The Punjab Inside
Saturday, 3 October 2026Admin Login

1000 ਰੁਪਏ ਦੀ ਮਦਦ ਬਹੁਤ ਘੱਟ ਤੇ ਦੇਰ ਨਾਲ ਚੁੱਕਿਆ ਗਿਆ ਕਦਮ, ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ- ਔਰਤਾਂ ਨੂੰ ਵਾਅਦੇ ਮੁਤਾਬਕ ਮਿਲਣ ਪੂਰੇ 60,000

Raja Warring ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਪ੍ਰਤੀ ਔਰਤ 54,000 ਰੁਪਏ ਦੀ ਇਸ ਧੋਖਾਧੜੀ ਦੇ ਖ਼ਿਲਾਫ਼ 'ਆਪ' ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ 'ਆਪ' ਸਰਕਾਰ ਸੱਚਮੁੱਚ ਆਪਣੇ ਵਾਅਦੇ ਨੂੰ ਲੈ ਕੇ ਗੰਭੀਰ ਹੈ, ਤਾਂ ਉਸ ਨੂੰ ਸੂਬੇ ਦੀ ਹਰੇਕ ਮਹਿਲਾ ਨੂੰ 54,000 ਰੁਪਏ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰਨਾ ਚਾਹੀਦਾ ਹੈ।

1000 ਰੁਪਏ ਦੀ ਮਦਦ ਬਹੁਤ ਘੱਟ ਤੇ ਦੇਰ ਨਾਲ ਚੁੱਕਿਆ ਗਿਆ ਕਦਮ, ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ- ਔਰਤਾਂ ਨੂੰ ਵਾਅਦੇ ਮੁਤਾਬਕ ਮਿਲਣ ਪੂਰੇ 60,000
Punjab Inside Team
Share:

ਚੰਡੀਗੜ੍ਹ : ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪੰਜਾਬ ਦੀਆਂ ਔਰਤਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 1000 ਰੁਪਏ ਮਾਸਿਕ ਨਕਦ ਸਹਾਇਤਾ ਦੇਣ ਦਾ ਐਲਾਨ ਬਹੁਤ ਘੱਟ ਤੇ ਬਹੁਤ ਦੇਰ ਨਾਲ ਕੀਤਾ ਗਿਆ ਹੈ। ਅੱਜ ਇੱਥੇ ਜਾਰੀ ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਘੱਟ, ਬਹੁਤ ਹੀ ਨਾਕਾਫ਼ੀ ਤੇ ਬਹੁਤ ਹੀ ਦੇਰੀ ਨਾਲ ਚੁੱਕਿਆ ਗਿਆ ਕਦਮ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ 'ਆਪ' ਸਰਕਾਰ ਨੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਔਰਤਾਂ ਤੋਂ 1000 ਰੁਪਏ ਮਾਸਿਕ ਸਹਾਇਤਾ ਦਾ ਵਾਅਦਾ ਕਰਕੇ ਵੋਟਾਂ ਲਈਆਂ ਗਈਆਂ, ਪਰ ਹੁਣ ਸਰਕਾਰ ਆਪਣੇ ਕਾਰਜਕਾਲ ਦੇ ਅੰਤਿਮ ਪੜਾਅ 'ਚ ਆ ਕੇ ਇਸ ਯੋਜਨਾ ਦਾ ਐਲਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਔਰਤਾਂ ਨੂੰ ਪੰਜ ਸਾਲਾਂ ਵਿਚ 60,000 ਰੁਪਏ ਮਿਲਣੇ ਚਾਹੀਦੇ ਸਨ, ਹੁਣ ਉਨ੍ਹਾਂ ਨੂੰ 'ਆਪ' ਸਰਕਾਰ ਦੇ ਬਚੇ ਹੋਏ ਛੇ ਮਹੀਨਿਆਂ ਦੇ ਕਾਰਜਕਾਲ ਦੌਰਾਨ ਸਿਰਫ਼ 6,000 ਰੁਪਏ ਹੀ ਮਿਲਣਗੇ। ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਇਹ ਬੇਸ਼ਰਮੀ ਭਰੀ ਧੋਖਾਧੜੀ ਹੈ ਕਿ ਤੁਸੀਂ 60,000 ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਪਰ ਹੁਣ ਸਿਰਫ਼ 6,000 ਰੁਪਏ ਦੇ ਰਹੇ ਹੋ।

ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਪ੍ਰਤੀ ਔਰਤ 54,000 ਰੁਪਏ ਦੀ ਇਸ ਧੋਖਾਧੜੀ ਦੇ ਖ਼ਿਲਾਫ਼ 'ਆਪ' ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ 'ਆਪ' ਸਰਕਾਰ ਸੱਚਮੁੱਚ ਆਪਣੇ ਵਾਅਦੇ ਨੂੰ ਲੈ ਕੇ ਗੰਭੀਰ ਹੈ, ਤਾਂ ਉਸ ਨੂੰ ਸੂਬੇ ਦੀ ਹਰੇਕ ਮਹਿਲਾ ਨੂੰ 54,000 ਰੁਪਏ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਦੋਂ ਕਾਂਗਰਸ ਦੀ ਸਰਕਾਰ ਬਣੇਗੀ ਤਾਂ ਉਹ ਇਹ ਯਕੀਨੀ ਬਣਾਏਗੀ ਕਿ ਨਕਦ ਸਹਾਇਤਾ ਸਮੇਤ ਹਰ ਭਲਾਈ ਯੋਜਨਾ ਦਾ ਲਾਭ ਸਰਕਾਰ ਬਣਨ ਦੇ ਪਹਿਲੇ ਦਿਨ ਤੋਂ ਹੀ ਦਿੱਤਾ ਜਾਵੇ।

ਇਸ ਸਬੰਧ 'ਚ ਵੜਿੰਗ ਨੇ ਕਰਨਾਟਕ ਅਤੇ ਤੇਲੰਗਾਨਾ ਦੀਆਂ ਕਾਂਗਰਸ ਸਰਕਾਰਾਂ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਉੱਥੇ ਸਰਕਾਰ ਬਣਨ ਦੇ ਪਹਿਲੇ ਸਾਲ ਤੋਂ ਹੀ ਔਰਤਾਂ ਨੂੰ ਨਕਦ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਇਹ ਰਾਸ਼ੀ ਹਰ ਮਹੀਨੇ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਜਮ੍ਹਾਂ ਕਰਵਾਈ ਜਾਂਦੀ ਹੈ।