The Punjab Inside
Saturday, 3 October 2026Admin Login

Giani Harpreet Singh ਦਾ ਵੱਡਾ ਬਿਆਨ: ਫੋਰੈਂਸਿਕ ਰਿਪੋਰਟ ਦੀ ਸੱਚਾਈ ਸੰਗਤ ਸਾਹਮਣੇ ਰੱਖਣ CM ਮਾਨ,ਅਕਾਲ ਤਖ਼ਤ ਦੀ ਰਿਪੋਰਟ 'ਤੇ ਵੀ ਚੁੱਕੇ ਸਵਾਲ

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਰੈਂਸਿਕ ਰਿਪੋਰਟ ਦੀ ਸੱਚਾਈ ਜਨਤਕ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਰਵਾਈ ਗਈ ਫੋਰੈਂਸਿਕ ਜਾਂਚ 'ਤੇ ਵੀ ਸਵਾਲ ਚੁੱਕਦਿਆਂ ਸੀਬੀਆਈ ਜਾਂਚ ਦੀ ਮੰਗ ਕੀਤੀ।

Giani Harpreet Singh ਦਾ ਵੱਡਾ ਬਿਆਨ: ਫੋਰੈਂਸਿਕ ਰਿਪੋਰਟ ਦੀ ਸੱਚਾਈ ਸੰਗਤ ਸਾਹਮਣੇ ਰੱਖਣ CM ਮਾਨ,ਅਕਾਲ ਤਖ਼ਤ ਦੀ ਰਿਪੋਰਟ 'ਤੇ ਵੀ ਚੁੱਕੇ ਸਵਾਲ
Punjab Inside Team
Share:

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਵਿੱਚ ਸਾਜ਼ਿਸ਼ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਬਨਾਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੁੱਦਾ ਖੜ੍ਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਟਕਰਾਅ ਨੂੰ ਖ਼ਤਮ ਕਰਨ ਲਈ ਪਹਿਲ ਕਰਨੀ ਚਾਹੀਦੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਪੇਸ਼ ਕੀਤੀ ਗਈ ਵੀਡੀਓ ਦੀ ਫੋਰੈਂਸਿਕ ਰਿਪੋਰਟ ਨੂੰ ਫਰਜ਼ੀ ਕਰਾਰ ਦਿੱਤਾ ਜਾ ਰਿਹਾ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਰਵਾਈ ਗਈ ਫੋਰੈਂਸਿਕ ਜਾਂਚ ਦੀ ਪੂਰੀ ਰਿਪੋਰਟ ਵੀ ਸੰਗਤ ਅਤੇ ਜਨਤਾ ਸਾਹਮਣੇ ਰੱਖੀ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਇਹ ਵੀ ਸਪੱਸ਼ਟ ਕੀਤਾ ਜਾਵੇ ਕਿ ਫੋਰੈਂਸਿਕ ਜਾਂਚ ਕਿਸ ਲੈਬ ਤੋਂ ਕਰਵਾਈ ਗਈ, ਇਸ 'ਤੇ ਕਿੰਨਾ ਖ਼ਰਚ ਆਇਆ ਅਤੇ ਇਸ ਨਾਲ ਸੰਬੰਧਤ ਬਿੱਲ ਵੀ ਜਨਤਕ ਕੀਤੇ ਜਾਣ। ਗਿਆਨੀ ਹਰਪ੍ਰੀਤ ਸਿੰਘ ਨੇ ਸ਼ੱਕ ਜਤਾਉਂਦਿਆਂ ਕਿਹਾ ਕਿ ਕਿਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਰਵਾਈ ਗਈ ਫੋਰੈਂਸਿਕ ਰਿਪੋਰਟ ਵੀ ਫਰਜ਼ੀ ਨਾ ਨਿਕਲੇ। ਉਨ੍ਹਾਂ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਲਈ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ।

2 ਦਸੰਬਰ 2024 ਦੇ ਹੁਕਮਨਾਮਿਆਂ ਦਾ ਵੀ ਕੀਤਾ ਜ਼ਿਕਰ

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਚੱਲ ਰਹੇ ਮਾਮਲਿਆਂ ਦੀ ਸੁਣਵਾਈ ਕਿਸੇ ਹੋਰ ਦੁਨਿਆਵੀ ਅਦਾਲਤ ਵਿੱਚ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ 15 ਜੂਨ ਦੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਤਾਂ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ, ਪਰ 2 ਦਸੰਬਰ 2024 ਦੇ ਹੁਕਮਨਾਮਿਆਂ ਤੋਂ ਮੁਕਰਨ ਵਾਲਿਆਂ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।

ਉਨ੍ਹਾਂ ਦੋਸ਼ ਲਾਇਆ ਕਿ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਹੋਏ ਇਕੱਠ ਦੌਰਾਨ ਵੀ 2 ਦਸੰਬਰ ਦੇ ਹੁਕਮਨਾਮਿਆਂ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ, ਜਿਸ ਨਾਲ ਕਈ ਸਵਾਲ ਖੜ੍ਹੇ ਹੁੰਦੇ ਹਨ।

ਟ੍ਰੋਲਿੰਗ ਦੇ ਦੋਸ਼ਾਂ 'ਤੇ ਵੀ ਦਿੱਤੀ ਪ੍ਰਤੀਕਿਰਿਆ

ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਆਮ ਆਦਮੀ ਪਾਰਟੀ ਦੀ ਆਈਟੀ ਟੀਮ ਵੱਲੋਂ ਟ੍ਰੋਲ ਕੀਤੇ ਜਾਣ ਦੇ ਦਾਅਵਿਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਹ ਖੁਦ ਵੀ ਪਹਿਲਾਂ ਅਜਿਹੇ ਹਾਲਾਤਾਂ ਦਾ ਸਾਹਮਣਾ ਕਰ ਚੁੱਕੇ ਹਨ, ਪਰ ਦਬਾਅ ਦੇ ਬਾਵਜੂਦ ਹਮੇਸ਼ਾ ਗੁਰਮਰਿਆਦਾ ਅਤੇ ਪੰਥਕ ਪਰੰਪਰਾਵਾਂ ਅਨੁਸਾਰ ਹੀ ਫ਼ੈਸਲੇ ਕੀਤੇ।