The Punjab Inside
Saturday, 3 October 2026Admin Login
Punjab

ਪੰਜਾਬ Voter List SIR: ਪੰਜਾਬ ਵਿੱਚ 20 ਲੱਖ ਵੋਟਰਾਂ ’ਤੇ ਲਟਕੀ ਤਲਵਾਰ, 1.93 ਕਰੋੜ ਨੇ ਜਮ੍ਹਾਂ ਕਰਵਾਏ ਗਣਨਾ ਫਾਰਮ

ਪੰਜਾਬ Voter List SIR: ਪੰਜਾਬ ਵਿੱਚ 20 ਲੱਖ ਵੋਟਰਾਂ ’ਤੇ ਲਟਕੀ ਤਲਵਾਰ, 1.93 ਕਰੋੜ ਨੇ ਜਮ੍ਹਾਂ ਕਰਵਾਏ ਗਣਨਾ ਫਾਰਮ
Punjab Inside Team
Share:

ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (Special Intensive Revision – SIR) ਦਾ ਪਹਿਲਾ ਪੜਾਅ ਮੁਕੰਮਲ ਹੋ ਗਿਆ ਹੈ। ਇਸ ਪ੍ਰਕਿਰਿਆ ਦੌਰਾਨ 1.93 ਕਰੋੜ ਵੋਟਰਾਂ ਨੇ ਆਪਣੇ ਗਣਨਾ ਫਾਰਮ (Enumeration Forms) ਜਮ੍ਹਾਂ ਕਰਵਾ ਦਿੱਤੇ ਹਨ, ਜਦਕਿ ਲਗਭਗ 20 ਲੱਖ ਵੋਟਰਾਂ ਨੇ ਹਾਲੇ ਤੱਕ ਗਣਨਾ ਫਾਰਮ ਜਮ੍ਹਾਂ ਨਹੀਂ ਕਰਵਾਏ। ਇਨ੍ਹਾਂ ਵੋਟਰਾਂ ਦੇ ਨਾਮਾਂ ਨੂੰ ਲੈ ਕੇ ਅਗਲੀ ਜਾਂਚ ਅਤੇ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿਤਰਾ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਸ਼ੇਸ਼ ਸੁਧਾਈ ਦੀ ਸ਼ੁਰੂਆਤ ਵੇਲੇ ਪੰਜਾਬ ਵਿੱਚ ਕੁੱਲ 2.14 ਕਰੋੜ ਵੋਟਰ ਦਰਜ ਸਨ। ਇਨ੍ਹਾਂ ਵਿੱਚੋਂ 90.37 ਫੀਸਦ, ਯਾਨੀ 1.93 ਕਰੋੜ ਵੋਟਰਾਂ ਨੇ ਆਪਣੇ ਗਣਨਾ ਫਾਰਮ ਜਮ੍ਹਾਂ ਕਰਵਾ ਦਿੱਤੇ ਹਨ, ਜਦਕਿ 9.63 ਫੀਸਦ, ਯਾਨੀ ਕਰੀਬ 20 ਲੱਖ ਵੋਟਰਾਂ ਨੇ ਫਾਰਮ ਜਮ੍ਹਾਂ ਨਹੀਂ ਕਰਵਾਏ।

20 ਲੱਖ ਵੋਟਰਾਂ ਨੇ ਕਿਉਂ ਨਹੀਂ ਜਮ੍ਹਾਂ ਕਰਵਾਏ ਫਾਰਮ?

ਮੁੱਖ ਚੋਣ ਅਧਿਕਾਰੀ ਅਨੁਸਾਰ ਫਾਰਮ ਜਮ੍ਹਾਂ ਨਾ ਕਰਵਾਉਣ ਵਾਲੇ ਵੋਟਰਾਂ ਵਿੱਚ:

  • 9.44 ਲੱਖ ਵੋਟਰ ਹੋਰ ਥਾਵਾਂ ’ਤੇ ਸ਼ਿਫਟ ਹੋ ਚੁੱਕੇ ਹਨ।
  • 4.12 ਲੱਖ ਵੋਟਰ ਘਰਾਂ ਵਿੱਚ ਨਹੀਂ ਮਿਲੇ।
  • 5.74 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ।
  • 1.19 ਲੱਖ ਡੁਪਲੀਕੇਟ ਵੋਟਾਂ ਸਾਹਮਣੇ ਆਈਆਂ ਹਨ।

ਇਨ੍ਹਾਂ ਸਾਰੇ ਮਾਮਲਿਆਂ ਦੀ ਅਗਲੇ ਪੜਾਅ ਵਿੱਚ ਨਿਯਮਾਂ ਅਨੁਸਾਰ ਜਾਂਚ ਕੀਤੀ ਜਾਵੇਗੀ।

12 ਲੱਖ ਵੋਟਰਾਂ ਦੀ ਮੈਪਿੰਗ ਅਜੇ ਬਾਕੀ

ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਗਣਨਾ ਫਾਰਮ ਜਮ੍ਹਾਂ ਕਰਵਾਉਣ ਵਾਲੇ ਵੋਟਰਾਂ ਵਿੱਚੋਂ ਵੀ ਕਰੀਬ 12 ਲੱਖ ਵੋਟਰਾਂ ਦੀ ਮੈਪਿੰਗ ਅਜੇ ਪੂਰੀ ਨਹੀਂ ਹੋਈ। ਇਸ ਲਈ ਚੋਣ ਕਮਿਸ਼ਨ ਵੱਲੋਂ 13 ਅਗਸਤ ਤੋਂ 12 ਸਤੰਬਰ ਤੱਕ ਸੰਬੰਧਿਤ ਵੋਟਰਾਂ ਨੂੰ ਨੋਟਿਸ ਜਾਰੀ ਕਰਕੇ ਮੈਪਿੰਗ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।

ਪੰਜਾਬ ਵਿੱਚ ਵਧੇ ਪੋਲਿੰਗ ਬੂਥ

ਭਾਰਤੀ ਚੋਣ ਕਮਿਸ਼ਨ ਦੇ ਨਵੇਂ ਨਿਰਦੇਸ਼ਾਂ ਮੁਤਾਬਕ ਜਿਨ੍ਹਾਂ ਪੋਲਿੰਗ ਬੂਥਾਂ ’ਤੇ 1200 ਤੋਂ ਵੱਧ ਵੋਟਰ ਹਨ, ਉੱਥੇ ਨਵੇਂ ਪੋਲਿੰਗ ਬੂਥ ਬਣਾਏ ਗਏ ਹਨ।

ਇਸ ਦੇ ਨਾਲ:

  • ਪਹਿਲਾਂ ਪੋਲਿੰਗ ਬੂਥ: 24,453
  • ਹੁਣ ਕੁੱਲ ਪੋਲਿੰਗ ਬੂਥ: 25,332

ਅਰਥਾਤ ਪੰਜਾਬ ਵਿੱਚ 879 ਨਵੇਂ ਪੋਲਿੰਗ ਬੂਥ ਜੋੜੇ ਗਏ ਹਨ।

ਇੰਨੀ ਵੱਡੀ ਟੀਮ ਨੇ ਕੀਤਾ ਕੰਮ

ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਨੂੰ ਮੁਕੰਮਲ ਕਰਨ ਲਈ ਚੋਣ ਵਿਭਾਗ ਨੇ ਵੱਡੇ ਪੱਧਰ ’ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਸੀ। ਇਸ ਤਹਿਤ:

  • 24,500 ਪੋਲਿੰਗ ਬੂਥਾਂ ’ਤੇ ਕੰਮ ਕੀਤਾ ਗਿਆ।
  • 24,000 ਬੂਥ ਲੈਵਲ ਅਫਸਰ (BLOs)
  • 2,500 ਸੁਪਰਵਾਈਜ਼ਰ
  • 800 ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀ (AEROs)
  • 117 ਚੋਣ ਰਜਿਸਟ੍ਰੇਸ਼ਨ ਅਧਿਕਾਰੀ (EROs)
  • 23 ਡਿਪਟੀ ਕਮਿਸ਼ਨਰ ਇਸ ਮੁਹਿੰਮ ਨਾਲ ਜੁੜੇ ਰਹੇ।

ਚੋਣ ਵਿਭਾਗ ਅਨੁਸਾਰ ਵਿਸ਼ੇਸ਼ ਸੁਧਾਈ ਦਾ ਪਹਿਲਾ ਪੜਾਅ ਸਫਲਤਾਪੂਰਵਕ ਮੁਕੰਮਲ ਹੋ ਗਿਆ ਹੈ ਅਤੇ ਹੁਣ ਅਗਲੇ ਪੜਾਅ ਵਿੱਚ ਬਾਕੀ ਰਹਿੰਦੇ ਮਾਮਲਿਆਂ ਦੀ ਜਾਂਚ ਅਤੇ ਮੈਪਿੰਗ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।