ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੋ ਕੀਰਤਨੀ ਜਥਿਆਂ ’ਤੇ ਇੱਕ ਮਹੀਨੇ ਦੀ ਰੋਕ, 13 ਨਵੰਬਰ ਤੋਂ 12 ਦਸੰਬਰ ਤੱਕ ਸੰਗਤ ’ਚ ਨਹੀਂ ਕਰ ਸਕਣਗੇ ਕੀਰਤਨ
11 ਨਵੰਬਰ: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਜਗਜੀਤ ਸਿੰਘ ਬਬੀਹਾ ਅਤੇ ਭਾਈ ਕੁਲਵਿੰਦਰ ਸਿੰਘ ਖਰੜ ਦੇ ਕੀਰਤਨੀ ਜਥਿਆਂ ’ਤੇ ਇੱਕ ਮਹੀਨੇ ਲਈ ਸੰਗਤ ਵਿੱਚ ਕੀਰਤਨ ਕਰਨ ’ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਪਾਬੰਦੀ 13 ਨਵੰਬਰ 2026 ਤੋਂ 12 ਦਸੰਬਰ 2026 ਤੱਕ ਲਾਗੂ ਰਹੇਗੀ। ਦੋਵਾਂ ਜਥਿਆਂ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਆਪਸੀ ਵਿਵਾਦ ਅਤੇ ਸੰਗਤ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ਾਂ ਅਨੁਸਾਰ ਜਾਰੀ ਹੁਕਮ ਵਿੱਚ ਦੋਵਾਂ ਕੀਰਤਨੀ ਜਥਿਆਂ ਨੂੰ ਇੱਕ ਮਹੀਨੇ ਤੱਕ ਗੁਰਮਤਿ ਦੀ ਜਾਣਕਾਰੀ ਹਾਸਲ ਕਰਨ ਅਤੇ ਨਿਮਰਤਾ ਦੇ ਗੁਣ ਧਾਰਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਦੋਵਾਂ ਨੂੰ ਵੱਖ-ਵੱਖ ਸੰਸਥਾਵਾਂ ਤੋਂ ਲੈਣੀ ਪਵੇਗੀ ਸਿੱਖਿਆ
ਸਕੱਤਰੇਤ ਵੱਲੋਂ ਜਾਰੀ ਆਦੇਸ਼ ਅਨੁਸਾਰ ਭਾਈ ਜਗਜੀਤ ਸਿੰਘ ਬਬੀਹਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਿੱਖ ਰਹਿਤ ਮਰਯਾਦਾ ਅਤੇ ਗੁਰਮਤਿ ਸਬੰਧੀ ਜਾਣਕਾਰੀ ਪ੍ਰਾਪਤ ਕਰਨਗੇ, ਜਦਕਿ ਭਾਈ ਕੁਲਵਿੰਦਰ ਸਿੰਘ ਖਰੜ ਗੁਰਮਤਿ ਸੰਗੀਤ ਅਕੈਡਮੀ, ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਮਤਿ ਸੰਗੀਤ ਦੀ ਸਿੱਖਿਆ ਹਾਸਲ ਕਰਨਗੇ।
ਇਸ ਤੋਂ ਇਲਾਵਾ ਦੋਵਾਂ ਨੂੰ ਇੱਕ ਮਹੀਨੇ ਤੱਕ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਸਵੇਰੇ-ਸ਼ਾਮ ਸੇਵਾ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ। ਇੱਕ ਮਹੀਨੇ ਦੀ ਸਿੱਖਿਆ ਅਤੇ ਸੇਵਾ ਪੂਰੀ ਕਰਨ ਤੋਂ ਬਾਅਦ ਦੋਵਾਂ ਨੂੰ ਸਬੰਧਤ ਸੰਸਥਾਵਾਂ ਤੋਂ ਪ੍ਰਮਾਣ ਪੱਤਰ ਲੈ ਕੇ ਨਿੱਜੀ ਤੌਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੇਸ਼ ਹੋਣਾ ਪਵੇਗਾ।
ਕੀਰਤਨੀਏ ਲਈ ਨਿਮਰਤਾ ਅਤੇ ਮਰਯਾਦਾ ਦੀ ਪਾਲਣਾ ਜ਼ਰੂਰੀ
ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਗੁਰਬਾਣੀ ਕੀਰਤਨ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਹੋਈ ਦਾਤ ਅਤੇ ਰੂਹ ਦੀ ਖੁਰਾਕ ਹੈ। ਗੁਰਬਾਣੀ ਕੀਰਤਨ ਕਰਨ ਵਾਲੇ ਵਿਅਕਤੀ ਅੰਦਰ ਗੁਰੂ ਪ੍ਰਤੀ ਭੈਅ-ਭਾਵਨੀ, ਨਿਮਰਤਾ, ਸਿੱਖ ਰਹਿਤ ਮਰਯਾਦਾ ਦੀ ਜਾਣਕਾਰੀ ਅਤੇ ਗੁਰਬਾਣੀ ਸੰਗੀਤ ਪ੍ਰਣਾਲੀ ਦਾ ਗਿਆਨ ਹੋਣਾ ਬੇਹੱਦ ਜ਼ਰੂਰੀ ਹੈ।
ਸਕੱਤਰੇਤ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਦੋਵਾਂ ਕੀਰਤਨੀ ਜਥਿਆਂ ਵੱਲੋਂ ਜਿੱਥੇ ਗੁਰਬਾਣੀ ਕੀਰਤਨ ਦੀ ਮਰਯਾਦਾ ਦੀ ਉਲੰਘਣਾ ਕੀਤੀ ਗਈ ਹੈ, ਉੱਥੇ ਹੀ ਇੱਕ-ਦੂਜੇ ਵਿਰੁੱਧ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿੱਚ ਅਤੇ ਸੋਸ਼ਲ ਮੀਡੀਆ ਰਾਹੀਂ ਹਲਕੇ ਪੱਧਰ ਦੀ ਦੂਸ਼ਣਬਾਜ਼ੀ ਵੀ ਕੀਤੀ ਜਾ ਰਹੀ ਹੈ। ਇਸ ਕਾਰਨ ਪੁਰਾਤਨ ਕੀਰਤਨੀਆਂ ਅਤੇ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ।

