Tuesday, 19 May 2026Admin Login
Punjab

Patiala Shambhu Blast: ਸ਼ੰਭੂ-ਅੰਬਾਲਾ ਮਾਰਗ ’ਤੇ ਧਮਾਕਾ; ਮਨੁੱਖੀ ਧੜ ਮਿਲਣ ਨਾਲ ਸਨਸਨੀ

ਅਣਪਛਾਤਿਆਂ ਖ਼ਿਲਾਫ਼ ਵਿਸਫ਼ੋਟਕ ਐਕਟ ਤਹਿਤ ਕੇਸ ਦਰਜ; ਆਵਾਜਾਈ ਬਹਾਲ

By Parmeet Singh Bidowali
Share:
Patiala Shambhu Blast: ਸ਼ੰਭੂ-ਅੰਬਾਲਾ ਮਾਰਗ ’ਤੇ ਧਮਾਕਾ; ਮਨੁੱਖੀ ਧੜ ਮਿਲਣ ਨਾਲ ਸਨਸਨੀ

Patiala Shambhu Blast:ਸ਼ੰਭੂ-ਅੰਬਾਲਾ ਰੇਲ ਮਾਰਗ ’ਤੇ ਸੋਮਵਾਰ ਰਾਤੀਂ ਧਮਾਕਾ ਹੋਇਆ, ਜਿਸ ਵਿੱਚ ਸ਼ੰਭੂ ਕੋਲ ਰੇਲਵੇ ਲਾਈਨ ਨੁਕਸਾਨੀ ਗਈ। ਧਮਾਕਾ ਰਾਤੀਂ ਤਕਰੀਬਨ 10 ਵਜੇ ਦੇ ਕਰੀਬ ਹੋਇਆ। ਧਮਾਕੇ ਦੌਰਾਨ ਨੁਕਸਾਨੀ ਗਈ ਰੇਲਵੇ ਲਾਈਨ ਅੱਜ ਸਵੇਰੇ ਰੇਲਵੇ ਵਿਭਾਗ ਵੱਲੋਂ ਆਵਾਜਾਈ ਲਈ ਬਹਾਲ ਕਰ ਦਿੱਤੀ ਗਈ ਹੈ। ਉਧਰ ਰੇਲਵੇ ਟਰੈਕ ਤੋਂ ਇੱਕ ਮਨੁੱਖੀ ਧੜ ਦਾ ਕੁਝ ਹਿੱਸਾ ਵੀ ਮਿਲਿਆ ਹੈ। ਦੂਜੇ ਬੰਨੇ ਰੇਲਵੇ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਦੱਸ ਦਈਏ ਕਿ ਇਸ ਧਮਾਕੇ ਦੌਰਾਨ ਰੇਲਵੇ ਲਾਈਨ ਦੇ ਇੱਕ ਹਿੱਸੇ ਨੂੰ ਨੁਕਸਾਨ ਪਹੁੰਚਿਆ ਸੀ, ਜਿਸ ਦੌਰਾਨ ਇਹਨਾਂ ਦੇ ਵਿਚਕਾਰ ਸਥਿਤ ਪੱਥਰ ਦੀ ਸਲੈਬ ਟੁੱਟਣ ਸਮੇਤ ਰੇਲਵੇ ਲਾਈਨ ਵੀ ਟੁੱਟ ਗਈ ਸੀ ਜਿਸ ਮਗਰੋਂ ਰੇਲਵੇ ਵਿਭਾਗ ਵੱਲੋਂ ਆਵਾਜਾਈ ਬੰਦ ਕਰ ਦਿੱਤੀ ਗਈ ਸੀ

ਉਧਰ ਰਾਤੀ ਸਾਢੇ ਬਾਰਾਂ ਵਜੇ ਘਟਨਾ ਸਥਾਨ ’ਤੇ ਪਟਿਆਲਾ ਤੋਂ ਪਹੁੰਚੀ ਫੋਰੈਸਿਕ ਟੀਮ ਨੇ ਨਮੂਨੇ ਲੈ ਕੇ ਅਗਲੇਰੀ ਕਾਰਵਾਈ ਲਈ ਲੈਬ ਵਿੱਚ ਭੇਜ ਦਿੱਤੇ ਹਨ। ਐਸਐਸਪੀ ਵਰੁਣ ਸ਼ਰਮਾ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਸਰਗਰਮੀ ਨਾਲ ਤਲਾਸ਼ ਕੀਤੀ ਜਾ ਰਹੀ ਹੈ। ਉਧਰ ਰੇਲਵੇ ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਰੇਲਵੇ ਐਕਟ ਦੀ ਧਾਰਾ 150 ਅਤੇ ਵਿਸਫੋਟਕ ਐਕਟ ਦੀ ਧਾਰਾ 3 ਅਤੇ 4 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਦੌਰਾਨ ਅੱਜ ਸਵੇਰੇ 07:55 ਵਜੇ, ਰੇਲਵੇ ਵਿਭਾਗ ਨੇ ਦੋ ਲੋਹੇ ਦੇ ਚੈਨਲ ਬਦਲ ਕੇ ਰੇਲਵੇ ਲਾਈਨ ਨੂੰ ਆਵਾਜਾਈ ਲਈ ਬਹਾਲ ਕਰ ਦਿੱਤਾਂ ਹੈ।

ਪੁਲੀਸ ਦਾ ਬਿਆਨ

ਇਸੇ ਦੌਰਾਨ ਸੰਪਰਕ ਕਰਨ ’ਤੇ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਘਟਨਾ ਸਥਾਨ ਨੇੜਿਓਂ ਮਨੁੱਖੀ ਧੜ ਦਾ ਕੁਝ ਹਿੱਸਾ ਮਿਲਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਭਾਵੇਂ ਅਜੇ ਤਹਿਕੀਕਾਤ ਕੀਤੀ ਜਾ ਰਹੀ ਹੈ, ਪਰੰਤੂ ਮੁਢਲੀ ਤਫਤੀਸ਼ ਦੌਰਾਨ ਇਹ ਗੱਲ ਹੀ ਸਾਹਮਣੇ ਆਈ ਹੈ ਕਿ ਇਹ ਧੜ ਸ਼ਾਇਦ ਉਸੇ ਵਿਅਕਤੀ ਦਾ ਹੋਵੇ, ਜਿਸ ਨੇ ਇਥੇ ਇਹ ਧਮਾਕਾ ਕੀਤਾ ਹੈ।