The Punjab Inside
Saturday, 3 October 2026Admin Login

Punjab Municipal Elections: ‘ਨਿਆਂ ਨਾ ਮਿਲਿਆ ਤਾਂ ਹਾਈਕੋਰਟ ਜਾਵਾਂਗੇ’: ਬਿਕਰਮ ਮਜੀਠੀਆ ਵੱਲੋਂ ਈਓ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ

ਅਕਾਲੀ ਉਮੀਦਵਾਰਾਂ ਨੂੰ NOC ਨਾ ਦੇਣ ਦੇ ਦੋਸ਼, ਮੁੱਖ ਮੰਤਰੀ ਦਫ਼ਤਰ ’ਤੇ ਲਾਏ ਚੋਣ ਪ੍ਰਕਿਰਿਆ ਵਿੱਚ ਸਿੱਧੀ ਦਖ਼ਲਅੰਦਾਜ਼ੀ ਦੇ ਆਰੋਪ

Punjab Municipal Elections: ‘ਨਿਆਂ ਨਾ ਮਿਲਿਆ ਤਾਂ ਹਾਈਕੋਰਟ ਜਾਵਾਂਗੇ’: ਬਿਕਰਮ ਮਜੀਠੀਆ ਵੱਲੋਂ ਈਓ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ
Punjab Inside Team
Share:

ਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੂੰ ਸ਼ਿਕਾਇਤ ਦੇ ਕੇ ਨਗਰ ਕਮੇਟੀ ਮਜੀਠਾ ਦੇ ਕਾਰਜਸਾਧਕ ਅਫ਼ਸਰ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਹੈ ਜਿਸ ਵੱਲੋਂ ਅਕਾਲੀ ਉਮੀਦਵਾਰਾਂ ਨੂੰ ਐੱਨ.ਓ.ਸੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਮਜੀਠੀਆ ਨੇ ਚੋਣ ਕਮਿਸ਼ਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਨਿਆਂ ਨਾ ਮਿਲਣ ਦੀ ਸੂਰਤ ’ਚ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ।

ਦੱਸਣਯੋਗ ਹੈ ਕਿ ਅੱਜ ਨਿਗਮ ਤੇ ਕੌਂਸਲ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖ਼ਰੀ ਦਿਨ ਸੀ। ਮਜੀਠੀਆ ਨੇ ਕਿਹਾ ਕਿ ਅਕਾਲੀ ਉਮੀਦਵਾਰਾਂ ਨੇ ਸਾਰੇ ਬਕਾਏ ਵੀ ਤਾਰੇ ਹਨ ਅਤੇ ਨਾਮਜ਼ਦਗੀ ਪੱਤਰਾਂ ਨਾਲ ਹਲਫ਼ਨਾਮੇ ਵੀ ਦਾਖਲ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਸਿੱਧੇ ਤੌਰ ’ਤੇ ਚੋਣ ਪ੍ਰਕਿਰਿਆ ’ਚ ਦਾਖਲ ਦੇ ਰਿਹਾ ਹੈ ਅਤੇ ਮਜੀਠਾ ਦੇ ਕਾਰਜਕਾਰੀ ਅਧਿਕਾਰੀ ’ਤੇ ਅਕਾਲੀ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ।

ਮਜੀਠੀਆ ਨੇ ਕਿਹਾ ਕਿ ਰਾਜ ਚੋਣ ਕਮਿਸ਼ਨ ਇਸ ਮਾਮਲੇ ਦਾ ਨੋਟਿਸ ਲਵੇ। ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਗਿਆ ਕਿ ਨਗਰ ਕਮੇਟੀ ਮਜੀਠਾ ਦੇ ਕਾਰਜਕਾਰੀ ਅਧਿਕਾਰੀ ਰਮਨਦੀਪ ਵੜੈਚ ’ਤੇ ਜੂਨ 2025 ਵਿੱਚ ਲੁਧਿਆਣਾ ਕੇਂਦਰੀ ਦੀ ਉਪ ਚੋਣ ਦੌਰਾਨ ਭਾਰਤੀ ਚੋਣ ਕਮਿਸ਼ਨ ਵੱਲੋਂ ਕਾਰਵਾਈ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵੜੈਚ ਨੂੰ ਮਜੀਠਾ ਵਿੱਚ ਕਾਰਜਕਾਰੀ ਅਧਿਕਾਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਮੌਕੇ ’ਤੇ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਵੀ ਮਜੀਠੀਆ ਦੇ ਨਾਲ ਸਨ।

ਸਵਖਤੇ ਬੁਲਾਈ ਮੀਟਿੰਗ ’ਤੇ ਉਂਗਲ ਉਠਾਈ

ਬਿਕਰਮ ਸਿੰਘ ਮਜੀਠੀਆ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਉਦਯੋਗ, ਬਿਜਲੀ ਅਤੇ ਸਥਾਨਕ ਸਰਕਾਰਾਂ ਵਿਭਾਗਾਂ ਨਾਲ ਜੁੜੇ ਸਾਰੇ ਸਟਾਫ਼ ਨੂੰ 16 ਅਪਰੈਲ ਨੂੰ ਸਵੇਰੇ 5 ਵਜੇ ਦਫ਼ਤਰ ਬੁਲਾਏ ਜਾਣ ’ਤੇ ਵੀ ਉਂਗਲ ਉਠਾਈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਦਾ ਮਕਸਦ ਕੁੱਝ ਫਾਈਲਾਂ ਨੂੰ ਨਸ਼ਟ ਕਰਨਾ ਸੀ ਕਿਉਂਕਿ ਉਸ ਮਗਰੋਂ ਹੀ ਕੇਂਦਰੀ ਏਜੰਸੀ ’ਤੇ ਛਾਪਾ ਮਾਰਿਆ ਸੀ। ਉਨ੍ਹਾਂ ਮੰਗ ਕੀਤੀ ਕਿ ਸਟਾਫ਼ ਤੋਂ ਪੁੱਛਗਿੱਛ ਕੀਤੀ ਜਾਵੇ ਤਾਂ ਜੋ ਇਸ ਮਾਮਲੇ ਨੂੰ ਛੁਪਾਉਣ ਦੀ ਕਵਾਇਦ ਦੀ ਪੁਣਛਾਣ ਹੋ ਸਕੇ।