The Punjab Inside
Saturday, 3 October 2026Admin Login

ਸੰਸਦ 'ਚ ਗੂੰਜਿਆ ਨੌਜਵਾਨਾਂ ਦਾ ਮੁੱਦਾ, ਰਾਜਾ ਵੜਿੰਗ ਨੇ ਪੇਪਰ ਲੀਕ ਤੇ ਵਿਦਿਆਰਥੀਆਂ ਨਾਲ ਕਥਿਤ ਧੱਕੇਸ਼ਾਹੀ 'ਤੇ ਕੇਂਦਰ ਨੂੰ ਘੇਰਿਆ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਦਿਆਰਥੀਆਂ ਵਿਰੁੱਧ ਕਥਿਤ ਪੁਲਿਸ ਕਾਰਵਾਈ ਅਤੇ ਵਾਰ-ਵਾਰ ਪੇਪਰ ਲੀਕ ਹੋਣ ਦੇ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਸੰਸਦ ਵਿੱਚ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਬੋਲਦਿਆਂ ਵੜਿੰਗ ਨੇ ਕਿਹਾ ਕਿ ਕਾਂਗਰਸ ਨੌਜਵਾਨਾਂ, ਵਿਦਿਆਰਥੀਆਂ ਅਤੇ ਕਿਸਾਨਾਂ ਦੀ ਆਵਾਜ਼ ਉਠਾਉਂਦੀ ਰਹੇਗੀ, ਨਾਲ ਹੀ ਜਵਾਬਦੇਹੀ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਵੀ ਕਰੇਗੀ।

ਸੰਸਦ 'ਚ ਗੂੰਜਿਆ ਨੌਜਵਾਨਾਂ ਦਾ ਮੁੱਦਾ, ਰਾਜਾ ਵੜਿੰਗ ਨੇ ਪੇਪਰ ਲੀਕ ਤੇ ਵਿਦਿਆਰਥੀਆਂ ਨਾਲ ਕਥਿਤ ਧੱਕੇਸ਼ਾਹੀ 'ਤੇ ਕੇਂਦਰ ਨੂੰ ਘੇਰਿਆ
Punjab Inside Team
Share:

ਜਲੰਧਰ/ਨਵੀਂ ਦਿੱਲੀ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਸਦ ਪਰਿਸਰ ਵਿੱਚ ਪੇਪਰ ਲੀਕ ਮਾਮਲੇ ਅਤੇ ਵਿਦਿਆਰਥੀਆਂ ਨਾਲ ਕਥਿਤ ਪੁਲਿਸ ਧੱਕੇਸ਼ਾਹੀ ਦੇ ਵਿਰੋਧ ਵਿੱਚ ਹੋਏ ਰੋਸ ਪ੍ਰਦਰਸ਼ਨ ਦੌਰਾਨ ਕੇਂਦਰ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਆਵਾਜ਼ ਨੂੰ ਦਬਾਉਣ ਦੀ ਹਰ ਕੋਸ਼ਿਸ਼ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।

ਰਾਜਾ ਵੜਿੰਗ ਨੇ ਦਿੱਲੀ ਕੂਚ ਤੋਂ ਪਹਿਲਾਂ ਕਿਸਾਨਾਂ 'ਤੇ ਹੋਈ ਪੁਲਿਸ ਕਾਰਵਾਈ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਲਈ ਆਵਾਜ਼ ਉਠਾ ਰਹੇ ਕਿਸਾਨਾਂ 'ਤੇ ਰਾਤ ਦੇ ਸਮੇਂ ਪੁਲਿਸ ਕਾਰਵਾਈ ਕਰਵਾਉਣਾ ਲੋਕਤੰਤਰੀ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਆਪਣੀ ਗੱਲ ਰੱਖਣ ਦਾ ਪੂਰਾ ਹੱਕ ਹੈ ਅਤੇ ਪੰਜਾਬ ਕਾਂਗਰਸ ਹਰ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਰਹੇਗੀ।

ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸੰਸਦ ਪਰਿਸਰ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਕਾਲੇ ਕੱਪੜਿਆਂ ਵਿੱਚ ਨਜ਼ਰ ਆ ਰਹੇ ਵੜਿੰਗ ਨੇ ਲਿਖਿਆ, "ਅਸੀਂ ਗਲਤ ਅੱਗੇ ਝੁੱਕਣਾ ਨਹੀਂ, ਸਗੋਂ ਹਿੱਕ ਠੋਕ ਕੇ ਖੜ੍ਹਨਾ ਸਿੱਖਿਆ ਹੈ। ਵਿਦਿਆਰਥੀਆਂ ਨਾਲ ਹੋਈ ਕਥਿਤ ਬਦਸਲੂਕੀ ਦੇ ਵਿਰੋਧ ਵਿੱਚ ਸੰਸਦ ਪਰਿਸਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਹਰ ਕੋਸ਼ਿਸ਼ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।"

ਇਸ ਦੌਰਾਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ ਕਈ ਵਿਰੋਧੀ ਸੰਸਦ ਮੈਂਬਰ ਵੀ ਕਾਲੇ ਕੱਪੜੇ ਪਾ ਕੇ ਸੰਸਦ ਪਹੁੰਚੇ ਅਤੇ ਪੇਪਰ ਲੀਕ ਦੇ ਮੁੱਦੇ 'ਤੇ ਪ੍ਰਦਰਸ਼ਨ ਕੀਤਾ।

ਰਾਜਾ ਵੜਿੰਗ ਨੇ ਜੰਤਰ-ਮੰਤਰ 'ਤੇ ਵਿਦਿਆਰਥੀਆਂ ਨਾਲ ਕਥਿਤ ਦੁਰਵਿਵਹਾਰ ਦੀ ਵੀ ਨਿੰਦਾ ਕਰਦਿਆਂ ਕਿਹਾ ਕਿ ਦੇਸ਼ ਵਿੱਚ ਵਾਰ-ਵਾਰ ਹੋ ਰਹੀਆਂ ਪੇਪਰ ਲੀਕ ਦੀਆਂ ਘਟਨਾਵਾਂ ਨੇ ਲੱਖਾਂ ਨੌਜਵਾਨਾਂ ਦੇ ਭਵਿੱਖ ਨੂੰ ਪ੍ਰਭਾਵਿਤ ਕੀਤਾ ਹੈ, ਪਰ ਕੇਂਦਰ ਸਰਕਾਰ ਜਵਾਬਦੇਹੀ ਤੈਅ ਕਰਨ ਤੋਂ ਬਚ ਰਹੀ ਹੈ। ਉਨ੍ਹਾਂ ਸਵਾਲ ਉਠਾਇਆ ਕਿ ਆਖ਼ਿਰ ਲਗਾਤਾਰ ਹੋ ਰਹੇ ਪੇਪਰ ਲੀਕ ਲਈ ਜ਼ਿੰਮੇਵਾਰ ਕੌਣ ਹੈ।

ਉਨ੍ਹਾਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਸਮੁੱਚੀ ਵਿਰੋਧੀ ਧਿਰ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਹੱਕ ਵਿੱਚ ਖੜ੍ਹੀ ਹੈ। ਵੜਿੰਗ ਦਾ ਦਾਅਵਾ ਹੈ ਕਿ ਪੇਪਰ ਲੀਕ ਮਾਮਲੇ 'ਤੇ ਚਰਚਾ ਕਰਵਾਉਣ ਲਈ ਵਿਰੋਧੀ ਧਿਰ ਨੇ ਸੰਸਦ ਦੀ ਕਾਰਵਾਈ ਕਈ ਵਾਰ ਰੋਕੀ, ਪਰ ਸਰਕਾਰ ਇਸ ਮੁੱਦੇ 'ਤੇ ਚਰਚਾ ਕਰਨ ਤੋਂ ਬਚਦੀ ਰਹੀ।

ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਨੌਜਵਾਨਾਂ ਨਾਲ ਜੁੜੇ ਮੁੱਦਿਆਂ ਨੂੰ ਕਾਂਗਰਸ ਸੰਸਦ ਤੋਂ ਲੈ ਕੇ ਸੜਕ ਤੱਕ ਲਗਾਤਾਰ ਉਠਾਉਂਦੀ ਰਹੇਗੀ।