The Punjab Inside
Saturday, 3 October 2026Admin Login
Punjab

‘ਇਕ ਤੂਰਬੰਜਾਰਾ ਹੋਰ’, ਜਬਰੀ ਪੋਸਟਮਾਰਟਮ ਤੋਂ ਬਾਅਦ ਪੁਲੀਸ ਪਹਿਰੇ ਹੇਠ ਸਸਕਾਰ; ਪਰਿਵਾਰ ਨੂੰ ਅੰਤਿਮ ਦਰਸ਼ਨ ਵੀ ਨਾ ਹੋਏ

ਸੰਗਰੂਰ ਦੇ ਪਿੰਡ ਕਨੋਈ ਦੇ 23 ਸਾਲਾ ਦਲਿਤ ਨੌਜਵਾਨ ਸਨਮਦੀਪ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਛੇ ਦਿਨਾਂ ਤੋਂ ਚੱਲ ਰਹੇ ਧਰਨੇ ਦੌਰਾਨ ਪੁਲੀਸ ਨੇ ਪੀੜਤ ਪਰਿਵਾਰ ਅਤੇ ਕਾਂਗਰਸੀ ਆਗੂ ਰਾਜਿੰਦਰ ਦੀਪਾ ਸਮੇਤ ਧਰਨਾਕਾਰੀਆਂ ਨੂੰ ਮੌਰਚਰੀ ਤੋਂ ਹਟਾ ਦਿੱਤਾ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਪਰਿਵਾਰ ਦੀ ਗੈਰਹਾਜ਼ਰੀ ਵਿੱਚ ਪੋਸਟਮਾਰਟਮ ਕਰਵਾ ਕੇ ਸੰਗਰੂਰ ਦੇ ਸ਼ਮਸ਼ਾਨ ਘਾਟ ਵਿੱਚ ਪੁਲੀਸ ਪਹਿਰੇ ਹੇਠ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੁਲੀਸ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਖਰਾਬ ਹੋਣ ਦੀ ਸੂਚਨਾ ਮਿਲ ਰਹੀ ਸੀ ਅਤੇ ਦੇਹ ਦਾ ਸਨਮਾਨ ਕਾਇਮ ਰੱਖਣ ਲਈ ਪੋਸਟਮਾਰਟਮ ਤੇ ਸਸਕਾਰ ਕਰਨਾ ਜ਼ਰੂਰੀ ਸੀ।

‘ਇਕ ਤੂਰਬੰਜਾਰਾ ਹੋਰ’, ਜਬਰੀ ਪੋਸਟਮਾਰਟਮ ਤੋਂ ਬਾਅਦ ਪੁਲੀਸ ਪਹਿਰੇ ਹੇਠ ਸਸਕਾਰ; ਪਰਿਵਾਰ ਨੂੰ ਅੰਤਿਮ ਦਰਸ਼ਨ ਵੀ ਨਾ ਹੋਏ
Punjab Inside Team
Share:

ਪਿੰਡ ਤੂਰਬੰਜਾਰਾ ਦੇ ਗੁਲਜ਼ਾਰ ਸਿੰਘ ਦੇ ਕਥਿਤ ਜਬਰੀ ਅੰਤਿਮ ਸੰਸਕਾਰ ਦਾ ਮਾਮਲਾ ਹਾਲੇ ਚਰਚਾ ਵਿੱਚ ਹੀ ਸੀ ਕਿ ਸੰਗਰੂਰ ਦੇ ਪਿੰਡ ਕਨੋਈ ਦੇ 23 ਸਾਲਾ ਨੌਜਵਾਨ ਸਨਮਦੀਪ ਸਿੰਘ ਦੇ ਮਾਮਲੇ ਵਿੱਚ ਵੀ ਪੁਲੀਸ ਵੱਲੋਂ ਪਰਿਵਾਰ ਦੀ ਗੈਰਹਾਜ਼ਰੀ ਵਿੱਚ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਸਨਮਦੀਪ ਸਿੰਘ ਦੀ 25 ਸਤੰਬਰ ਨੂੰ ਜ਼ਹਿਰੀਲੀ ਦਵਾਈ ਨਿਗਲਣ ਕਾਰਨ ਮੌਤ ਹੋ ਗਈ ਸੀ। ਪਰਿਵਾਰ ਨੇ ਪਿੰਡ ਦੇ ਸਰਪੰਚ ਸਮੇਤ ਚਾਰ ਵਿਅਕਤੀਆਂ ਨੂੰ ਉਸ ਦੀ ਖੁਦਕੁਸ਼ੀ ਲਈ ਜ਼ਿੰਮੇਵਾਰ ਦੱਸਦਿਆਂ ਕਾਰਵਾਈ ਦੀ ਮੰਗ ਕੀਤੀ ਸੀ।

ਛੇ ਦਿਨਾਂ ਤੋਂ ਮੌਰਚਰੀ ਅੱਗੇ ਚੱਲ ਰਿਹਾ ਸੀ ਧਰਨਾ

ਪਰਿਵਾਰ ਵੱਲੋਂ 26 ਸਤੰਬਰ ਤੋਂ ਸਿਵਲ ਹਸਪਤਾਲ ਦੀ ਮੌਰਚਰੀ ਅੱਗੇ ਦਿਨ-ਰਾਤ ਧਰਨਾ ਲਗਾਇਆ ਹੋਇਆ ਸੀ। ਪਰਿਵਾਰ ਦੀ ਮੰਗ ਸੀ ਕਿ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਨਾਲ-ਨਾਲ ਐਸਸੀ/ਐਸਟੀ ਐਕਟ ਦੀ ਧਾਰਾ ਵੀ ਲਗਾਈ ਜਾਵੇ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

ਪੁਲੀਸ ਨੇ 28 ਸਤੰਬਰ ਨੂੰ ਸਰਪੰਚ ਦੀਪ ਸਿੰਘ ਬਾਵਾ, ਉਸ ਦੇ ਭਰਾ ਗੁਰਿੰਦਰ ਸਿੰਘ ਗੋਗਾ, ਸਾਬਕਾ ਮੈਂਬਰ ਹਰਬੰਸ ਸਿੰਘ ਅਤੇ ਪਰਮਜੀਤ ਕੌਰ ਖ਼ਿਲਾਫ਼ ਧਾਰਾ 108(3)(5) ਬੀਐਨਐਸ ਤਹਿਤ ਮਾਮਲਾ ਦਰਜ ਕੀਤਾ ਸੀ। ਹਾਲਾਂਕਿ ਪਰਿਵਾਰ ਇਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੋਇਆ ਅਤੇ ਧਰਨਾ ਜਾਰੀ ਰੱਖਿਆ।

ਧਰਨਾਕਾਰੀਆਂ ਨੂੰ ਪੁਲੀਸ ਨੇ ਚੁੱਕਿਆ

ਅੱਜ ਦੁਪਹਿਰ ਸਿਵਲ ਹਸਪਤਾਲ ਦੀ ਮੌਰਚਰੀ ਅੱਗੇ ਧਰਨੇ ’ਤੇ ਬੈਠੇ ਪੀੜਤ ਪਰਿਵਾਰ, ਕਾਂਗਰਸੀ ਆਗੂ ਰਾਜਿੰਦਰ ਦੀਪਾ ਅਤੇ ਹੋਰ ਧਰਨਾਕਾਰੀਆਂ ਨੂੰ ਪੁਲੀਸ ਨੇ ਕਾਰਵਾਈ ਕਰਦਿਆਂ ਉਥੋਂ ਹਟਾ ਦਿੱਤਾ।

ਮ੍ਰਿਤਕ ਦੀ ਮਾਂ ਨੇ ਪੁਲੀਸ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਉਸ ਦੇ ਪੁੱਤਰ ਦੀ ਮੌਤ ਤੋਂ ਬਾਅਦ ਵੀ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਪੁਲੀਸ ਨੇ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਅਤੇ ਅੰਤਿਮ ਰਸਮਾਂ ਨਿਭਾਉਣ ਦਾ ਮੌਕਾ ਨਹੀਂ ਦਿੱਤਾ।

ਪਰਿਵਾਰ ਨੂੰ ਥਾਣੇ ਲਿਜਾਣ ਤੋਂ ਬਾਅਦ ਹੋਇਆ ਪੋਸਟਮਾਰਟਮ ਤੇ ਸਸਕਾਰ

ਪਰਿਵਾਰਕ ਮੈਂਬਰਾਂ ਅਤੇ ਧਰਨਾਕਾਰੀਆਂ ਨੂੰ ਥਾਣਾ ਧੂਰੀ ਲਿਜਾਏ ਜਾਣ ਤੋਂ ਬਾਅਦ ਪੁਲੀਸ ਅਤੇ ਪ੍ਰਸ਼ਾਸਨ ਨੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ। ਇਸ ਤੋਂ ਬਾਅਦ ਪਿੰਡ ਕਨੋਈ ਦੀ ਬਜਾਏ ਸੰਗਰੂਰ ਦੇ ਸਥਾਨਕ ਸ਼ਮਸ਼ਾਨ ਘਾਟ ਵਿੱਚ ਭਾਰੀ ਪੁਲੀਸ ਬਲ ਦੀ ਮੌਜੂਦਗੀ ਹੇਠ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਇਸ ਕਾਰਵਾਈ ਕਾਰਨ ਪਰਿਵਾਰ ਦੀ ਗੈਰਹਾਜ਼ਰੀ ਵਿੱਚ ਹੀ ਨੌਜਵਾਨ ਦਾ ਅੰਤਿਮ ਸੰਸਕਾਰ ਹੋ ਗਿਆ।

ਪੁਲੀਸ ਨੇ ਕੀ ਦਿੱਤਾ ਤਰਕ?

ਡੀਐਸਪੀ ਸੰਗਰੂਰ ਦਲਵੀਰ ਸਿੰਘ ਸਿੱਧੂ ਨੇ ਸ਼ਾਮ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲੀਸ ਨੇ ਪਰਿਵਾਰ ਨੂੰ ਕਈ ਵਾਰ ਧਰਨਾ ਖ਼ਤਮ ਕਰਨ ਅਤੇ ਮ੍ਰਿਤਕ ਦਾ ਸਸਕਾਰ ਕਰਨ ਲਈ ਸਮਝਾਇਆ ਸੀ, ਪਰ ਧਰਨਾ ਜਾਰੀ ਰਿਹਾ।

ਉਨ੍ਹਾਂ ਦੱਸਿਆ ਕਿ ਐਸਐਮਓ ਵੱਲੋਂ ਮ੍ਰਿਤਕ ਦੇਹ ਖ਼ਰਾਬ ਹੋਣ ਸਬੰਧੀ ਪੱਤਰ ਪ੍ਰਾਪਤ ਹੋ ਰਹੇ ਸਨ। ਡੀਐਸਪੀ ਮੁਤਾਬਕ ਲਾਸ਼ ਇਨਸਾਨੀ ਦੇਹ ਹੋਣ ਕਾਰਨ ਉਸ ਦਾ ਪੋਸਟਮਾਰਟਮ ਅਤੇ ਸਸਕਾਰ ਕਰਨਾ ਜ਼ਰੂਰੀ ਸੀ।

ਡੀਐਸਪੀ ਨੇ ਮੰਨਿਆ ਕਿ ਪਰਿਵਾਰ ਦੀ ਗੈਰਹਾਜ਼ਰੀ ਵਿੱਚ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਕੀਤਾ ਗਿਆ, ਪਰ ਉਨ੍ਹਾਂ ਕਿਹਾ ਕਿ ਮੌਕੇ ’ਤੇ ਪਿੰਡ ਦੇ ਕੁਝ ਵਿਅਕਤੀ ਮੌਜੂਦ ਸਨ।

ਉਨ੍ਹਾਂ ਅਨੁਸਾਰ ਡਿਊਟੀ ਮੈਜਿਸਟ੍ਰੇਟ ਜਗਦੀਪਇੰਦਰ ਸਿੰਘ ਦੀ ਹਾਜ਼ਰੀ ਵਿੱਚ ਪੋਸਟਮਾਰਟਮ ਕਰਵਾਉਣ ਲਈ ਮੁੱਖ ਅਫ਼ਸਰ ਅਤੇ ਐਸਐਮਓ ਸੰਗਰੂਰ ਵੱਲੋਂ ਜਾਰੀ ਨੋਟਿਸ ਲੈਣ ਤੋਂ ਇਨਕਾਰ ਕੀਤਾ ਗਿਆ ਸੀ। ਪੁਲੀਸ ਦਾ ਦਾਅਵਾ ਹੈ ਕਿ ਮ੍ਰਿਤਕ ਦੇਹ ਦਾ ਬਣਦਾ ਸਨਮਾਨ ਅਤੇ ਕਿਰਿਆ-ਕਰਮ ਕਰਨ ਵਿੱਚ ਰੁਕਾਵਟ ਪਾਈ ਗਈ।

ਪਰਿਵਾਰ ਦੀਆਂ ਮੰਗਾਂ ’ਤੇ ਜਾਂਚ ਜਾਰੀ

ਪੁਲੀਸ ਵੱਲੋਂ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਜਾਰੀ ਹੋਣ ਦੀ ਗੱਲ ਕਹੀ ਗਈ ਹੈ। ਦੂਜੇ ਪਾਸੇ ਪੀੜਤ ਪਰਿਵਾਰ ਐਸਸੀ/ਐਸਟੀ ਐਕਟ ਦੀ ਧਾਰਾ ਜੋੜਨ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਿਹਾ ਸੀ।

ਇਸ ਪੂਰੇ ਮਾਮਲੇ ਵਿੱਚ ਪਰਿਵਾਰ ਅਤੇ ਪੁਲੀਸ ਦੇ ਦਾਅਵਿਆਂ ਵਿੱਚ ਵੱਖਰਾ ਰੁਖ ਸਾਹਮਣੇ ਆ ਰਿਹਾ ਹੈ। ਪਰਿਵਾਰ ਪੁਲੀਸ ਕਾਰਵਾਈ ਨੂੰ ਜਬਰੀ ਦੱਸ ਰਿਹਾ ਹੈ, ਜਦਕਿ ਪੁਲੀਸ ਨੇ ਮ੍ਰਿਤਕ ਦੇਹ ਖ਼ਰਾਬ ਹੋਣ ਅਤੇ ਸਸਕਾਰ ਵਿੱਚ ਦੇਰੀ ਨੂੰ ਕਾਰਵਾਈ ਦਾ ਕਾਰਨ ਦੱਸਿਆ ਹੈ।