Saturday, 4 July 2026Admin Login
Protest

MP ਮੀਤ ਹੇਅਰ ਦੇ ਜੱਦੀ ਪਿੰਡ ਕੁਰੜ ’ਚ ਕਿਸਾਨਾਂ ਦਾ ਸਰਕਾਰ ਖ਼ਿਲਾਫ਼ ਮੋਰਚਾ, ਨਹਿਰੀ ਪਾਣੀ ਨਾ ਮਿਲਣ ’ਤੇ ਤਿੱਖਾ ਰੋਸ

ਸੰਗਰੂਰ ਤੋਂ ਸੰਸਦ ਮੈਂਬਰ ਮੀਤ ਹੇਅਰ ਦੇ ਜੱਦੀ ਪਿੰਡ ਕੁਰੜ ਵਿੱਚ ਨਹਿਰੀ ਪਾਣੀ ਦੀ ਕਮੀ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਫੁੱਟ ਪਿਆ। ਪਿੰਡ ਦੇ ਨਵੇਂ ਪੱਕੇ ਕੀਤੇ ਗਏ ਰਜਵਾਹੇ ਦੇ ਮੋਘੇ ਤੋਂ ਖੇਤਾਂ ਲਈ ਲੋੜੀਂਦਾ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਤੁਰੰਤ ਹੱਲ ਦੀ ਮੰਗ ਕੀਤੀ।

By Parmeet Singh Bidowali
Share:
MP ਮੀਤ ਹੇਅਰ ਦੇ ਜੱਦੀ ਪਿੰਡ ਕੁਰੜ ’ਚ ਕਿਸਾਨਾਂ ਦਾ ਸਰਕਾਰ ਖ਼ਿਲਾਫ਼ ਮੋਰਚਾ, ਨਹਿਰੀ ਪਾਣੀ ਨਾ ਮਿਲਣ ’ਤੇ ਤਿੱਖਾ ਰੋਸ

ਮਹਿਲ ਕਲਾਂ, 16 ਜੂਨ : ਸੰਗਰੂਰ ਤੋਂ ਸੰਸਦ ਮੈਂਬਰ ਮੀਤ ਹੇਅਰ ਦੇ ਜੱਦੀ ਪਿੰਡ ਕੁਰੜ ਵਿੱਚ ਨਹਿਰੀ ਪਾਣੀ ਦੀ ਕਮੀ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਫੁੱਟ ਪਿਆ। ਪਿੰਡ ਦੇ ਨਵੇਂ ਪੱਕੇ ਕੀਤੇ ਗਏ ਰਜਵਾਹੇ ਦੇ ਮੋਘੇ ਤੋਂ ਖੇਤਾਂ ਲਈ ਲੋੜੀਂਦਾ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਤੁਰੰਤ ਹੱਲ ਦੀ ਮੰਗ ਕੀਤੀ।

ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਨਵਾਂ ਰਜਵਾਹਾ ਤਿਆਰ ਕੀਤਾ ਗਿਆ ਸੀ, ਪਰ ਇਸ ਵਿੱਚੋਂ ਨਿਕਲਦੇ ਮੋਘੇ ਦੀ ਬਣਤਰ ਅਜਿਹੀ ਹੈ ਕਿ ਖੇਤਾਂ ਤੱਕ ਲੋੜ ਅਨੁਸਾਰ ਪਾਣੀ ਨਹੀਂ ਪਹੁੰਚ ਰਿਹਾ। ਕਿਸਾਨਾਂ ਮੁਤਾਬਕ ਮੋਘੇ ਨਾਲ ਜੁੜੇ ਲਗਭਗ 430 ਏਕੜ ਰਕਬੇ ਨੂੰ ਇਸ ਸਮੇਂ ਝੋਨੇ ਦੀ ਲਵਾਈ ਦੌਰਾਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਿਸਾਨਾਂ ਨੇ ਦੋਸ਼ ਲਗਾਇਆ ਕਿ ਪੁਰਾਣੇ ਰਜਵਾਹੇ ਦੇ ਮੋਘੇ ਰਾਹੀਂ ਪਾਣੀ ਆਸਾਨੀ ਨਾਲ ਖੇਤਾਂ ਤੱਕ ਪਹੁੰਚ ਜਾਂਦਾ ਸੀ, ਜਦਕਿ ਨਵੇਂ ਰਜਵਾਹੇ ਵਿੱਚ ਸਿਰਫ਼ 4 ਇੰਚ ਦਾ ਪਾਈਪ ਲਗਾਇਆ ਗਿਆ ਹੈ, ਜੋ ਇੰਨੇ ਵੱਡੇ ਰਕਬੇ ਲਈ ਬਿਲਕੁਲ ਨਾਕਾਫ਼ੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 13 ਘੰਟਿਆਂ ਦੌਰਾਨ ਕੇਵਲ ਇੱਕ ਕਿੱਲੇ ਦੇ ਬਰਾਬਰ ਹੀ ਪਾਣੀ ਭਰਿਆ ਜਾ ਸਕਿਆ ਹੈ। ਪਾਈਪ ਵਿੱਚ ਝਾੜੀਆਂ ਅਤੇ ਕੂੜਾ ਫਸਣ ਕਾਰਨ ਪਾਣੀ ਦਾ ਵਹਾਅ ਹੋਰ ਵੀ ਪ੍ਰਭਾਵਿਤ ਹੋ ਰਿਹਾ ਹੈ।

ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਲਵਾਈ ਲਈ ਮਜ਼ਦੂਰ ਪਹਿਲਾਂ ਹੀ ਖੇਤਾਂ ਵਿੱਚ ਪਹੁੰਚ ਚੁੱਕੇ ਹਨ, ਪਰ ਪਾਣੀ ਦੀ ਘਾਟ ਕਾਰਨ ਉਨ੍ਹਾਂ ਨੂੰ ਵਾਧੂ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਨਹਿਰੀ ਵਿਭਾਗ ਤੁਰੰਤ ਮੋਘੇ ਦੀ ਬਣਤਰ ਵਿੱਚ ਸੁਧਾਰ ਕਰਕੇ ਪੂਰਾ ਪਾਣੀ ਮੁਹੱਈਆ ਕਰਵਾਏ ਤਾਂ ਜੋ ਸਮੇਂ ਸਿਰ ਫ਼ਸਲ ਦੀ ਬਿਜਾਈ ਹੋ ਸਕੇ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮਹਿਲ ਕਲਾਂ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਵੀ ਕਿਸਾਨਾਂ ਦੀ ਸਮੱਸਿਆ ਸੁਣਨ ਲਈ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਟੇਲਾਂ ਤੱਕ ਪਾਣੀ ਪਹੁੰਚਾਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਨਜ਼ਰ ਆ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੋਘਾ ਨੰਬਰ 13,880 ਦੀ ਬਣਤਰ ਵਿੱਚ ਖਾਮੀਆਂ ਹਨ, ਜਿਸ ਕਾਰਨ ਸੈਂਕੜੇ ਏਕੜ ਰਕਬੇ ਨੂੰ ਲੋੜੀਂਦਾ ਪਾਣੀ ਨਹੀਂ ਮਿਲ ਰਿਹਾ।

ਨਾਥ ਸਿੰਘ ਹਮੀਦੀ ਨੇ ਕਿਹਾ ਕਿ ਇਹ ਮਾਮਲਾ ਜਲਦ ਹੀ ਸਬੰਧਿਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਕਿਸਾਨਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਨਹਿਰੀ ਵਿਭਾਗ ਦੀ ਹੋਵੇਗੀ।