ਕੋਟਕਪੂਰਾ 'ਚ ਨਸ਼ੇ ਦੇ ਦੋਸ਼ਾਂ ਕਾਰਨ ਲੋਕਾਂ ਨੇ ਘਰਾਂ 'ਤੇ ਲਗਾਏ ‘ਵਿਕਾਊ’ ਬੋਰਡ, ਮੁਹੱਲਾ ਛੱਡਣ ਦੀ ਤਿਆਰੀ
ਪੰਜਾਬ ਵਿੱਚ ਆਮ ਤੌਰ 'ਤੇ ਕਰਜ਼ੇ ਜਾਂ ਗੰਭੀਰ ਬਿਮਾਰੀਆਂ ਕਾਰਨ ਲੋਕਾਂ ਵੱਲੋਂ ਆਪਣੀ ਜਾਇਦਾਦ ਵੇਚਣ ਦੇ ਮਾਮਲੇ ਸਾਹਮਣੇ ਆਉਂਦੇ ਹਨ, ਪਰ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ ਤੋਂ ਇੱਕ ਵੱਖਰੀ ਅਤੇ ਚਿੰਤਾਜਨਕ ਤਸਵੀਰ ਸਾਹਮਣੇ ਆਈ ਹੈ। ਇੱਥੇ ਵਾਰਡ ਨੰਬਰ 17 ਦੀ ਰਾਮ ਬਸਤੀ ਦੇ ਕਈ ਪਰਿਵਾਰਾਂ ਨੇ ਆਪਣੇ ਘਰਾਂ ਦੇ ਬਾਹਰ ‘ਇਹ ਘਰ ਵਿਕਾਊ ਹੈ’ ਦੇ ਪੋਸਟਰ ਲਗਾ ਦਿੱਤੇ ਹਨ।

ਕੋਟਕਪੂਰਾ, ਫਰੀਦਕੋਟ: ਪੰਜਾਬ ਵਿੱਚ ਆਮ ਤੌਰ 'ਤੇ ਕਰਜ਼ੇ ਜਾਂ ਗੰਭੀਰ ਬਿਮਾਰੀਆਂ ਕਾਰਨ ਲੋਕਾਂ ਵੱਲੋਂ ਆਪਣੀ ਜਾਇਦਾਦ ਵੇਚਣ ਦੇ ਮਾਮਲੇ ਸਾਹਮਣੇ ਆਉਂਦੇ ਹਨ, ਪਰ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ ਤੋਂ ਇੱਕ ਵੱਖਰੀ ਅਤੇ ਚਿੰਤਾਜਨਕ ਤਸਵੀਰ ਸਾਹਮਣੇ ਆਈ ਹੈ। ਇੱਥੇ ਵਾਰਡ ਨੰਬਰ 17 ਦੀ ਰਾਮ ਬਸਤੀ ਦੇ ਕਈ ਪਰਿਵਾਰਾਂ ਨੇ ਆਪਣੇ ਘਰਾਂ ਦੇ ਬਾਹਰ ‘ਇਹ ਘਰ ਵਿਕਾਊ ਹੈ’ ਦੇ ਪੋਸਟਰ ਲਗਾ ਦਿੱਤੇ ਹਨ।
ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਲਾਕੇ ਵਿੱਚ ਕਥਿਤ ਤੌਰ 'ਤੇ ਚਿੱਟੇ ਦਾ ਕਾਰੋਬਾਰ ਖੁੱਲ੍ਹੇਆਮ ਚੱਲ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਪੈ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਨਸ਼ੇ ਦੇ ਵਧਦੇ ਪ੍ਰਭਾਵ ਅਤੇ ਪ੍ਰਸ਼ਾਸਨ ਵੱਲੋਂ ਪ੍ਰਭਾਵਸ਼ਾਲੀ ਕਾਰਵਾਈ ਨਾ ਹੋਣ ਕਾਰਨ ਉਹ ਆਪਣੀ ਜਾਇਦਾਦ ਵੇਚ ਕੇ ਇਲਾਕਾ ਛੱਡਣ ਲਈ ਮਜਬੂਰ ਹੋ ਰਹੇ ਹਨ।
20 ਤੋਂ ਵੱਧ ਘਰਾਂ 'ਤੇ ਲੱਗੇ ਪੋਸਟਰ
ਜੈਤੋ ਰੋਡ ਸਥਿਤ ਰਾਮ ਬਸਤੀ ਵਿੱਚ ਲਗਭਗ 50 ਤੋਂ 55 ਘਰ ਹਨ, ਜਿਨ੍ਹਾਂ ਵਿੱਚੋਂ ਕਰੀਬ 20 ਘਰਾਂ ਦੇ ਬਾਹਰ ‘ਘਰ ਵਿਕਾਊ ਹੈ’ ਦੇ ਪੋਸਟਰ ਲਗਾਏ ਗਏ ਹਨ। ਪੋਸਟਰਾਂ 'ਤੇ ਲਿਖਿਆ ਗਿਆ ਹੈ ਕਿ ਮੁਹੱਲੇ ਵਿੱਚ ਕਥਿਤ ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਵੱਲੋਂ ਕਾਰਵਾਈ ਨਾ ਹੋਣ ਕਾਰਨ ਉਹ ਆਪਣੇ ਘਰ ਵੇਚਣ ਲਈ ਮਜਬੂਰ ਹਨ।
ਮੁਹੱਲਾ ਵਾਸੀਆਂ ਨੇ ਲਗਾਏ ਗੰਭੀਰ ਦੋਸ਼
ਮੁਹੱਲਾ ਨਿਵਾਸੀਆਂ ਸੁੱਖਾ ਸਿੰਘ, ਮਨੀਸ਼ ਪਾਠਕ ਅਤੇ ਵੀਨਾ ਸਮੇਤ ਹੋਰਾਂ ਨੇ ਦਾਅਵਾ ਕੀਤਾ ਕਿ ਇਲਾਕੇ ਵਿੱਚ ਦੋ ਭਰਾ ਲੰਬੇ ਸਮੇਂ ਤੋਂ ਕਥਿਤ ਤੌਰ 'ਤੇ ਚਿੱਟੇ ਦਾ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਕਤ ਵਿਅਕਤੀਆਂ ਖ਼ਿਲਾਫ਼ ਪਹਿਲਾਂ ਵੀ ਐਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਹੋ ਚੁੱਕੇ ਹਨ।
ਲੋਕਾਂ ਦਾ ਦੋਸ਼ ਹੈ ਕਿ ਜਦੋਂ ਵੀ ਉਹ ਇਸ ਮਾਮਲੇ ਦਾ ਵਿਰੋਧ ਕਰਦੇ ਹਨ ਤਾਂ ਉਨ੍ਹਾਂ ਨੂੰ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁਹੱਲਾ ਵਾਸੀਆਂ ਅਨੁਸਾਰ ਹਾਲ ਹੀ ਵਿੱਚ ਇਸ ਮਾਮਲੇ ਨੂੰ ਲੈ ਕੇ ਝਗੜੇ ਦੀ ਘਟਨਾ ਵੀ ਵਾਪਰੀ ਸੀ।
‘ਅੱਧੀ ਕੀਮਤ 'ਤੇ ਵੀ ਘਰ ਵੇਚਣ ਨੂੰ ਤਿਆਰ’
ਸਥਾਨਕ ਲੋਕਾਂ ਨੇ ਕਿਹਾ ਕਿ ਉਹ ਪਿਛਲੇ 20 ਤੋਂ 30 ਸਾਲਾਂ ਤੋਂ ਇਸ ਇਲਾਕੇ ਵਿੱਚ ਰਹਿ ਰਹੇ ਹਨ ਅਤੇ ਬੜੀ ਮਿਹਨਤ ਨਾਲ ਆਪਣੇ ਘਰ ਬਣਾਏ ਹਨ। ਪਰ ਹੁਣ ਉਹ ਆਪਣੇ ਬੱਚਿਆਂ ਨੂੰ ਨਸ਼ੇ ਦੇ ਮਾਹੌਲ ਤੋਂ ਦੂਰ ਰੱਖਣ ਲਈ ਅੱਧੀ ਕੀਮਤ 'ਤੇ ਵੀ ਘਰ ਵੇਚ ਕੇ ਇਲਾਕਾ ਛੱਡਣ ਲਈ ਤਿਆਰ ਹਨ।
ਪੁਲਿਸ ਨੇ ਦੋਸ਼ਾਂ ਨੂੰ ਕੀਤਾ ਖਾਰਜ
ਇਸ ਮਾਮਲੇ 'ਤੇ ਡੀਐੱਸਪੀ ਕੋਟਕਪੂਰਾ ਸੰਜੀਵ ਕੁਮਾਰ ਨੇ ਕਿਹਾ ਕਿ ਇਹ ਦੋ ਧਿਰਾਂ ਵਿਚਾਲੇ ਹੋਏ ਝਗੜੇ ਦਾ ਮਾਮਲਾ ਹੈ। ਉਨ੍ਹਾਂ ਦੇ ਅਨੁਸਾਰ ਇੱਕ ਧਿਰ ਦੂਜੀ ਧਿਰ ਖ਼ਿਲਾਫ਼ ਹੋਰ ਗੰਭੀਰ ਧਾਰਾਵਾਂ ਲਗਾਉਣ ਦੀ ਮੰਗ ਕਰ ਰਹੀ ਸੀ, ਪਰ ਪੁਲਿਸ ਨੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ।
ਡੀਐੱਸਪੀ ਨੇ ਕਿਹਾ ਕਿ ਇਸ ਕਾਰਨ ਹੁਣ ਮਾਮਲੇ ਨੂੰ ਨਸ਼ੇ ਨਾਲ ਜੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਜੇਕਰ ਇਲਾਕੇ ਵਿੱਚ ਨਸ਼ਿਆਂ ਦੀ ਵਿਕਰੀ ਸਬੰਧੀ ਕੋਈ ਠੋਸ ਸਬੂਤ ਜਾਂ ਸ਼ਿਕਾਇਤ ਸਾਹਮਣੇ ਆਉਂਦੀ ਹੈ ਤਾਂ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਮਾਮਲਾ
ਰਾਮ ਬਸਤੀ ਵਿੱਚ ਘਰਾਂ 'ਤੇ ਲੱਗੇ ‘ਵਿਕਾਊ’ ਪੋਸਟਰ ਹੁਣ ਪੂਰੇ ਕੋਟਕਪੂਰਾ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇੱਕ ਪਾਸੇ ਮੁਹੱਲਾ ਵਾਸੀ ਨਸ਼ਿਆਂ ਕਾਰਨ ਆਪਣਾ ਘਰ-ਬਾਰ ਛੱਡਣ ਦੀ ਗੱਲ ਕਰ ਰਹੇ ਹਨ, ਜਦਕਿ ਦੂਜੇ ਪਾਸੇ ਪੁਲਿਸ ਇਨ੍ਹਾਂ ਦੋਸ਼ਾਂ ਨੂੰ ਨਕਾਰ ਰਹੀ ਹੈ। ਅਜਿਹੇ ਵਿੱਚ ਇਸ ਮਾਮਲੇ ਦੀ ਸੱਚਾਈ ਅਤੇ ਅਗਲੀ ਕਾਰਵਾਈ 'ਤੇ ਸਭ ਦੀ ਨਜ਼ਰ ਟਿਕੀ ਹੋਈ ਹੈ।