ਪੰਜਾਬ ਤੋਂ ਮਾਨਸੂਨ ਦੀ ਵਾਪਸੀ, 45% ਤੱਕ ਘੱਟ ਪਈ ਬਾਰਿਸ਼; ਆਉਣ ਵਾਲੇ ਦਿਨਾਂ ਵਿੱਚ ਮੌਸਮ ਰਹੇਗਾ ਖੁਸ਼ਕ
ਪੰਜਾਬ ਤੋਂ ਮਾਨਸੂਨ ਦੀ ਵਾਪਸੀ ਹੋ ਚੁੱਕੀ ਹੈ। ਇਸ ਵਾਰ ਅਗਸਤ-ਸਤੰਬਰ ਵਿੱਚ ਬਾਰਿਸ਼ ਆਮ ਨਾਲੋਂ 40–45% ਘੱਟ ਰਹੀ, ਜਦਕਿ ਤਾਪਮਾਨ ਕਰੀਬ 2°C ਵੱਧ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ਵਿੱਚ ਮੌਸਮ ਮੁੱਖ ਤੌਰ ’ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਫਿਲਹਾਲ ਵੱਡੀ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ।
ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਤੋਂ ਮਾਨਸੂਨ ਦੀ ਵਾਪਸੀ ਹੋ ਚੁੱਕੀ ਹੈ। ਇਸ ਵਾਰ ਸੂਬੇ ਵਿੱਚ ਬਾਰਿਸ਼ ਆਮ ਨਾਲੋਂ ਘੱਟ ਦਰਜ ਕੀਤੀ ਗਈ ਹੈ। ਖਾਸ ਕਰਕੇ ਲੁਧਿਆਣਾ ਵਿੱਚ ਅਗਸਤ ਅਤੇ ਸਤੰਬਰ ਦੌਰਾਨ ਬਾਰਿਸ਼ ਵਿੱਚ ਕਾਫੀ ਕਮੀ ਰਹੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਲੁਧਿਆਣਾ ਦੇ ਮੌਸਮ ਵਿਭਾਗ ਦੀ ਵਿਗਿਆਨੀ ਡਾ. ਪਵਨੀਤ ਕੌਰ ਕਿੰਗਰਾ ਨੇ ਮੌਸਮ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਅਗਸਤ-ਸਤੰਬਰ ਵਿੱਚ ਬਾਰਿਸ਼ ਵਿੱਚ ਵੱਡੀ ਕਮੀ
ਡਾ. ਪਵਨੀਤ ਕੌਰ ਕਿੰਗਰਾ ਮੁਤਾਬਕ ਜੂਨ ਅਤੇ ਜੁਲਾਈ ਵਿੱਚ ਲੁਧਿਆਣਾ ਵਿੱਚ ਬਾਰਿਸ਼ ਲਗਭਗ ਆਮ ਰਹੀ, ਪਰ ਅਗਸਤ ਅਤੇ ਸਤੰਬਰ ਵਿੱਚ ਬਾਰਿਸ਼ 40 ਤੋਂ 45 ਫੀਸਦੀ ਤੱਕ ਘੱਟ ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੌਜੂਦਾ ਤਾਪਮਾਨ ਵੀ ਆਮ ਨਾਲੋਂ ਕਰੀਬ ਦੋ ਡਿਗਰੀ ਵੱਧ ਚੱਲ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਗਰਮੀ ਜ਼ਿਆਦਾ ਮਹਿਸੂਸ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਫਿਲਹਾਲ ਬਾਰਿਸ਼ ਨੂੰ ਲੈ ਕੇ ਕੋਈ ਨਵਾਂ ਵੱਡਾ ਅਪਡੇਟ ਨਹੀਂ ਹੈ।
ਲੁਧਿਆਣਾ ਵਿੱਚ ਕਿੰਨੀ ਹੋਈ ਬਾਰਿਸ਼?
ਮੌਸਮ ਵਿਗਿਆਨੀ ਅਨੁਸਾਰ ਲੁਧਿਆਣਾ ਵਿੱਚ ਅਗਸਤ ਮਹੀਨੇ ਦੌਰਾਨ ਆਮ ਤੌਰ ’ਤੇ ਕਰੀਬ 190 ਐਮਐਮ ਬਾਰਿਸ਼ ਹੁੰਦੀ ਹੈ, ਜਦਕਿ ਇਸ ਸਾਲ ਇਸ ਮਹੀਨੇ ਵਿੱਚ ਸਿਰਫ਼ 105 ਐਮਐਮ ਬਾਰਿਸ਼ ਦਰਜ ਕੀਤੀ ਗਈ।
ਇਸੇ ਤਰ੍ਹਾਂ ਸਤੰਬਰ ਵਿੱਚ ਲੁਧਿਆਣਾ ਵਿੱਚ ਆਮ ਬਾਰਿਸ਼ ਲਗਭਗ 106 ਐਮਐਮ ਰਹਿੰਦੀ ਹੈ, ਪਰ ਇਸ ਸਾਲ ਹੁਣ ਤੱਕ ਇਸ ਦੇ ਮੁਕਾਬਲੇ ਕਾਫੀ ਘੱਟ ਬਾਰਿਸ਼ ਦਰਜ ਹੋਈ ਹੈ। ਇਸ ਕਰਕੇ ਇਸ ਵਾਰ ਮਾਨਸੂਨ ਨੂੰ ਕਮਜ਼ੋਰ ਮੰਨਿਆ ਜਾ ਰਿਹਾ ਹੈ।
ਕਿਸਾਨਾਂ ਲਈ ਕੀ ਹੈ ਸਲਾਹ?
ਝੋਨੇ ਦੀ ਵਾਢੀ ਦਾ ਸੀਜ਼ਨ ਵੀ ਸ਼ੁਰੂ ਹੋਣ ਵਾਲਾ ਹੈ। ਡਾ. ਕਿੰਗਰਾ ਨੇ ਕਿਹਾ ਕਿ ਫਿਲਹਾਲ ਕਿਸਾਨ ਆਪਣੀਆਂ ਫਸਲਾਂ ਨਾਲ ਸਬੰਧਤ ਗਤੀਵਿਧੀਆਂ ਆਸਾਨੀ ਨਾਲ ਕਰ ਸਕਦੇ ਹਨ। ਆਉਣ ਵਾਲੇ ਦਿਨਾਂ ਵਿੱਚ ਮੌਸਮ ਆਮ ਤੋਂ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਫਿਲਹਾਲ ਬਾਰਿਸ਼ ਦੀ ਕੋਈ ਖਾਸ ਸੰਭਾਵਨਾ ਨਹੀਂ ਦੱਸੀ ਗਈ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪੰਜਾਬ ਦੇ ਕੁਝ ਉੱਤਰ-ਪੂਰਬੀ ਹਿੱਸਿਆਂ ਵਿੱਚੋਂ ਮਾਨਸੂਨ ਦੀ ਵਾਪਸੀ ਹਾਲੇ ਪੂਰੀ ਨਹੀਂ ਹੋਈ, ਜਦਕਿ ਸੂਬੇ ਦੇ ਬਾਕੀ ਜ਼ਿਆਦਾਤਰ ਇਲਾਕਿਆਂ ਵਿੱਚੋਂ ਮਾਨਸੂਨ ਵਾਪਸ ਜਾ ਚੁੱਕਾ ਹੈ।
