The Punjab Inside
Saturday, 3 October 2026Admin Login

Punjab MC elections: ਅਕਾਲੀ ਦਲ ਦੇ ਜੇਤੂ ਉਮੀਦਵਾਰ 'ਤੇ ਹਾਰੇ ਉਮੀਦਵਾਰ ਦੀ ਪਤਨੀ 'ਤੇ ਗੱਡੀ ਚੜ੍ਹਾਉਣ ਦਾ ਦੋਸ਼; ਹਾਲਤ ਗੰਭੀਰ

ਤਪਾ ਮੰਡੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਮਾਹੌਲ ਉਸ ਸਮੇਂ ਪੂਰੀ ਤਰ੍ਹਾਂ ਗਰਮਾ ਗਿਆ, ਜਦੋਂ ਵਾਰਡ ਨੰਬਰ 8 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰ ਗੁਰਮੀਤ ਸਿੰਘ ਰੋਡ ਅਤੇ ਉਨ੍ਹਾਂ ਦੇ ਸਮਰਥਕਾਂ 'ਤੇ ਚੋਣ ਹਾਰੇ ਆਜ਼ਾਦ ਉਮੀਦਵਾਰ ਨਾਜ਼ਮ ਹੁਸੈਨ...

Punjab MC elections: ਅਕਾਲੀ ਦਲ ਦੇ ਜੇਤੂ ਉਮੀਦਵਾਰ 'ਤੇ ਹਾਰੇ ਉਮੀਦਵਾਰ ਦੀ ਪਤਨੀ 'ਤੇ ਗੱਡੀ ਚੜ੍ਹਾਉਣ ਦਾ ਦੋਸ਼; ਹਾਲਤ ਗੰਭੀਰ
Punjab Inside Team
Share:

ਤਪਾ ਮੰਡੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਮਾਹੌਲ ਉਸ ਸਮੇਂ ਪੂਰੀ ਤਰ੍ਹਾਂ ਗਰਮਾ ਗਿਆ, ਜਦੋਂ ਵਾਰਡ ਨੰਬਰ 8 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰ ਗੁਰਮੀਤ ਸਿੰਘ ਰੋਡ ਅਤੇ ਉਨ੍ਹਾਂ ਦੇ ਸਮਰਥਕਾਂ 'ਤੇ ਚੋਣ ਹਾਰੇ ਆਜ਼ਾਦ ਉਮੀਦਵਾਰ ਨਾਜ਼ਮ ਹੁਸੈਨ ਰਾਜੂ ਖਾਨ ਦੀ ਪਤਨੀ ਉੱਪਰ ਗੱਡੀ ਚੜ੍ਹਾਉਣ ਦੇ ਦੋਸ਼ ਲੱਗੇ। ਅਕਾਲੀ ਉਮੀਦਵਾਰ ਦੇ ਸਮਰਥਕਾਂ ਵੱਲੋਂ ਸ਼ਰੇਆਮ ਗੁੰਡਾਗਰਦੀ ਕਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਕਥਿਤ ਤੌਰ 'ਤੇ ਜਾਣਬੁੱਝ ਕੇ ਮਾਹੌਲ ਖ਼ਰਾਬ ਕੀਤਾ ਗਿਆ।

ਦੋਸ਼ ਹੈ ਕਿ ਹਾਰੇ ਹੋਏ ਉਮੀਦਵਾਰ ਦੇ ਘਰ ਕੋਲ ਗੱਡੀ ਲਿਜਾ ਕੇ ਉਨ੍ਹਾਂ ਦੀ ਪਤਨੀ ਰਾਣੀ ਦੇ ਉੱਪਰ ਸਕਾਰਪੀਓ ਗੱਡੀ ਚੜ੍ਹਾ ਦਿੱਤੀ ਗਈ ਅਤੇ ਉਨ੍ਹਾਂ ਨੂੰ ਕਾਫ਼ੀ ਦੂਰ ਤੱਕ ਗੱਡੀ ਨਾਲ ਘੜੀਸਿਆ ਗਿਆ। ਇਸ ਹਾਦਸੇ ਵਿੱਚ ਜ਼ਖ਼ਮੀ ਰਾਣੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਤਪਾ ਮੰਡੀ ਤੋਂ ਬਰਨਾਲਾ ਦੇ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ।

ਇਸ ਮੌਕੇ ਸਥਾਨਕ ਲੋਕਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਮੀਤ ਸਿੰਘ ਰੋਡ ਅਤੇ ਉਨ੍ਹਾਂ ਦੇ ਸਾਥੀਆਂ ਨੇ ਜਾਣਬੁੱਝ ਕੇ ਮੁਹੱਲੇ ਵਿੱਚ ਆ ਕੇ ਮਾਹੌਲ ਖ਼ਰਾਬ ਕੀਤਾ। ਲੋਕਾਂ ਮੁਤਾਬਕ ਉੱਥੇ ਮੌਜੂਦ ਔਰਤ ਤਾਂ ਜ਼ਖ਼ਮੀ ਹੋਈ ਹੀ, ਪਰ ਜੇਕਰ ਬਚਾਅ ਨਾ ਹੁੰਦਾ ਤਾਂ ਗਲੀ ਵਿੱਚ ਜਾ ਰਹੇ ਛੋਟੇ ਬੱਚਿਆਂ ਉੱਪਰ ਵੀ ਗੱਡੀ ਚੜ੍ਹ ਸਕਦੀ ਸੀ। ਇਸ ਘਟਨਾ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਸਕਾਰਪੀਓ ਗੱਡੀ ਦੀ ਭੰਨ-ਤੋੜ ਕਰ ਦਿੱਤੀ।

ਚੋਣ ਹਾਰੇ ਆਜ਼ਾਦ ਉਮੀਦਵਾਰ ਅਤੇ ਜ਼ਖ਼ਮੀ ਔਰਤ ਦੇ ਪਤੀ ਨਾਜ਼ਮ ਹੁਸੈਨ ਰਾਜੂ ਖਾਨ ਨੇ ਜੇਤੂ ਅਕਾਲੀ ਉਮੀਦਵਾਰ ਗੁਰਮੀਤ ਸਿੰਘ ਰੋਡ ਅਤੇ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੀ ਪਤਨੀ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਅਤੇ ਹਮਲਾਵਰਾਂ ਦੀ ਗੱਡੀ ਵਿੱਚੋਂ ਵੱਡੀ ਮਾਤਰਾ 'ਚ ਲੋਹੇ ਦੀਆਂ ਰਾਡਾਂ ਅਤੇ ਪਟਾਕੇ ਵੀ ਮਿਲੇ ਹਨ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਮੀਤ ਸਿੰਘ ਰੋਡ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਇਨ੍ਹਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਿਆ ਹੈ।