The Punjab Inside
Saturday, 3 October 2026Admin Login

Punjab News: ਰਾਜ ਸਭਾ ਮੈਂਬਰਾਂ ਦੇ ਬਾਗੀ ਹੋਣ ਮਗਰੋਂ ‘ਆਪ’ ਨੂੰ ਵਿਧਾਇਕਾਂ ਦੇ ਟੁੱਟਣ ਦਾ ਡਰ; ਪੰਜਾਬ ਇਕਾਈ ’ਚ ਹਲਚਲ

ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਜਲੰਧਰ ’ਚ ਸੱਦੀ ਵਿਧਾਇਕਾਂ ਦੀ ਹੰਗਾਮੀ ਮੀਟਿੰਗ

Punjab News: ਰਾਜ ਸਭਾ ਮੈਂਬਰਾਂ ਦੇ ਬਾਗੀ ਹੋਣ ਮਗਰੋਂ ‘ਆਪ’ ਨੂੰ ਵਿਧਾਇਕਾਂ ਦੇ ਟੁੱਟਣ ਦਾ ਡਰ; ਪੰਜਾਬ ਇਕਾਈ ’ਚ ਹਲਚਲ
Punjab Inside Team
Share:

Punjab News: ਰਾਜ ਸਭਾ ਸਕੱਤਰੇਤ ਵੱਲੋਂ ਆਮ ਆਦਮੀ ਪਾਰਟੀ (ਆਪ) ਦੇ ਸੱਤ ਮੈਂਬਰਾਂ ਦੇ ਭਾਜਪਾ ਵਿੱਚ ਰਲੇਵੇਂ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ, ਹੁਣ ਪਾਰਟੀ ਦੀ ਸਾਰੀ ਕੋਸ਼ਿਸ਼ ਆਪਣੇ 94 ਵਿਧਾਇਕਾਂ ਦੇ ਵੱਡੇ ਕਾਫਲੇ ਨੂੰ ਇੱਕਜੁੱਟ ਰੱਖਣ ’ਤੇ ਕੇਂਦਰਿਤ ਹੋ ਗਈ ਹੈ। ਸੂਤਰਾਂ ਅਨੁਸਾਰ ਪਾਰਟੀ ਹਾਈਕਮਾਂਡ ਨੇ ਸਥਿਤੀ ਨੂੰ ਸੰਭਾਲਣ ਲਈ ਬੁੱਧਵਾਰ ਸਵੇਰੇ ਜਲੰਧਰ ਵਿਖੇ ਵਿਧਾਇਕਾਂ ਦੀ ਇੱਕ ਅਹਿਮ ਮੀਟਿੰਗ ਤਲਬ ਕੀਤੀ ਹੈ। ਪਾਰਟੀ ਸੂਤਰਾਂ ਨੇ ‘ਟ੍ਰਿਬਿਊਨ’ ਨੂੰ ਦੱਸਿਆ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਇਸ ਮੀਟਿੰਗ ਦੀ ਅਗਵਾਈ ਕਰਨਗੇ। ਕਿਉਂਕਿ ਸੰਦੀਪ ਪਾਠਕ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੇਠਲੇ ਪੱਧਰ ਤੋਂ ਤਿਆਰ ਕੀਤਾ ਸੀ ਅਤੇ ਉਹ ਅਹੁਦੇਦਾਰਾਂ ਦੇ ਸਿੱਧੇ ਸੰਪਰਕ ਵਿੱਚ ਰਹੇ ਹਨ, ਇਸ ਲਈ ਹੁਣ ਵਿਧਾਇਕਾਂ ਨੂੰ ‘ਸੰਗਠਨ ਬਚਾਉਣ’ ਅਤੇ ਕੇਡਰ ਨੂੰ ਟੁੱਟਣ ਤੋਂ ਰੋਕਣ ਦੇ ਗੁਰ ਸਿਖਾਏ ਜਾਣਗੇ।

ਕੁਝ ਵਿਧਾਇਕਾਂ ਦੀ ਹੋ ਰਹੀ ਹੈ ਨਿਗਰਾਨੀ

ਮਾਲਵਾ ਖੇਤਰ ਦੇ ਇੱਕ ਵਿਧਾਇਕ ਨੇ ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਭਾਵੇਂ ਸਾਂਸਦਾਂ ਦੇ ਦਲ-ਬਦਲੀ ਦਾ ਸ਼ੁਰੂਆਤੀ ਸਦਮਾ ਖਤਮ ਹੋ ਗਿਆ ਹੈ, ਪਰ ਹੁਣ ਜਥੇਬੰਦੀ ਨੂੰ ਬਚਾਉਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਖਾਸ ਤੌਰ ’ਤੇ ਫਿਰੋਜ਼ਪੁਰ, ਪਟਿਆਲਾ ਅਤੇ ਰੋਪੜ ਦੇ ਉਨ੍ਹਾਂ ਵਿਧਾਇਕਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ, ਜਿਨ੍ਹਾਂ ਨੂੰ 2022 ਦੀਆਂ ਚੋਣਾਂ ਵੇਲੇ ਰਾਘਵ ਚੱਢਾ ਜਾਂ ਸੰਦੀਪ ਪਾਠਕ ਦੀ ਸਿਫਾਰਸ਼ ’ਤੇ ਟਿਕਟਾਂ ਮਿਲੀਆਂ ਸਨ।

ਪਾਰਟੀ ਨੇ ਕੁਝ ਭਰੋਸੇਮੰਦ ਵਿਧਾਇਕਾਂ ਨੂੰ ਇਨ੍ਹਾਂ ‘ਸ਼ੱਕੀ’ ਸਾਥੀਆਂ ਦੀਆਂ ਰੋਜ਼ਾਨਾ ਦੀਆਂ ਮੀਟਿੰਗਾਂ ਅਤੇ ਰਾਜ ਤੋਂ ਬਾਹਰ ਜਾਣ ਵਾਲੀ ਕਿਸੇ ਵੀ ਹਰਕਤ ’ਤੇ ਨਜ਼ਰ ਰੱਖਣ ਲਈ ਕਿਹਾ ਹੈ।