The Punjab Inside
Saturday, 3 October 2026Admin Login
Punjab

ਆਨੰਦਪੁਰ ਸਾਹਿਬ ਮਾਮਲਾ: ‘ਮੁਲਜ਼ਮ ਵੀ ਸਾਡੇ, ਜਾਂਚ ਵੀ ਸਾਡੀ ਤੇ ਫੈਸਲਾ ਵੀ ਸਾਡਾ’, ਗਿਆਨੀ ਹਰਪ੍ਰੀਤ ਸਿੰਘ ਨੇ ਧਾਮੀ ’ਤੇ ਕੱਸਿਆ ਤੰਜ

ਸ੍ਰੀ ਆਨੰਦਪੁਰ ਸਾਹਿਬ ਨਾਲ ਜੁੜੇ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ SGPC ਵੱਲੋਂ ਕਮੇਟੀ ਬਣਾਏ ਜਾਣ ’ਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਾਂਚ ਕਮੇਟੀ ਵਿੱਚ ਵਿਰੋਧੀ ਧਿਰ ਦੇ ਕਿਸੇ ਮੈਂਬਰ ਨੂੰ ਸ਼ਾਮਲ ਨਹੀਂ ਕੀਤਾ ਗਿਆ, ਇਸ ਲਈ ਜਾਂਚ ਦੀ ਨਿਰਪੱਖਤਾ ’ਤੇ ਸਵਾਲ ਖੜ੍ਹੇ ਹੁੰਦੇ ਹਨ।

ਆਨੰਦਪੁਰ ਸਾਹਿਬ ਮਾਮਲਾ: ‘ਮੁਲਜ਼ਮ ਵੀ ਸਾਡੇ, ਜਾਂਚ ਵੀ ਸਾਡੀ ਤੇ ਫੈਸਲਾ ਵੀ ਸਾਡਾ’, ਗਿਆਨੀ ਹਰਪ੍ਰੀਤ ਸਿੰਘ ਨੇ ਧਾਮੀ ’ਤੇ ਕੱਸਿਆ ਤੰਜ
Punjab Inside Team
Share:

ਸ੍ਰੀ ਆਨੰਦਪੁਰ ਸਾਹਿਬ ਨਾਲ ਸਬੰਧਤ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜਾਂਚ ਕਮੇਟੀ ਬਣਾਏ ਜਾਣ ’ਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਤੀਕਿਰਿਆ ਦਿੱਤੀ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਧਾਮੀ ਦੇ ਬਿਆਨ ’ਤੇ ਤਨਜ਼ ਕੱਸਦਿਆਂ ਕਿਹਾ ਕਿ ਪ੍ਰਬੰਧ ਵੀ SGPC ਦਾ ਹੈ, ਮੈਂਬਰਾਂ ’ਤੇ ਦੋਸ਼ ਵੀ ਲੱਗੇ ਹਨ ਅਤੇ ਹੁਣ ਜਾਂਚ ਵੀ SGPC ਦੀ ਕਮੇਟੀ ਹੀ ਕਰੇਗੀ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਜਾਂਚ ਕਮੇਟੀ ਵਿੱਚ ਵਿਰੋਧੀ ਧਿਰ ਦੇ ਕਿਸੇ ਮੈਂਬਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਤਾਂ ਜਾਂਚ ਦੀ ਨਿਰਪੱਖਤਾ ਕਿਵੇਂ ਯਕੀਨੀ ਬਣਾਈ ਜਾਵੇਗੀ।

‘ਮੁਲਜ਼ਮ ਵੀ ਸਾਡੇ, ਜਾਂਚ ਵੀ ਸਾਡੀ ਤੇ ਫੈਸਲਾ ਵੀ ਸਾਡਾ’

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਧਾਮੀ ਸਾਹਿਬ ਦਾ ਕਹਿਣਾ ਹੈ ਕਿ ਸੰਗਤ ਵੱਲੋਂ ਸਵਾਲ ਪੁੱਛੇ ਜਾ ਰਹੇ ਹਨ, ਇਸ ਲਈ ਕਮੇਟੀ ਬਣਾਈ ਗਈ ਹੈ ਅਤੇ 15 ਦਿਨਾਂ ਵਿੱਚ ਰਿਪੋਰਟ ਪੇਸ਼ ਕੀਤੀ ਜਾਵੇਗੀ।

ਉਨ੍ਹਾਂ ਤਨਜ਼ ਕਰਦਿਆਂ ਕਿਹਾ, “ਮੁਲਜ਼ਮ ਵੀ ਸਾਡਾ, ਪੜਤਾਲ ਵੀ ਸਾਡੀ ਤੇ ਫੈਸਲਾ ਵੀ ਸਾਡਾ ਹੀ ਹੋਵੇਗਾ। ਬੱਸ ਸੰਗਤਾਂ ਨੂੰ ਪੰਦਰਾਂ ਦਿਨ ਚੁੱਪ ਰਹਿਣ ਦੀ ਨਸੀਹਤ ਕੀਤੀ ਗਈ ਹੈ।”

VIP ਸਰਾਂ ਵਿੱਚ ਸਹੂਲਤਾਂ ਦੇਣ ’ਤੇ ਚੁੱਕੇ ਸਵਾਲ

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਾਮਲੇ ਸਬੰਧੀ ਇਹ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ VIP ਸਰਾਂ ਵਿੱਚ ਰਹਿ ਰਹੀ ਮਹਿਲਾ ਨੂੰ ਗੱਡੀ, ਡਰਾਈਵਰ ਅਤੇ ਸੇਵਾਦਾਰ ਸਮੇਤ ਹੋਰ ਸਹੂਲਤਾਂ ਦਿੱਤੀਆਂ ਗਈਆਂ। ਉਨ੍ਹਾਂ ਸਵਾਲ ਕੀਤਾ ਕਿ ਜੇ SGPC ਪ੍ਰਧਾਨ ਨੂੰ ਇਨ੍ਹਾਂ ਪ੍ਰਬੰਧਾਂ ਬਾਰੇ ਜਾਣਕਾਰੀ ਨਹੀਂ ਸੀ ਤਾਂ ਫਿਰ ਇਹ ਫੈਸਲਾ ਕਿਸ ਅਧਿਕਾਰੀ ਦੇ ਪੱਧਰ ’ਤੇ ਲਿਆ ਗਿਆ।

ਉਨ੍ਹਾਂ ਕਿਹਾ ਕਿ ਕੇਸਗੜ੍ਹ ਸਾਹਿਬ ਦਾ ਮੈਨੇਜਰ ਆਪਣੇ ਪੱਧਰ ’ਤੇ ਅਜਿਹਾ ਫੈਸਲਾ ਨਹੀਂ ਲੈ ਸਕਦਾ। ਉਨ੍ਹਾਂ SGPC ਪ੍ਰਬੰਧਨ ਤੋਂ ਇਸ ਸਬੰਧੀ ਸਪੱਸ਼ਟੀਕਰਨ ਦੀ ਮੰਗ ਕੀਤੀ।

ਮਹਿਲਾ ਦੇ ਬਿਆਨਾਂ ਦਾ ਵੀ ਕੀਤਾ ਜ਼ਿਕਰ

ਗਿਆਨੀ ਹਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਸਬੰਧਤ ਮਹਿਲਾ ਨੇ ਮਜਿਸਟ੍ਰੇਟ ਦੇ ਸਾਹਮਣੇ ਬਿਆਨ ਦਰਜ ਕਰਵਾਏ ਹਨ ਅਤੇ ਉਨ੍ਹਾਂ ਵਿੱਚ SGPC ਪ੍ਰਧਾਨ ਤੱਕ ਆਪਣੇ PA ਰਾਹੀਂ ਪਹੁੰਚ ਕਰਨ ਦੀ ਗੱਲ ਕਹੀ ਹੈ।

ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਜੇਕਰ ਧਾਮੀ ਸਾਹਿਬ ਮੁਤਾਬਕ ਮਹਿਲਾ ਉਨ੍ਹਾਂ ਨੂੰ ਇੱਕ-ਦੋ ਵਾਰ ਮਿਲੀ ਸੀ ਤਾਂ ਉਸ ਸਮੇਂ ਉਨ੍ਹਾਂ ਨੇ ਇਹ ਕਿਉਂ ਨਹੀਂ ਪੁੱਛਿਆ ਕਿ ਉਹ VIP ਸਰਾਂ ਵਿੱਚ ਕਿਸ ਦੇ ਹੁਕਮ ਨਾਲ ਰਹਿ ਰਹੀ ਹੈ ਅਤੇ ਉਸ ਨੂੰ ਇਹ ਸਹੂਲਤਾਂ ਕਿਵੇਂ ਮਿਲ ਰਹੀਆਂ ਹਨ।

‘ਸੰਗਤ ਨੂੰ ਜਵਾਬ ਦੇਣਾ ਪਵੇਗਾ’

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਨਾਲ ਜੁੜੇ ਸਾਰੇ ਸਵਾਲਾਂ ਦੇ ਜਵਾਬ SGPC ਪ੍ਰਧਾਨ ਨੂੰ ਸੰਗਤ ਦੇ ਸਾਹਮਣੇ ਦੇਣੇ ਪੈਣਗੇ। ਉਨ੍ਹਾਂ ਕਿਹਾ ਕਿ ਜਾਂਚ ਕਮੇਟੀ ਵੱਲੋਂ ਤੱਥ ਸਾਹਮਣੇ ਆਉਣ ਤੋਂ ਬਾਅਦ ਹੀ ਮਾਮਲੇ ਦੀ ਪੂਰੀ ਤਸਵੀਰ ਸਪੱਸ਼ਟ ਹੋਵੇਗੀ।

ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਕਾਰਨ ਹੀ ਇਤਿਹਾਸ ਵਿੱਚ ਗੁਰਦੁਆਰਾ ਸੁਧਾਰ ਲਹਿਰ ਵਰਗੇ ਯਤਨ ਹੋਏ ਸਨ। ਉਨ੍ਹਾਂ SGPC ਪ੍ਰਬੰਧਨ ਤੋਂ ਮਾਮਲੇ ਨਾਲ ਸਬੰਧਤ ਸਾਰੇ ਤੱਥ ਜਨਤਕ ਕਰਨ ਦੀ ਮੰਗ ਕੀਤੀ।

ਇਹ ਬਿਆਨ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਮੀਡੀਆ ਇੰਚਾਰਜ ਸ. ਤੇਜਿੰਦਰ ਸਿੰਘ ਪੰਨੂੰ ਵੱਲੋਂ ਪ੍ਰੈੱਸ ਨੂੰ ਜਾਰੀ ਕੀਤਾ ਗਿਆ।