The Punjab Inside
Saturday, 3 October 2026Admin Login
Agriculture

ਪੱਕੀ ਫ਼ਸਲ ’ਤੇ ਮੀਂਹ ਅਤੇ ਗੜਿਆਂ ਦੀ ਮਾਰ

ਪੰਜਾਬ ਦੇ ਅੱਧਾ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਫ਼ਸਲ ਵਿਛੀ

ਪੱਕੀ ਫ਼ਸਲ ’ਤੇ ਮੀਂਹ ਅਤੇ ਗੜਿਆਂ ਦੀ ਮਾਰ
Punjab Inside Team
Share:

ਪੰਜਾਬ ਵਿੱਚ ਕਣਕ ਦੀ ਫ਼ਸਲ ਦੀ ਵਾਢੀ ਲਈ ਚੱਲ ਰਹੀਆਂ ਤਿਆਰੀਆਂ ਵਿਚਾਲੇ ਅੱਜ ਬਾਅਦ ਦੁਪਹਿਰ ਅਚਾਨਕ ਪਏ ਮੀਂਹ ਅਤੇ ਗੜਿਆਂ ਨੇ ਸੂਬੇ ਦੇ ਅੱਧਾ ਦਰਜਨ ਜ਼ਿਲ੍ਹਿਆਂ ਵਿੱਚ ਫ਼ਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ। ਖੇਤਾਂ ਵਿੱਚ ਵਾਢੀ ਲਈ ਬਿਲਕੁਲ ਤਿਆਰ ਖੜ੍ਹੀ ਕਣਕ ਦੀ ਫ਼ਸਲ ਮੀਂਹ ਤੇ ਤੇਜ਼ ਹਵਾਵਾਂ ਕਾਰਨ ਵਿਛ ਗਈ ਹੈ, ਜਿਸ ਕਾਰਨ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ’ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਪਿਛਲੇ 8-10 ਦਿਨਾਂ ਤੋਂ ਸੂਬੇ ਵਿੱਚ ਅਜਿਹੇ ਹੀ ਹਾਲਾਤ ਬਣੇ ਹੋਏ ਹਨ।

ਅੱਜ ਸਵੇਰੇ ਭਾਵੇਂ ਮੌਸਮ ਸਾਫ ਸੀ ਅਤੇ ਧੁੱਪ ਖਿੜੀ ਹੋਈ ਸੀ ਪਰ ਦੁਪਹਿਰ ਹੁੰਦਿਆਂ ਹੀ ਅਸਮਾਨ ਵਿੱਚ ਕਾਲੇ ਬੱਦਲ ਛਾ ਗਏ। ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਅਬੋਹਰ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਤਰਨ ਤਾਰਨ, ਮੋਗਾ, ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਭਾਰੀ ਮੀਂਹ ਤੇ ਗੜੇ ਪਏ। ਕਈ ਇਲਾਕਿਆਂ ਵਿੱਚ ਗੜਿਆਂ ਕਾਰਨ ਸਫ਼ੇਦ ਚਾਦਰ ਵਿਛ ਗਈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਮਾਲਵਾ ਖੇਤਰ ਵਿੱਚ ਪਹਿਲਾਂ ਹੀ ਇੱਕ ਲੱਖ ਏਕੜ ਦੇ ਕਰੀਬ ਫ਼ਸਲ ਦੇ ਨੁਕਸਾਨ ਦਾ ਅਨੁਮਾਨ ਸੀ, ਜੋ ਅੱਜ ਤੋਂ ਬਾਅਦ ਦੁੱਗਣਾ ਹੋਣ ਦਾ ਖ਼ਦਸ਼ਾ ਹੈ। ਮੌਸਮ ਵਿਭਾਗ ਨੇ ਕਿਸਾਨਾਂ ਦੇ ਫ਼ਿਕਰ ਹੋਰ ਵਧਾ ਦਿੱਤੇ ਹਨ। ਵਿਭਾਗ ਅਨੁਸਾਰ 7 ਅਤੇ 8 ਅਪਰੈਲ ਨੂੰ ਪੰਜਾਬ ਵਿੱਚ ਮੁੜ ਮੌਸਮ ਖ਼ਰਾਬ ਰਹਿ ਸਕਦਾ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਗੜੇ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ। ਸੂਬੇ ਵਿੱਚ ਇਸ ਵਾਰ ਕਰੀਬ 34 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਂਦ ਹੋਈ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿਛਲੇ 24 ਘੰਟਿਆਂ ਦੌਰਾਨ ਫ਼ਾਜ਼ਿਲਕਾ ਵਿੱਚ ਸਭ ਤੋਂ ਵੱਧ 24.5 ਐੱਮ ਐੱਮ ਮੀਂਹ ਪਿਆ।

ਸਰਕਾਰ 50 ਹਜ਼ਾਰ ਰੁਪਏ ਏਕੜ ਮੁਆਵਜ਼ਾ ਦੇਵੇ: ਰਾਜੇਵਾਲ

ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਇਸ ਕੁਦਰਤੀ ਆਫ਼ਤ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਕਿਸਾਨਾਂ ਦੀ ਬਾਂਹ ਫੜਦਿਆਂ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਇਸ ਔਖੀ ਘੜੀ ਵਿੱਚ ਕਿਸਾਨਾਂ ਦੀ ਮਦਦ ਨਾ ਕੀਤੀ ਤਾਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਹਾਕਮ ਪਾਰਟੀ ਨੂੰ ਮੋੜਵਾਂ ਜਵਾਬ ਦਿੱਤਾ ਜਾਵੇਗਾ।