The Punjab Inside
Saturday, 3 October 2026Admin Login
Punjab

ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜੀ ਮਹਿਲਾ ਪੁਲੀਸ ਇੰਸਪੈਕਟਰ ਸੁਨੀਤਾ ਬਾਵਾ ਨੌਕਰੀ ਤੋਂ ਬਰਖ਼ਾਸਤ

ਫ਼ਿਰੋਜ਼ਪੁਰ ਵਿੱਚ 50 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਲੈਂਦਿਆਂ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਕੀਤੀ ਮਹਿਲਾ ਪੁਲੀਸ ਇੰਸਪੈਕਟਰ ਸੁਨੀਤਾ ਬਾਵਾ ਨੂੰ ਪੰਜਾਬ ਸਰਕਾਰ ਨੇ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਹ ਹੁਕਮ ਫ਼ਰੀਦਕੋਟ ਰੇਂਜ ਦੀ ਆਈਜੀ ਨੀਲਮਬਾਰੀ ਜਗਦਾਲੇ ਵੱਲੋਂ ਜਾਰੀ ਕੀਤੇ ਗਏ ਹਨ। ਵਿਜੀਲੈਂਸ ਵੱਲੋਂ ਉਸ ਦੀ ਪੂਰੀ ਪੁਲੀਸ ਸੇਵਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜੀ ਮਹਿਲਾ ਪੁਲੀਸ ਇੰਸਪੈਕਟਰ ਸੁਨੀਤਾ ਬਾਵਾ ਨੌਕਰੀ ਤੋਂ ਬਰਖ਼ਾਸਤ
Punjab Inside Team
Share:

ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤੀ ਗਈ ਮਹਿਲਾ ਪੁਲੀਸ ਇੰਸਪੈਕਟਰ ਸੁਨੀਤਾ ਬਾਵਾ ਨੂੰ ਪੰਜਾਬ ਸਰਕਾਰ ਨੇ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਸ ਸਬੰਧੀ ਹੁਕਮ ਫ਼ਰੀਦਕੋਟ ਰੇਂਜ ਦੀ ਇੰਸਪੈਕਟਰ ਜਨਰਲ ਆਫ਼ ਪੁਲੀਸ ਨੀਲਮਬਾਰੀ ਜਗਦਾਲੇ ਵੱਲੋਂ ਜਾਰੀ ਕੀਤੇ ਗਏ ਹਨ।

ਵਿਜੀਲੈਂਸ ਮਾਮਲਾ ਦਰਜ ਹੋਣ ਤੋਂ ਬਾਅਦ ਕਾਰਵਾਈ

ਆਈਜੀ ਫ਼ਰੀਦਕੋਟ ਰੇਂਜ ਵੱਲੋਂ ਜਾਰੀ ਪੱਤਰ ਨੰਬਰ 1130-33 ਵਿੱਚ ਦੱਸਿਆ ਗਿਆ ਹੈ ਕਿ ਸੁਨੀਤਾ ਬਾਵਾ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਫ਼ਿਰੋਜ਼ਪੁਰ ਵਿੱਚ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਇਹ ਵਿਭਾਗੀ ਕਾਰਵਾਈ ਕੀਤੀ ਗਈ ਹੈ।

ਸੁਨੀਤਾ ਬਾਵਾ ਥਾਣਾ ਕੋਟ ਇਸੇ ਖਾਂ ਵਿਖੇ ਤਾਇਨਾਤ ਸੀ। 26 ਸਤੰਬਰ ਦੀ ਦੇਰ ਸ਼ਾਮ ਵਿਜੀਲੈਂਸ ਬਿਊਰੋ ਨੇ ਉਸ ਨੂੰ ਆਪਣੇ ਗੰਨਮੈਨ ਵਜੋਂ ਤਾਇਨਾਤ ਹੋਮਗਾਰਡ ਜਵਾਨ ਸਮੇਤ 50 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ।

ਨਸ਼ਿਆਂ ਦੇ ਮਾਮਲੇ ਵਿੱਚ ਨਾਮਜ਼ਦ ਕਰਨ ਦੀ ਧਮਕੀ ਦੇਣ ਦਾ ਦੋਸ਼

ਵਿਜੀਲੈਂਸ ਮਾਮਲੇ ਮੁਤਾਬਕ ਦੋਸ਼ ਹੈ ਕਿ ਸੁਨੀਤਾ ਬਾਵਾ ਨੇ ਪਿੰਡ ਨੂਰਪੁਰ ਹਕੀਮਾਂ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਨਾਮਕ ਨੌਜਵਾਨ ਨੂੰ ਨਸ਼ਿਆਂ ਦੇ ਇੱਕ ਮਾਮਲੇ ਵਿੱਚ ਨਾਮਜ਼ਦ ਕਰਨ ਦਾ ਡਰਾਵਾ ਦੇ ਕੇ ਕਥਿਤ ਤੌਰ ’ਤੇ ਰਿਸ਼ਵਤ ਦੀ ਮੰਗ ਕੀਤੀ ਸੀ।

ਮਾਮਲੇ ਵਿੱਚ ਉਸ ਦੇ ਨਾਲ ਇੱਕ ਹੋਮਗਾਰਡ ਜਵਾਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।

ਅਦਾਲਤੀ ਪੇਸ਼ੀ ਦੌਰਾਨ ਬਿਆਨਾਂ ਕਾਰਨ ਵੀ ਰਹੀ ਚਰਚਾ ਵਿੱਚ

ਗ੍ਰਿਫ਼ਤਾਰੀ ਤੋਂ ਬਾਅਦ ਸੁਨੀਤਾ ਬਾਵਾ ਉਸ ਸਮੇਂ ਵੀ ਚਰਚਾ ਵਿੱਚ ਆਈ ਸੀ, ਜਦੋਂ ਅਦਾਲਤੀ ਪੇਸ਼ੀ ਦੌਰਾਨ ਉਸ ਨੇ ‘ਆਲ ਇਜ਼ ਵੈੱਲ’ ਅਤੇ ‘ਜੇਲ੍ਹ ਦਾ ਨਵਾਂ ਸਫ਼ਰ ਸ਼ੁਰੂ ਹੋਣ’ ਵਰਗੇ ਸ਼ਬਦ ਕਹੇ ਸਨ।

ਪੂਰੀ ਪੁਲੀਸ ਸੇਵਾ ਦੀ ਜਾਂਚ ਜਾਰੀ

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੁਨੀਤਾ ਬਾਵਾ ਦੀ ਸਮੁੱਚੀ ਪੁਲੀਸ ਸੇਵਾ ਨਾਲ ਸਬੰਧਤ ਮਾਮਲਿਆਂ ਅਤੇ ਕਾਰਗੁਜ਼ਾਰੀ ਦੀ ਵੀ ਜਾਂਚ ਸ਼ੁਰੂ ਕੀਤੀ ਗਈ ਹੈ। ਵਿਜੀਲੈਂਸ ਵੱਲੋਂ ਇਸ ਮਾਮਲੇ ਵਿੱਚ ਅੱਗੇ ਦੀ ਜਾਂਚ ਜਾਰੀ ਹੈ।