CM Wife Gurpreet Kaur ’ਤੇ ਕਥਿਤ 5 ਕਰੋੜ ਦੇ ਇਲਜ਼ਾਮ ਮਾਮਲੇ 'ਚ ਚੰਡੀਗੜ੍ਹ ਅਦਾਲਤ ਨੇ ਗੈਰ-ਪ੍ਰਮਾਣਿਤ ਪੋਸਟਾਂ ’ਤੇ ਲਗਾਈ ਰੋਕ
ਡਾ. ਗੁਰਪ੍ਰੀਤ ਕੌਰ ’ਤੇ ਕਥਿਤ 5 ਕਰੋੜ ਦੇ ਇਲਜ਼ਾਮਾਂ ਨੂੰ ਲੈ ਕੇ ਚੰਡੀਗੜ੍ਹ ਅਦਾਲਤ ਨੇ ਨਵੀਆਂ ਗੈਰ-ਪ੍ਰਮਾਣਿਤ ਪੋਸਟਾਂ ’ਤੇ ਰੋਕ ਲਗਾਈ। ਪੁਰਾਣੀਆਂ ਪੋਸਟਾਂ ਡਿਲੀਟ ਕਰਨ ਦਾ ਤੁਰੰਤ ਹੁਕਮ ਨਹੀਂ, 30 ਸਤੰਬਰ ਨੂੰ ਅਗਲੀ ਸੁਣਵਾਈ।

ਡਾਕਟਰ ਗੁਰਪ੍ਰੀਤ ਕੌਰ ਨਾਲ ਸਬੰਧਤ ਕਥਿਤ 5 ਕਰੋੜ ਰੁਪਏ ਦੇ ਇਲਜ਼ਾਮਾਂ ਨੂੰ ਲੈ ਕੇ ਚੰਡੀਗੜ੍ਹ ਅਦਾਲਤ ਵਿੱਚ ਦਾਇਰ ਮਾਮਲੇ ’ਤੇ ਅਹਿਮ ਆਦੇਸ਼ ਸਾਹਮਣੇ ਆਇਆ ਹੈ। ਅਦਾਲਤ ਨੇ ਡਾਕਟਰ ਗੁਰਪ੍ਰੀਤ ਕੌਰ ਬਾਰੇ ਗੈਰ-ਪ੍ਰਮਾਣਿਤ ਅਤੇ ਬਿਨਾਂ ਠੋਸ ਤੱਥਾਂ ਵਾਲੀਆਂ ਨਵੀਆਂ ਸੋਸ਼ਲ ਮੀਡੀਆ ਪੋਸਟਾਂ ਕਰਨ ’ਤੇ ਰੋਕ ਲਗਾਈ ਹੈ।
ਮਾਮਲੇ ਵਿੱਚ ਡਾਕਟਰ ਗੁਰਪ੍ਰੀਤ ਕੌਰ ਨਾਲ ਸਬੰਧਤ ਸੋਸ਼ਲ ਮੀਡੀਆ ’ਤੇ ਮੌਜੂਦ ਪੋਸਟਾਂ ਅਤੇ ਵੀਡੀਓਜ਼ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਪੁਰਾਣੀਆਂ ਪੋਸਟਾਂ ਜਾਂ ਵੀਡੀਓਜ਼ ਨੂੰ ਤੁਰੰਤ ਡਿਲੀਟ ਕਰਨ ਦਾ ਹੁਕਮ ਦੇਣ ਤੋਂ ਇਨਕਾਰ ਕਰਦਿਆਂ ਬਚਾਅ ਪੱਖ ਨੂੰ ਨੋਟਿਸ ਜਾਰੀ ਕੀਤਾ ਹੈ।
ਬਿਨਾਂ ਠੋਸ ਤੱਥਾਂ ਦੇ ਪੋਸਟ ਕਰਨ ’ਤੇ ਰੋਕ
ਅਦਾਲਤੀ ਆਦੇਸ਼ ਮੁਤਾਬਕ ਜਸਟਿਸ ਰਣਜੀਤ ਸਿੰਘ, ਸੁਖਪਾਲ ਸਿੰਘ ਖਹਿਰਾ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਡਾਕਟਰ ਗੁਰਪ੍ਰੀਤ ਕੌਰ ਬਾਰੇ ਬਿਨਾਂ ਕਿਸੇ ਠੋਸ ਜਾਂ ਪ੍ਰਮਾਣਿਤ ਤੱਤਾਂ ਦੇ ਨਵੀਂ ਪੋਸਟ ਜਾਂ ਸਮੱਗਰੀ ਪ੍ਰਸਾਰਿਤ ਕਰਨ ’ਤੇ ਰੋਕ ਲਗਾਈ ਗਈ ਹੈ।
ਇਸ ਆਦੇਸ਼ ਦਾ ਮਤਲਬ ਇਹ ਹੈ ਕਿ ਅਗਲੇ ਪੜਾਅ ਵਿੱਚ ਡਾਕਟਰ ਗੁਰਪ੍ਰੀਤ ਕੌਰ ਬਾਰੇ ਕੋਈ ਵੀ ਦਾਅਵਾ ਜਾਂ ਇਲਜ਼ਾਮ ਸੋਸ਼ਲ ਮੀਡੀਆ ’ਤੇ ਸਾਂਝਾ ਕਰਦੇ ਸਮੇਂ ਉਸ ਦੇ ਪਿੱਛੇ ਠੋਸ ਤੱਥ ਜਾਂ ਆਧਾਰ ਹੋਣਾ ਜ਼ਰੂਰੀ ਹੋਵੇਗਾ।
ਪੁਰਾਣੀਆਂ ਪੋਸਟਾਂ ਬਾਰੇ ਅਦਾਲਤ ਨੇ ਨਹੀਂ ਦਿੱਤਾ ਤੁਰੰਤ ਡਿਲੀਟ ਕਰਨ ਦਾ ਹੁਕਮ
ਮਾਮਲੇ ਦੀ ਇੱਕ ਅਹਿਮ ਗੱਲ ਇਹ ਹੈ ਕਿ ਸੋਸ਼ਲ ਮੀਡੀਆ ’ਤੇ ਹੁਣ ਤੱਕ ਅਪਲੋਡ ਕੀਤੀਆਂ ਜਾ ਚੁੱਕੀਆਂ ਪੁਰਾਣੀਆਂ ਪੋਸਟਾਂ ਜਾਂ ਵੀਡੀਓਜ਼ ਨੂੰ ਤੁਰੰਤ ਹਟਾਉਣ ਦਾ ਹੁਕਮ ਅਦਾਲਤ ਵੱਲੋਂ ਨਹੀਂ ਦਿੱਤਾ ਗਿਆ।
ਪੁਰਾਣੀ ਸਮੱਗਰੀ ਨੂੰ ਹਟਾਉਣ ਦੀ ਮੰਗ ’ਤੇ ਅਦਾਲਤ ਨੇ ਬਚਾਅ ਪੱਖ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਲਈ ਇਸ ਮਾਮਲੇ ’ਤੇ ਅਗਲੀ ਸੁਣਵਾਈ ਦੌਰਾਨ ਹੋਰ ਵਿਚਾਰ ਹੋਣ ਦੀ ਸੰਭਾਵਨਾ ਹੈ।
30 ਸਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ
ਇਸ ਮਾਮਲੇ ਦੀ ਅਗਲੀ ਸੁਣਵਾਈ 30 ਸਤੰਬਰ ਨੂੰ ਹੋਵੇਗੀ। ਹੁਣ ਬਚਾਅ ਪੱਖ ਵੱਲੋਂ ਅਦਾਲਤ ਦੇ ਨੋਟਿਸ ਦਾ ਜਵਾਬ ਦਿੱਤੇ ਜਾਣ ਤੋਂ ਬਾਅਦ ਪੁਰਾਣੀਆਂ ਪੋਸਟਾਂ ਅਤੇ ਹੋਰ ਮੰਗਾਂ ਸਬੰਧੀ ਅਦਾਲਤ ਵੱਲੋਂ ਅਗਲਾ ਫੈਸਲਾ ਲਿਆ ਜਾ ਸਕਦਾ ਹੈ।
ਫਿਲਹਾਲ ਅਦਾਲਤ ਦੇ ਆਦੇਸ਼ ਤੋਂ ਬਾਅਦ ਮਾਮਲੇ ਨਾਲ ਸਬੰਧਤ ਨਵੀਂ ਅਤੇ ਗੈਰ-ਪ੍ਰਮਾਣਿਤ ਸੋਸ਼ਲ ਮੀਡੀਆ ਸਮੱਗਰੀ ’ਤੇ ਰੋਕ ਲੱਗ ਗਈ ਹੈ, ਜਦਕਿ ਪਹਿਲਾਂ ਤੋਂ ਅਪਲੋਡ ਕੀਤੀ ਸਮੱਗਰੀ ਨੂੰ ਡਿਲੀਟ ਕਰਨ ਬਾਰੇ ਅੰਤਿਮ ਫੈਸਲਾ ਅਜੇ ਨਹੀਂ ਆਇਆ।
