The Punjab Inside
Saturday, 3 October 2026Admin Login
Punjab

ਪੰਜਾਬੀ ਨੌਜਵਾਨ ਨੂੰ ਸਾਊਦੀ ਅਰਬ ’ਚ ਫਾਂਸੀ ਦੀ ਸਜ਼ਾ, ਧਾਹਾਂ ਮਾਰ ਰੋ ਰਹੀ ਮਾਂ; ਪਰਿਵਾਰ ਨੇ ਸਰਕਾਰ ਤੋਂ ਮਦਦ ਮੰਗੀ

ਨੰਗਲ ਦੇ ਪਿੰਡ ਲੋਅਰ ਪੱਟੀ ਨਾਲ ਸਬੰਧਤ ਗੁਰਪ੍ਰੀਤ ਸਿੰਘ ਨੂੰ ਸਾਊਦੀ ਅਰਬ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪਰਿਵਾਰ ਮੁਤਾਬਕ ਗੁਰਪ੍ਰੀਤ ਕਰੀਬ ਚਾਰ ਸਾਲ ਪਹਿਲਾਂ ਰੋਜ਼ਗਾਰ ਲਈ ਮਸਕਟ ਗਿਆ ਸੀ ਅਤੇ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਕਰੀਬ ਦੋ ਸਾਲ ਪਹਿਲਾਂ ਉਸਨੂੰ ਸਾਊਦੀ ਅਰਬ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰਿਵਾਰ ਨੇ ਭਾਰਤ ਸਰਕਾਰ, ਭਾਰਤੀ ਦੂਤਾਵਾਸ ਅਤੇ ਸਬੰਧਤ ਅਧਿਕਾਰੀਆਂ ਤੋਂ ਕਾਨੂੰਨੀ ਤੇ ਕੂਟਨੀਤਕ ਮਦਦ ਦੀ ਮੰਗ ਕੀਤੀ ਹੈ।

ਪੰਜਾਬੀ ਨੌਜਵਾਨ ਨੂੰ ਸਾਊਦੀ ਅਰਬ ’ਚ ਫਾਂਸੀ ਦੀ ਸਜ਼ਾ, ਧਾਹਾਂ ਮਾਰ ਰੋ ਰਹੀ ਮਾਂ; ਪਰਿਵਾਰ ਨੇ ਸਰਕਾਰ ਤੋਂ ਮਦਦ ਮੰਗੀ
Punjab Inside Team
Share:

 ਪੰਜਾਬ ਦੇ ਨੰਗਲ ਨਾਲ ਸਬੰਧਤ ਇੱਕ ਹੋਰ ਨੌਜਵਾਨ ਨੂੰ ਸਾਊਦੀ ਅਰਬ ਵਿੱਚ ਮੌਤ ਦੀ ਸਜ਼ਾ ਸੁਣਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਨੰਗਲ ਦੇ ਪਿੰਡ ਲੋਅਰ ਪੱਟੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸਾਊਦੀ ਅਰਬ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰਿਵਾਰ ਨੂੰ 25 ਸਤੰਬਰ ਨੂੰ ਗੁਰਪ੍ਰੀਤ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਬਾਰੇ ਜਾਣਕਾਰੀ ਮਿਲੀ।

ਚਾਰ ਸਾਲ ਪਹਿਲਾਂ ਰੋਜ਼ਗਾਰ ਲਈ ਗਿਆ ਸੀ ਮਸਕਟ

ਪਰਿਵਾਰਕ ਮੈਂਬਰਾਂ ਮੁਤਾਬਕ ਗੁਰਪ੍ਰੀਤ ਸਿੰਘ ਕਰੀਬ ਚਾਰ ਸਾਲ ਪਹਿਲਾਂ ਰੋਜ਼ਗਾਰ ਦੀ ਭਾਲ ਵਿੱਚ ਮਸਕਟ ਗਿਆ ਸੀ। ਉਹ ਉੱਥੇ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਕਰੀਬ ਦੋ ਸਾਲ ਪਹਿਲਾਂ ਮਸਕਟ ਤੋਂ ਸਾਊਦੀ ਅਰਬ ਵੱਲ ਟਰੱਕ ਲੈ ਕੇ ਜਾਂਦੇ ਸਮੇਂ ਉਸਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਪ੍ਰੀਤ ਨੂੰ 25 ਸਤੰਬਰ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਪਰਿਵਾਰ ਵਿੱਚ ਚਿੰਤਾ ਦਾ ਮਾਹੌਲ ਹੈ।

ਪਰਿਵਾਰ ਦਾ ਇਕਲੌਤਾ ਪੁੱਤਰ, ਪਿਤਾ ਦਾ ਪਹਿਲਾਂ ਹੋ ਚੁੱਕਾ ਦੇਹਾਂਤ

ਗੁਰਪ੍ਰੀਤ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਹੈ। ਉਸਦੇ ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ। ਬਜ਼ੁਰਗ ਮਾਤਾ ਸਤਵੰਤ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਭਾਰਤ ਸਰਕਾਰ, ਭਾਰਤੀ ਦੂਤਾਵਾਸ ਅਤੇ ਸਬੰਧਤ ਅਧਿਕਾਰੀਆਂ ਨੂੰ ਗੁਰਪ੍ਰੀਤ ਦੀ ਮਦਦ ਲਈ ਅਪੀਲ ਕੀਤੀ ਗਈ ਹੈ।

ਪਰਿਵਾਰ ਨੇ ਕਾਨੂੰਨੀ ਅਤੇ ਕੂਟਨੀਤਕ ਸਹਾਇਤਾ ਮੁਹੱਈਆ ਕਰਵਾਉਣ ਦੀ ਮੰਗ ਕਰਦਿਆਂ ਗੁਰਪ੍ਰੀਤ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਲਈ ਯਤਨ ਕਰਨ ਦੀ ਅਪੀਲ ਕੀਤੀ ਹੈ।

ਪਰਿਵਾਰ ਨੇ ਕਿਹਾ- ਸਰਕਾਰ ਤੋਂ ਵੱਡੀ ਉਮੀਦ

ਪਰਿਵਾਰਕ ਮੈਂਬਰਾਂ ਮੁਤਾਬਕ, “ਗੁਰਪ੍ਰੀਤ ਨੂੰ ਮਸਕਟ ਗਏ ਨੂੰ ਚਾਰ ਸਾਲ ਹੋ ਗਏ ਹਨ। ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕੇਸ ਦਰਜ ਹੋਏ ਨੂੰ ਕਰੀਬ ਦੋ ਸਾਲ ਹੋ ਚੁੱਕੇ ਹਨ। ਉਹ ਮਸਕਟ ਤੋਂ ਸਾਊਦੀ ਅਰਬ ਲਈ ਟਰੱਕ ਲੈ ਕੇ ਜਾ ਰਿਹਾ ਸੀ, ਜਿੱਥੇ ਉਸਨੂੰ ਨਸ਼ੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।”

ਪਰਿਵਾਰ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਤੋਂ ਮਦਦ ਦੀ ਉਮੀਦ ਕਰ ਰਹੇ ਹਨ ਅਤੇ ਉਨ੍ਹਾਂ ਦੀ ਅਪੀਲ ਹੈ ਕਿ ਗੁਰਪ੍ਰੀਤ ਨੂੰ ਕਾਨੂੰਨੀ ਸਹਾਇਤਾ ਦਿਵਾਈ ਜਾਵੇ ਅਤੇ ਉਸਦੀ ਸਹੀ-ਸਲਾਮਤ ਵਾਪਸੀ ਲਈ ਯਤਨ ਕੀਤੇ ਜਾਣ।

ਵਿਧਾਇਕ ਅਤੇ ਐੱਸ.ਪੀ. ਓਬਰਾਏ ਤੋਂ ਵੀ ਮਦਦ ਦੀ ਅਪੀਲ

ਪਰਿਵਾਰ ਵੱਲੋਂ ਸਥਾਨਕ ਵਿਧਾਇਕ ਦੇ ਨਾਲ-ਨਾਲ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਐੱਸ.ਪੀ. ਓਬਰਾਏ ਤੋਂ ਵੀ ਮਦਦ ਦੀ ਗੁਹਾਰ ਲਗਾਈ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦੀਆਂ ਨਜ਼ਰਾਂ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਕੀਤੀ ਜਾਣ ਵਾਲੀ ਅਗਲੀ ਕਾਰਵਾਈ ’ਤੇ ਟਿਕੀਆਂ ਹਨ।