰ ਅਮਿਤ ਵੱਲੋਂ ਜਾਰੀ ਪੱਤਰ ਅਨੁਸਾਰ ਇਹ ਹੁਕਮ ਮੰਗਲਵਾਰ ਸ਼ਾਮ 5 ਵਜੇ ਤੋਂ ਲਾਗੂ ਕਰਨ ਲਈ ਕਿਹਾ ਗਿਆ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਪ੍ਰਬੰਧਕੀ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਖ਼ੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਪੰਜਾਬ ਦੀ ਸਿਫ਼ਾਰਸ਼ ’ਤੇ ਇਹ ਫ਼ੈਸਲਾ ਲਿਆ ਗਿਆ ਹੈ। ਹਾਲਾਂਕਿ, ਸੂਬੇ ਦੇ ਬਾਕੀ ਸਾਰੇ ਮੁੱਖ ਯਾਰਡ, ਸਬ-ਯਾਰਡ ਅਤੇ ਖ਼ਰੀਦ ਕੇਂਦਰ ਪਹਿਲਾਂ ਵਾਂਗ ਚਾਲੂ ਰਹਿਣਗੇ।
ਦੂਜੇ ਪਾਸੇ, ਜਿਨ੍ਹਾਂ ਮੰਡੀਆਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਉਨ੍ਹਾਂ ਵਿੱਚੋਂ ਕਈ ਥਾਵਾਂ ’ਤੇ ਹਾਲੇ ਵੀ ਝੋਨੇ ਦੀ ਆਮਦ ਜਾਰੀ ਹੈ। ਇਸ ਕਾਰਨ ਕਿਸਾਨਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ।
ਅੰਮ੍ਰਿਤਸਰ ਦੀਆਂ 17 ਮੰਡੀਆਂ ਵਿੱਚ ਖ਼ਰੀਦ ਬੰਦ
ਅੰਮ੍ਰਿਤਸਰ ਜ਼ਿਲ੍ਹੇ ਦੀਆਂ ਹੇਠ ਲਿਖੀਆਂ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿੱਚ ਝੋਨੇ ਦੀ ਖ਼ਰੀਦ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ:
ਟਾਹਲੀ ਸਾਹਿਬ, ਭੋਏਵਾਲ, ਜਲਾਲ ਉਸਮਾ, ਜਸਰੌਰ, ਰਾਜਾਤਾਲ, ਬਚੀਵਿੰਡ, ਖਲਚੀਆਂ, ਕਾਲੇਕੇ, ਤਰਸਿੱਕਾ, ਗਿੱਲ, ਖਤਰਾਏ ਕਲਾਂ, ਚੱਕ ਸਿਕੰਦਰ, ਚਮਿਆਰੀ, ਸਾਹਬਾਜ਼ਪੁਰ ਛੀਨਾ, ਟਾਂਗਰਾ, ਢੱਡੇ ਅਤੇ ਸਠਿਆਲਾ।
ਕਪੂਰਥਲਾ ਦੀਆਂ 3 ਮੰਡੀਆਂ ਬੰਦ
ਕਪੂਰਥਲਾ ਜ਼ਿਲ੍ਹੇ ਵਿੱਚ ਲੱਖਣਕੇ ਪੱਡੇ, ਪਰਮਜਿੱਤਪੁਰ ਅਤੇ ਭਰੋਆਨਾ ਦੀਆਂ ਮੰਡੀਆਂ ਵਿੱਚ ਖ਼ਰੀਦ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।
ਤਰਨ ਤਾਰਨ ਦੀਆਂ 10 ਮੰਡੀਆਂ ਵੀ ਬੰਦ
ਤਰਨ ਤਾਰਨ ਜ਼ਿਲ੍ਹੇ ਵਿੱਚ ਸ਼ੇਰੋਂ, ਚੱਕ ਕਰੇ ਖਾਂ, ਮੀਆਂਵਿੰਡ, ਖਡੂਰ ਸਾਹਿਬ, ਵਾ ਤਾਰਾ ਸਿੰਘ, ਕਸੇਲ, ਢੋਟੀਆਂ, ਠੱਠੀਆਂ ਮਹੱਨਤਾ, ਰੱਤੋਕੇ ਅਤੇ ਰਾਜੋਕੇ ਦੀਆਂ ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿੱਚ ਖ਼ਰੀਦ ਬੰਦ ਕਰਨ ਲਈ ਕਿਹਾ ਗਿਆ ਹੈ।
ਮੁਹਾਲੀ ਜ਼ਿਲ੍ਹੇ ਦੇ 5 ਖ਼ਰੀਦ ਕੇਂਦਰ ਬੰਦ
ਮੁਹਾਲੀ ਜ਼ਿਲ੍ਹੇ ਵਿੱਚ ਨਗਲਾ ਰੋਡ (ਜ਼ੀਰਕਪੁਰ), ਧਨੋਨੀ, ਟਿਵਾਣਾ, ਸਨੇਟਾ ਅਤੇ ਅਮਲਾਲਾ ਦੇ ਖ਼ਰੀਦ ਕੇਂਦਰਾਂ ਵਿੱਚ ਵੀ ਝੋਨੇ ਦੀ ਖ਼ਰੀਦ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਦਾਣਾ-ਦਾਣਾ ਖ਼ਰੀਦਣ ਦੇ ਦਾਅਵਿਆਂ ’ਤੇ ਬਲਬੀਰ ਸਿੱਧੂ ਨੇ ਚੁੱਕੇ ਸਵਾਲ
ਸਾਬਕਾ ਕਾਂਗਰਸੀ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦੀ ਆਲੋਚਨਾ ਕਰਦਿਆਂ ਸਵਾਲ ਕੀਤਾ ਹੈ ਕਿ ਜਦੋਂ ਮੰਡੀਆਂ ਵਿੱਚ ਝੋਨੇ ਦੀ ਆਮਦ ਜਾਰੀ ਹੈ ਅਤੇ ਵਾਢੀ ਦਾ ਕੰਮ ਵੀ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਇਆ ਤਾਂ ਖ਼ਰੀਦ ਕੇਂਦਰ ਬੰਦ ਕਰਨ ਦੀ ਲੋੜ ਕਿਉਂ ਪਈ?
ਉਨ੍ਹਾਂ ਕਿਹਾ ਕਿ ਝੋਨੇ ਦੀ ਖ਼ਰੀਦ ਦੇ ਸੀਜ਼ਨ ਦੌਰਾਨ ਇਸ ਤਰ੍ਹਾਂ ਮੰਡੀਆਂ ਬੰਦ ਕਰਨਾ ਕਿਸਾਨਾਂ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਜੇ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦਣ ਦਾ ਦਾਅਵਾ ਕਰਦੀ ਹੈ ਤਾਂ ਫਿਰ ਮੰਡੀਆਂ ਬੰਦ ਕਰਨ ਦਾ ਫ਼ੈਸਲਾ ਕਿਉਂ ਲਿਆ ਗਿਆ ਹੈ।
ਬਲਬੀਰ ਸਿੱਧੂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬੰਦ ਕੀਤੀਆਂ ਮੰਡੀਆਂ ਵਿੱਚ ਤੁਰੰਤ ਝੋਨੇ ਦੀ ਖ਼ਰੀਦ ਮੁੜ ਸ਼ੁਰੂ ਕੀਤੀ ਜਾਵੇ।
ਬਾਹਰੀ ਸੂਬਿਆਂ ਤੋਂ ਝੋਨਾ ਲਿਆਉਣ ਦੇ ਦੋਸ਼: ਚਾਰ ਆੜ੍ਹਤੀ ਫਰਮਾਂ ਦੇ ਲਾਇਸੈਂਸ ਮੁਅੱਤਲ
ਲੰਬੀ: ਦੂਜੇ ਸੂਬਿਆਂ ਤੋਂ ਸਸਤੇ ਭਾਅ ’ਤੇ ਝੋਨਾ ਲਿਆ ਕੇ ਪੰਜਾਬ ਦੀ ਸਰਕਾਰੀ ਖ਼ਰੀਦ ਵਿੱਚ ਸ਼ਾਮਲ ਕਰਨ ਅਤੇ ਗ਼ੈਰ-ਕਾਨੂੰਨੀ ਆਰਜ਼ੀ ਯਾਰਡ ਬਣਾਉਣ ਦੇ ਦੋਸ਼ਾਂ ਤਹਿਤ ਮਾਰਕੀਟ ਕਮੇਟੀ ਕਿੱਲਿਆਂਵਾਲੀ ਨੇ ਚਾਰ ਆੜ੍ਹਤੀ ਫਰਮਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਹਨ। ਇਸ ਤੋਂ ਇਲਾਵਾ, ਢਾਣੀ ਤੇਲੀਆਂਵਾਲੀ ਦੇ ਦੋ ਆੜ੍ਹਤੀਆਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਹਨ।
ਮਾਰਕੀਟ ਕਮੇਟੀ ਦੇ ਸਕੱਤਰ ਅਮਨਦੀਪ ਕੰਗ ਨੇ ਦੱਸਿਆ ਕਿ ਦੂਜੇ ਸੂਬਿਆਂ ਤੋਂ ਝੋਨਾ ਲਿਆਉਣ ਅਤੇ ਗ਼ੈਰ-ਮਨਜ਼ੂਰਸ਼ੁਦਾ ਥਾਵਾਂ ’ਤੇ ਉਤਾਰਨ ਦੇ ਦੋਸ਼ਾਂ ਤਹਿਤ ਇਹ ਕਾਰਵਾਈ ਕੀਤੀ ਗਈ ਹੈ।
ਜਿਨ੍ਹਾਂ ਫਰਮਾਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ, ਉਨ੍ਹਾਂ ਵਿੱਚ ਹਾਕੂਵਾਲਾ ਦੀ ਮਸ਼ਾਲ ਟਰੇਡਿੰਗ ਕੰਪਨੀ ਅਤੇ ਛਾਬੜਾ ਟਰੇਡਿੰਗ ਕੰਪਨੀ ਦੇ ਨਾਲ-ਨਾਲ ਮੰਡੀ ਕਿੱਲਿਆਂਵਾਲੀ ਦੀ ਜਗਦੀਸ਼ ਰਾਏ ਐਂਡ ਸੰਨਜ਼ ਅਤੇ ਸ਼ੁਭ ਰਾਮ ਬਿਹਾਰੀ ਲਾਲ ਸ਼ਾਮਲ ਹਨ।
ਇਸ ਕਾਰਵਾਈ ਦਾ ਉਦੇਸ਼ ਝੋਨੇ ਦੀ ਸਰਕਾਰੀ ਖ਼ਰੀਦ ਵਿੱਚ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਾ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਬਾਹਰੀ ਝੋਨਾ ਖਪਾਉਣ ਦੀਆਂ ਕਥਿਤ ਕੋਸ਼ਿਸ਼ਾਂ ਨੂੰ ਰੋਕਣਾ ਹੈ।

