The Punjab Inside
Saturday, 3 October 2026Admin Login
Crime

ਪੰਜਾਬ 'ਚ ਵੱਡੀ ਵਾਰਦਾਤ, ਕਾਰ 'ਚ ਬੈਠੇ ਨੌਜਵਾਨ ਦੇ ਤਾੜ-ਤਾੜ ਮਾਰੀਆਂ ਗੋਲੀਆਂ, 4 ਬੱਚੇ ਹੋਏ ਅਨਾਥ

ਨੌਜਵਾਨ ‘ਤੇ ਅਚਾਨਕ ਚੱਲੀਆਂ ਗੋਲੀਆਂ… ਕੁਝ ਹੀ ਪਲਾਂ ਵਿੱਚ ਸਭ ਕੁਝ ਖਤਮ। ਕੀ ਸੀ ਇਸ ਕਤਲ ਦੇ ਪਿੱਛੇ ਦੀ ਵਜ੍ਹਾ? ਪੜ੍ਹੋ ਪੂਰੀ ਖ਼ਬਰ।

ਪੰਜਾਬ 'ਚ ਵੱਡੀ ਵਾਰਦਾਤ, ਕਾਰ 'ਚ ਬੈਠੇ ਨੌਜਵਾਨ ਦੇ ਤਾੜ-ਤਾੜ ਮਾਰੀਆਂ ਗੋਲੀਆਂ, 4 ਬੱਚੇ ਹੋਏ ਅਨਾਥ
Punjab Inside Team
Share:
ਅੰਮ੍ਰਿਤਸਰ ਜ਼ਿਲ੍ਹੇ ਤੋਂ ਇੱਕ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪੁਰਾਣੀ ਰੰਜਿਸ਼ ਦੇ ਚਲਦਿਆਂ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਵਾਰਦਾਤ ਦੇਰ ਰਾਤ ਪਿੰਡ ਭੁੱਲਰ ਵਿੱਚ ਵਾਪਰੀ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਮ੍ਰਿਤਕ ਦੀ ਪਛਾਣ ਮਨਜੀਤ ਸਿੰਘ (33) ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮਨਜੀਤ ਸਿੰਘ ਇੱਕ ਚਿਕਨ ਸ਼ਾਪ ਦੇ ਬਾਹਰ ਆਪਣੀ ਗੱਡੀ ਵਿੱਚ ਬੈਠੇ ਹੋਏ ਸਨ। ਇਸ ਦੌਰਾਨ ਅਚਾਨਕ ਕੁਝ ਹਮਲਾਵਰ ਮੌਕੇ ‘ਤੇ ਪਹੁੰਚੇ ਅਤੇ ਬਿਨਾਂ ਕਿਸੇ ਚੇਤਾਵਨੀ ਦੇ ਤਾਬੜਤੋੜ ਗੋਲੀਆਂ ਚਲਾਉਣ ਲੱਗ ਪਏ।
ਘਟਨਾ ਇੰਨੀ ਤੇਜ਼ੀ ਨਾਲ ਵਾਪਰੀ ਕਿ ਮਨਜੀਤ ਸਿੰਘ ਨੂੰ ਸੰਭਲਣ ਦਾ ਵੀ ਮੌਕਾ ਨਾ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਵੱਲੋਂ ਕਰੀਬ 4 ਤੋਂ 5 ਰਾਉਂਡ ਫਾਇਰ ਕੀਤੇ ਗਏ, ਜਿਨ੍ਹਾਂ ਵਿੱਚੋਂ 3 ਗੋਲੀਆਂ ਸਿੱਧੀਆਂ ਮਨਜੀਤ ਸਿੰਘ ਨੂੰ ਲੱਗੀਆਂ। ਗੰਭੀਰ ਰੂਪ ਵਿੱਚ ਜ਼ਖਮੀ ਹੋਣ ਕਾਰਨ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ।

ਪਰਿਵਾਰਕ ਮੈਂਬਰ ਮਲਕੀਤ ਸਿੰਘ ਨੇ ਦੱਸਿਆ ਕਿ ਇਹ ਕਤਲ ਪੁਰਾਣੀ ਦੁਸ਼ਮਨੀ ਦਾ ਨਤੀਜਾ ਹੈ। ਉਨ੍ਹਾਂ ਮੁਤਾਬਕ ਸਾਲ 2024 ਵਿੱਚ ਵੀ ਇਸੇ ਮਾਮਲੇ ਨਾਲ ਜੁੜੇ ਲੋਕਾਂ ਖ਼ਿਲਾਫ਼ ਕੇਸ ਦਰਜ ਹੋਇਆ ਸੀ, ਪਰ ਰੰਜਿਸ਼ ਖਤਮ ਨਹੀਂ ਹੋਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਮਲਾਵਰ ਇਲਾਕੇ ਦੇ ਹੀ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਸੰਬੰਧ ਗੈਂਗਸਟਰ ਗਤੀਵਿਧੀਆਂ ਨਾਲ ਜੋੜੇ ਜਾ ਰਹੇ ਹਨ।

ਘਟਨਾ ਦੇ ਇੱਕ ਚਸ਼ਮਦੀਦ ਨੇ ਦੱਸਿਆ ਕਿ ਹਮਲਾਵਰ ਅਚਾਨਕ ਆਏ ਅਤੇ ਬਿਨਾਂ ਕਿਸੇ ਗੱਲਬਾਤ ਦੇ ਗੋਲੀਆਂ ਚਲਾਉਣ ਲੱਗ ਪਏ। ਉਸ ਦੇ ਅਨੁਸਾਰ, ਇਸ ਦੌਰਾਨ ਕਰੀਬ 7 ਤੋਂ 8 ਲੋਕ ਮੌਕੇ ‘ਤੇ ਮੌਜੂਦ ਸਨ ਅਤੇ ਸਾਰੀ ਵਾਰਦਾਤ ਕੁਝ ਹੀ ਸਕਿੰਟਾਂ ਵਿੱਚ ਵਾਪਰ ਗਈ।
ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮਨਜੀਤ ਸਿੰਘ ਆਪਣੇ ਪਿੱਛੇ 4 ਛੋਟੇ ਬੱਚੇ ਛੱਡ ਗਿਆ ਹੈ, ਜਿਨ੍ਹਾਂ ਦਾ ਹੁਣ ਸਹਾਰਾ ਖੋਹ ਗਿਆ ਹੈ। ਪਿੰਡ ਵਿੱਚ ਇਸ ਘਟਨਾ ਤੋਂ ਬਾਅਦ ਸੋਗ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਉੱਧਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।