The Punjab Inside
Saturday, 3 October 2026Admin Login

ਪੰਜਾਬ ਕਾਂਗਰਸ 'ਚ ਵੱਡੇ ਫੇਰਬਦਲ ਦੇ ਸੰਕੇਤ, ਅੱਜ ਦਿੱਲੀ 'ਚ ਸੀਨੀਅਰ ਆਗੂਆਂ ਨਾਲ ਇਕੱਲੇ-ਇਕੱਲੇ ਮੀਟਿੰਗ ਕਰਨਗੇ ਆਬਜ਼ਰਵਰ

ਪੰਜਾਬ ਕਾਂਗਰਸ ਵਿੱਚ ਜਥੇਬੰਦਕ ਫੇਰਬਦਲ ਦੇ ਸੰਕੇਤਾਂ ਦਰਮਿਆਨ ਕਾਂਗਰਸ ਹਾਈ ਕਮਾਨ ਵੱਲੋਂ ਨਿਯੁਕਤ ਤਿੰਨ ਆਬਜ਼ਰਵਰਾਂ ਨੇ ਸਿਆਸੀ ਹਾਲਾਤਾਂ ਦਾ ਜਾਇਜ਼ਾ ਲੈਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ।

ਪੰਜਾਬ ਕਾਂਗਰਸ 'ਚ ਵੱਡੇ ਫੇਰਬਦਲ ਦੇ ਸੰਕੇਤ, ਅੱਜ ਦਿੱਲੀ 'ਚ ਸੀਨੀਅਰ ਆਗੂਆਂ ਨਾਲ ਇਕੱਲੇ-ਇਕੱਲੇ ਮੀਟਿੰਗ ਕਰਨਗੇ ਆਬਜ਼ਰਵਰ
Punjab Inside Team
Share:

ਚੰਡੀਗੜ੍ਹ/ਨਵੀਂ ਦਿੱਲੀ: ਪੰਜਾਬ ਕਾਂਗਰਸ ਵਿੱਚ ਜਥੇਬੰਦਕ ਫੇਰਬਦਲ ਦੇ ਸੰਕੇਤਾਂ ਦਰਮਿਆਨ ਕਾਂਗਰਸ ਹਾਈ ਕਮਾਨ ਵੱਲੋਂ ਨਿਯੁਕਤ ਤਿੰਨ ਆਬਜ਼ਰਵਰਾਂ ਨੇ ਸਿਆਸੀ ਹਾਲਾਤਾਂ ਦਾ ਜਾਇਜ਼ਾ ਲੈਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਮੰਗਲਵਾਰ ਨੂੰ ਦਿੱਲੀ ਦੇ ਇੰਦਰਾ ਭਵਨ ਵਿੱਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ, ਸਾਬਕਾ ਪ੍ਰਧਾਨਾਂ, ਸਾਬਕਾ ਕੇਂਦਰੀ ਮੰਤਰੀਆਂ ਅਤੇ ਮੌਜੂਦਾ ਤੇ ਸਾਬਕਾ ਲੋਕ ਸਭਾ ਮੈਂਬਰਾਂ ਨਾਲ ਇਕੱਲੇ-ਇਕੱਲੇ ਮੀਟਿੰਗਾਂ ਕੀਤੀਆਂ ਜਾਣਗੀਆਂ।


ਸੂਤਰਾਂ ਅਨੁਸਾਰ ਆਬਜ਼ਰਵਰ ਪਾਰਟੀ ਦੇ ਅੰਦਰੂਨੀ ਹਾਲਾਤ, ਧੜੇਬੰਦੀ ਅਤੇ ਸੰਗਠਨ ਦੀ ਮੌਜੂਦਾ ਸਥਿਤੀ ਬਾਰੇ ਆਗੂਆਂ ਦਾ ਪੱਖ ਸੁਣ ਕੇ ਆਪਣੀ ਰਿਪੋਰਟ ਤਿਆਰ ਕਰਨਗੇ। ਇਹ ਰਿਪੋਰਟ ਹਫ਼ਤੇ ਦੇ ਅੰਤ ਤੱਕ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਸੌਂਪੀ ਜਾ ਸਕਦੀ ਹੈ।

ਕਾਂਗਰਸ ਹਾਈ ਕਮਾਨ ਨੇ ਸਾਬਕਾ ਕੇਂਦਰੀ ਮੰਤਰੀ ਅਜੈ ਮਾਕਨ, ਸਾਬਕਾ ਸੰਸਦ ਮੈਂਬਰ ਮੀਨਾਕਸ਼ੀ ਨਟਰਾਜਨ ਅਤੇ ਭਜਨ ਲਾਲ ਜਾਟਵ ਨੂੰ ਪੰਜਾਬ ਦੇ ਮਾਮਲਿਆਂ ਦਾ ਜਾਇਜ਼ਾ ਲੈਣ ਲਈ ਆਬਜ਼ਰਵਰ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਰਿਪੋਰਟ ਦੇ ਆਧਾਰ 'ਤੇ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਅਤੇ ਲੀਡਰਸ਼ਿਪ ਬਾਰੇ ਅਹਿਮ ਫ਼ੈਸਲੇ ਲਏ ਜਾ ਸਕਦੇ ਹਨ।


ਪਾਰਟੀ ਦੇ ਇੱਕ ਧੜੇ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੀਡਰਸ਼ਿਪ ਵਿੱਚ ਬਦਲਾਅ ਦੀ ਮੰਗ ਕੀਤੀ ਜਾ ਰਹੀ ਹੈ। ਇਸ ਕਾਰਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਭੂਮਿਕਾ ਅਤੇ ਅਹੁਦੇ ਨੂੰ ਲੈ ਕੇ ਵੀ ਚਰਚਾਵਾਂ ਤੇਜ਼ ਹੋ ਗਈਆਂ ਹਨ।


ਦੱਸਿਆ ਜਾਂਦਾ ਹੈ ਕਿ ਪੰਜਾਬ ਕਾਂਗਰਸ ਦੀ ਸਥਿਤੀ ਬਾਰੇ ਹਾਈ ਕਮਾਨ ਨੂੰ ਮਿਲੀਆਂ ਵੱਖ-ਵੱਖ ਸਰਵੇ ਰਿਪੋਰਟਾਂ ਵਿੱਚ ਵੱਡਾ ਅੰਤਰ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਆਬਜ਼ਰਵਰਾਂ ਦੀ ਨਿਯੁਕਤੀ ਦਾ ਫ਼ੈਸਲਾ ਲਿਆ ਗਿਆ। ਹੁਣ ਸਭ ਦੀਆਂ ਨਜ਼ਰਾਂ ਆਬਜ਼ਰਵਰਾਂ ਦੀ ਰਿਪੋਰਟ 'ਤੇ ਟਿਕੀਆਂ ਹੋਈਆਂ ਹਨ, ਜੋ ਪੰਜਾਬ ਕਾਂਗਰਸ ਦੇ ਭਵਿੱਖ ਦੀ ਦਿਸ਼ਾ ਤੈਅ ਕਰ ਸਕਦੀ ਹੈ।