GMADA ’ਚ ED ਦੀ ਛਾਪੇਮਾਰੀ ਦੂਜੇ ਦਿਨ ਵੀ ਜਾਰੀ, ਦਫ਼ਤਰ ਪਹੁੰਚੇ ਗੱਦਿਆਂ ਨੇ ਲੰਮੀ ਜਾਂਚ ਦੇ ਦਿੱਤੇ ਸੰਕੇਤ
ਮੁਹਾਲੀ ਦੇ ਫੇਜ਼-8 ਸਥਿਤ GMADA ਮੁੱਖ ਦਫ਼ਤਰ ਵਿੱਚ ED ਦੀ ਛਾਪੇਮਾਰੀ ਦੂਜੇ ਦਿਨ ਵੀ ਜਾਰੀ ਹੈ। ਜਾਂਚ ਟੀਮ ਵੱਲੋਂ ਤਿੰਨ ਮੰਜ਼ਿਲਾਂ ਨੂੰ ਸੀਲ ਕਰਕੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਦਫ਼ਤਰ ਵਿੱਚ ED ਅਤੇ ਕੇਂਦਰੀ ਬਲਾਂ ਦੇ 100 ਤੋਂ ਵੱਧ ਕਰਮਚਾਰੀ ਮੌਜੂਦ ਦੱਸੇ ਜਾ ਰਹੇ ਹਨ। ਅਧਿਕਾਰੀਆਂ ਅਤੇ ਜਾਂਚ ਟੀਮ ਦੇ ਲੰਮਾ ਸਮਾਂ ਦਫ਼ਤਰ ਵਿੱਚ ਰਹਿਣ ਦੇ ਪ੍ਰਬੰਧ ਵਜੋਂ ਗੱਦੇ ਮੰਗਵਾਏ ਗਏ ਹਨ। ਪੰਜਾਬ ਦੇ ਹਾਊਸਿੰਗ ਸਕੱਤਰ ਵਿਕਾਸ ਗਰਗ ਨੂੰ ਵੀ ED ਦੀ ਗੱਡੀ ਵਿੱਚ ਉਨ੍ਹਾਂ ਦੀ ਰਿਹਾਇਸ਼ ’ਤੇ ਲਿਜਾਇਆ ਗਿਆ ਅਤੇ ਬਾਅਦ ਵਿੱਚ ਵਾਪਸ ਦਫ਼ਤਰ ਲਿਆਂਦਾ ਗਿਆ।
ਐਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਮੁਹਾਲੀ ਦੇ ਫੇਜ਼-8 ਸਥਿਤ GMADA ਮੁੱਖ ਦਫ਼ਤਰ ਵਿੱਚ ਕੀਤੀ ਜਾ ਰਹੀ ਛਾਪੇਮਾਰੀ ਦੂਜੇ ਦਿਨ ਵਿੱਚ ਦਾਖ਼ਲ ਹੋ ਗਈ ਹੈ। ਦਫ਼ਤਰ ਦੇ ਬਾਹਰ ਸਾਹਮਣੇ ਆਈਆਂ ਤਸਵੀਰਾਂ ਅਤੇ ਜਾਂਚ ਟੀਮ ਲਈ ਕੀਤੇ ਜਾ ਰਹੇ ਪ੍ਰਬੰਧਾਂ ਤੋਂ ਸੰਕੇਤ ਮਿਲ ਰਹੇ ਹਨ ਕਿ ਤਲਾਸ਼ੀ ਅਤੇ ਰਿਕਾਰਡ ਦੀ ਜਾਂਚ ਦਾ ਕੰਮ ਹਾਲੇ ਹੋਰ ਸਮਾਂ ਚੱਲ ਸਕਦਾ ਹੈ।
ਜਾਣਕਾਰੀ ਮੁਤਾਬਕ ED ਦੀ ਟੀਮ ਨੇ ਛਾਪੇਮਾਰੀ ਦੇ ਪਹਿਲੇ ਦਿਨ ਸਵੇਰੇ ਕਾਰਵਾਈ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਜ਼ਿਆਦਾਤਰ ਅਧਿਕਾਰੀਆਂ ਅਤੇ ਜਾਂਚਕਰਤਾਵਾਂ ਨੂੰ ਰਾਤ ਸਮੇਂ ਦਫ਼ਤਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਟੀਮ ਲਈ ਨੇੜਲੇ ਗੁਰਦੁਆਰੇ ਤੋਂ ਗੱਦੇ ਮੰਗਵਾਏ ਗਏ, ਜਦਕਿ ਖਾਣੇ ਦਾ ਪ੍ਰਬੰਧ ਸਥਾਨਕ ਮਠਿਆਈ ਦੀ ਦੁਕਾਨ ਦੇ ਮਾਲਕ ਵੱਲੋਂ ਕੀਤੇ ਜਾਣ ਦੀ ਜਾਣਕਾਰੀ ਹੈ।
ਤਿੰਨ ਮੰਜ਼ਿਲਾਂ ਕੀਤੀਆਂ ਗਈਆਂ ਸੀਲ
ED ਵੱਲੋਂ GMADA ਦੀ ਇਮਾਰਤ ਦੀਆਂ ਤਿੰਨ ਮੰਜ਼ਿਲਾਂ ਨੂੰ ਸੀਲ ਕਰਕੇ ਜਾਂਚ ਦਾ ਘੇਰਾ ਵਧਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਾਂਚ ਵਿੱਚ ਮਦਦ ਲਈ ਵਾਧੂ ਮੁਲਾਜ਼ਮਾਂ ਦੀ ਮੰਗ ਵੀ ਕੀਤੀ ਗਈ ਹੈ।
ਮੁਹਾਲੀ ਦੇ ਫੇਜ਼-8 ਸਥਿਤ ਇਸ ਇਮਾਰਤ ਵਿੱਚ ED ਅਤੇ ਕੇਂਦਰੀ ਸੁਰੱਖਿਆ ਬਲਾਂ ਦੇ 100 ਤੋਂ ਵੱਧ ਕਰਮਚਾਰੀ ਮੌਜੂਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਰਾਤ ਤੱਕ ਜਾਂਚ ਜਾਰੀ ਰਹਿਣ ਦੇ ਮੱਦੇਨਜ਼ਰ ਟੀਮ ਅਤੇ ਅਧਿਕਾਰੀਆਂ ਦੇ ਠਹਿਰਨ ਲਈ ਹੋਰ ਗੱਦੇ ਵੀ ਮੰਗਵਾਏ ਗਏ।
ਹਾਊਸਿੰਗ ਸਕੱਤਰ ਵਿਕਾਸ ਗਰਗ ਨੂੰ ਰਿਹਾਇਸ਼ ’ਤੇ ਲਿਜਾਇਆ ਗਿਆ
ਜਾਂਚ ਦੇ ਘੇਰੇ ਵਿੱਚ ਆਏ ਅਧਿਕਾਰੀਆਂ ਵਿੱਚ ਪੰਜਾਬ ਦੇ ਹਾਊਸਿੰਗ ਸਕੱਤਰ ਵਿਕਾਸ ਗਰਗ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਅੱਜ ਦੁਪਹਿਰ ਕੁਝ ਸਮੇਂ ਲਈ ED ਦੀ ਗੱਡੀ ਵਿੱਚ ਉਨ੍ਹਾਂ ਦੀ ਰਿਹਾਇਸ਼ ’ਤੇ ਲਿਜਾਇਆ ਗਿਆ ਅਤੇ ਬਾਅਦ ਵਿੱਚ ਵਾਪਸ GMADA ਦਫ਼ਤਰ ਲਿਆਂਦਾ ਗਿਆ।
ਸੂਤਰਾਂ ਮੁਤਾਬਕ ਵਿਕਾਸ ਗਰਗ ਨੂੰ ਉਸ ਗੇਟ ਰਾਹੀਂ ਬਾਹਰ ਲਿਜਾਇਆ ਗਿਆ ਜਿੱਥੇ ਮੀਡੀਆ ਦੀ ਮੌਜੂਦਗੀ ਨਹੀਂ ਸੀ। ਹਾਲਾਂਕਿ, ਇਸ ਸਬੰਧੀ ED ਜਾਂ ਅਧਿਕਾਰੀ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ।
ਜਾਂਚ ਦਾ ਕੇਂਦਰ ਕੀ?
ED ਦੀ ਇਸ ਕਾਰਵਾਈ ਦੌਰਾਨ GMADA ਨਾਲ ਸਬੰਧਤ ਦਸਤਾਵੇਜ਼ਾਂ ਅਤੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਜਾਂਚ ਦੇ ਪੂਰੇ ਵੇਰਵਿਆਂ ਅਤੇ ED ਵੱਲੋਂ ਕਿਹੜੇ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ, ਇਸ ਬਾਰੇ ਅਧਿਕਾਰਤ ਤੌਰ ’ਤੇ ਵਿਸਥਾਰਤ ਜਾਣਕਾਰੀ ਸਾਹਮਣੇ ਆਉਣੀ ਹਾਲੇ ਬਾਕੀ ਹੈ।
ਫਿਲਹਾਲ GMADA ਦਫ਼ਤਰ ਵਿੱਚ ED ਦੀ ਜਾਂਚ ਦੂਜੇ ਦਿਨ ਵੀ ਜਾਰੀ ਹੈ ਅਤੇ ਟੀਮ ਵੱਲੋਂ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।
