GMADA ਦਫ਼ਤਰ ’ਚ 36 ਘੰਟਿਆਂ ਦੀ ED ਛਾਪੇਮਾਰੀ ਖ਼ਤਮ, 30 ਤੋਂ ਵੱਧ ਬੈਗ ਦਸਤਾਵੇਜ਼ ਤੇ ਹਾਰਡ ਡਿਸਕਾਂ ਨਾਲ ਲੈ ਕੇ ਨਿਕਲੀ ਟੀਮ
ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਦਫ਼ਤਰ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਕੀਤੀ ਗਈ ਕਰੀਬ 36 ਘੰਟਿਆਂ ਦੀ ਤਲਾਸ਼ੀ ਅਤੇ ਨਿਗਰਾਨੀ ਦੀ ਕਾਰਵਾਈ ਵੀਰਵਾਰ ਸਵੇਰੇ ਲਗਭਗ 11:30 ਵਜੇ ਸਮਾਪਤ ਹੋ ਗਈ। ਸੂਤਰਾਂ ਮੁਤਾਬਕ ED ਦੀਆਂ ਟੀਮਾਂ 30 ਤੋਂ ਵੱਧ ਬੈਗਾਂ ਵਿੱਚ ਜ਼ਬਤ ਕੀਤੇ ਦਸਤਾਵੇਜ਼ਾਂ ਦੇ ਨਾਲ ਸਕੈਨ ਕੀਤੇ ਦਸਤਾਵੇਜ਼ਾਂ ਦੀਆਂ ਹਾਰਡ ਡਿਸਕਾਂ ਵੀ ਆਪਣੇ ਨਾਲ ਲੈ ਗਈਆਂ। ਇਸ ਦੌਰਾਨ GMADA ਦੇ ਕਿਸੇ ਅਧਿਕਾਰੀ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ। ਹਾਲਾਂਕਿ, ਜ਼ਬਤ ਸਮੱਗਰੀ ਦੇ ਆਧਾਰ ’ਤੇ ਆਉਣ ਵਾਲੇ ਦਿਨਾਂ ਵਿੱਚ ਅਧਿਕਾਰੀਆਂ ਨੂੰ ਸੰਮਨ ਕਰਕੇ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ।
ਮੁਹਾਲੀ: ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਦਫ਼ਤਰ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਕੀਤੀ ਗਈ ਕਰੀਬ 36 ਘੰਟਿਆਂ ਦੀ ਤਲਾਸ਼ੀ ਅਤੇ ਨਿਗਰਾਨੀ ਦੀ ਕਾਰਵਾਈ ਵੀਰਵਾਰ ਸਵੇਰੇ ਲਗਭਗ 11:30 ਵਜੇ ਸਮਾਪਤ ਹੋ ਗਈ। ਕਾਰਵਾਈ ਖ਼ਤਮ ਹੋਣ ਤੋਂ ਬਾਅਦ ED ਦੀਆਂ ਟੀਮਾਂ ਦਸਤਾਵੇਜ਼ਾਂ ਅਤੇ ਹੋਰ ਸਮੱਗਰੀ ਨਾਲ ਦਫ਼ਤਰ ਤੋਂ ਬਾਹਰ ਨਿਕਲੀਆਂ।
ਜਾਣਕਾਰੀ ਮੁਤਾਬਕ ED ਦੀਆਂ ਟੀਮਾਂ ਆਪਣੇ ਨਾਲ 30 ਤੋਂ ਵੱਧ ਬੈਗਾਂ ਵਿੱਚ ਜ਼ਬਤ ਕੀਤੇ ਦਸਤਾਵੇਜ਼ ਲੈ ਕੇ ਗਈਆਂ ਹਨ। ਇਸ ਤੋਂ ਇਲਾਵਾ ਸਕੈਨ ਕੀਤੇ ਗਏ ਦਸਤਾਵੇਜ਼ਾਂ ਦੀਆਂ ਹਾਰਡ ਡਿਸਕਾਂ ਵੀ ਜਾਂਚ ਟੀਮ ਵੱਲੋਂ ਆਪਣੇ ਕਬਜ਼ੇ ਵਿੱਚ ਲਈਆਂ ਗਈਆਂ ਹਨ। ਸੂਤਰਾਂ ਦਾ ਦਾਅਵਾ ਹੈ ਕਿ ਕੇਂਦਰੀ ਏਜੰਸੀ ਨੇ ਅਗਲੀ ਜਾਂਚ ਲਈ ਕਾਫ਼ੀ ਅਹਿਮ ਸਮੱਗਰੀ ਇਕੱਠੀ ਕੀਤੀ ਹੈ।
AAP ਵਰਕਰਾਂ ਦੇ ਪ੍ਰਦਰਸ਼ਨ ਵਿਚਾਲੇ ਸੁਰੱਖਿਆ ਹੇਠ ਨਿਕਲੀ ED ਟੀਮ
ED ਦੀ ਕਾਰਵਾਈ ਦੌਰਾਨ ਆਮ ਆਦਮੀ ਪਾਰਟੀ (AAP) ਦੇ ਵਰਕਰਾਂ ਵੱਲੋਂ ਰੋਸ਼ ਪ੍ਰਦਰਸ਼ਨ ਵੀ ਕੀਤਾ ਗਿਆ। ਸਥਿਤੀ ਨੂੰ ਦੇਖਦਿਆਂ ਪੁਲਿਸ ਵੱਲੋਂ ED ਦੀਆਂ ਟੀਮਾਂ ਨੂੰ GMADA ਦਫ਼ਤਰ ਤੋਂ ਚੰਡੀਗੜ੍ਹ ਸਰਹੱਦ ਤੱਕ ਸੁਰੱਖਿਅਤ ਬਾਹਰ ਕੱਢਿਆ ਗਿਆ।
ਕਿਸੇ GMADA ਅਧਿਕਾਰੀ ਨੂੰ ਨਹੀਂ ਲਿਆ ਹਿਰਾਸਤ ’ਚ
ਸੂਤਰਾਂ ਅਨੁਸਾਰ ED ਵੱਲੋਂ GMADA ਦੇ ਕਿਸੇ ਵੀ ਅਧਿਕਾਰੀ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ। ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਵਿਕਾਸ ਗਰਗ ਸਮੇਤ GMADA ਦੇ ਸੀਨੀਅਰ ਅਧਿਕਾਰੀ ਵੀ ਕਾਰਵਾਈ ਤੋਂ ਬਾਅਦ ਮੁੜ ਆਪਣੇ ਕੰਮ ’ਤੇ ਪਰਤ ਆਏ ਹਨ।
ਅਧਿਕਾਰੀਆਂ ਨੂੰ ਜਾਰੀ ਹੋ ਸਕਦੇ ਹਨ ਸੰਮਨ
ਮਿਲੀ ਜਾਣਕਾਰੀ ਮੁਤਾਬਕ ED ਵੱਲੋਂ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਅਤੇ ਡਿਜੀਟਲ ਸਮੱਗਰੀ ਦੀ ਜਾਂਚ ਕੀਤੀ ਜਾਵੇਗੀ। ਇਸ ਜਾਂਚ ਦੇ ਆਧਾਰ ’ਤੇ ਆਉਣ ਵਾਲੇ ਦਿਨਾਂ ਵਿੱਚ GMADA ਜਾਂ ਸਬੰਧਤ ਵਿਭਾਗ ਦੇ ਕੁਝ ਅਧਿਕਾਰੀਆਂ ਨੂੰ ਸੰਮਨ ਜਾਰੀ ਕਰਕੇ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ।
ਨੋਟ: ED ਦੀ ਜਾਂਚ ਨਾਲ ਜੁੜੇ ਇਨ੍ਹਾਂ ਵੇਰਵਿਆਂ ਵਿੱਚੋਂ ਕੁਝ ਜਾਣਕਾਰੀਆਂ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈਆਂ ਹਨ।
