ਪੰਜਾਬ 'ਚ ਮੁੜ ਹੋਵੇਗਾ ਬਲੈਕਆਊਟ, ਵੱਜਣਗੇ ਸਾਇਰਨ! 27 ਨਵੰਬਰ ਨੂੰ ਹੋਵੇਗੀ ਏਅਰ ਰੇਡ ਮੌਕ ਡਰਿੱਲ
ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 27 ਨਵੰਬਰ 2026 ਨੂੰ ਰਾਤ 8 ਵਜੇ ਸਿਵਲ ਡਿਫੈਂਸ ਏਅਰ ਰੇਡ ਅਤੇ ਬਲੈਕਆਊਟ ਮੌਕ ਡਰਿੱਲ ਕਰਵਾਈ ਜਾਵੇਗੀ। ਦੋ ਮਿੰਟ ਦਾ ਹਾਈ-ਲੋਅ ਪਿੱਚ ਸਾਇਰਨ ਵੱਜਣ ਤੋਂ ਬਾਅਦ ਨਿਰਧਾਰਤ ਖੇਤਰਾਂ ਵਿੱਚ ਗੈਰ-ਜ਼ਰੂਰੀ ਲਾਈਟਾਂ ਬੰਦ ਕਰਵਾਈਆਂ ਜਾਣਗੀਆਂ। ਡਰਿੱਲ ਦੌਰਾਨ ਫਾਇਰ ਰਿਸਪਾਂਸ, ਖੋਜ-ਬਚਾਅ, ਮੈਡੀਕਲ ਸਹਾਇਤਾ ਅਤੇ ਭੀੜ ਕੰਟਰੋਲ ਦਾ ਅਭਿਆਸ ਹੋਵੇਗਾ। ਸਰਕਾਰ ਨੇ ਲੋਕਾਂ ਨੂੰ ਨਾ ਘਬਰਾਉਣ ਅਤੇ ਅਧਿਕਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ 27 ਨਵੰਬਰ 2026 ਨੂੰ ਰਾਤ 8 ਵਜੇ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼ ਕਰਵਾਈ ਜਾਵੇਗੀ। ਇਸ ਮੌਕ ਡਰਿੱਲ ਦਾ ਮਕਸਦ ਸੂਬੇ ਵਿੱਚ ਸਿਵਲ ਡਿਫੈਂਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਅਤੇ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਰਿਸਪਾਂਸ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ।
ਏਅਰ ਰੇਡ ਵਾਰਨਿੰਗ ਸਿਗਨਲ ਨਾਲ ਸ਼ੁਰੂ ਹੋਵੇਗੀ ਡਰਿੱਲ
ਸਰਕਾਰੀ ਬੁਲਾਰੇ ਮੁਤਾਬਕ ਮੌਕ ਡਰਿੱਲ ਦੀ ਸ਼ੁਰੂਆਤ ਏਅਰ ਰੇਡ ਵਾਰਨਿੰਗ ਸਿਗਨਲ ਨਾਲ ਹੋਵੇਗੀ। ਇਸ ਦੌਰਾਨ ਕਰੀਬ ਦੋ ਮਿੰਟ ਲਈ ਹਾਈ-ਲੋਅ ਪਿੱਚ ਵਾਲਾ ਸਾਇਰਨ ਵਜਾਇਆ ਜਾਵੇਗਾ।
ਇਸ ਤੋਂ ਬਾਅਦ ਸਬੰਧਤ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ, ਸਿਵਲ ਡਿਫੈਂਸ ਵੱਲੋਂ ਮੌਕ ਡਰਿੱਲ ਲਈ ਨਿਰਧਾਰਤ ਖੇਤਰਾਂ ਵਿੱਚ ਬਲੈਕਆਊਟ ਕਰਵਾਇਆ ਜਾਵੇਗਾ।
ਲੋਕਾਂ ਨੂੰ ਗੈਰ-ਜ਼ਰੂਰੀ ਲਾਈਟਾਂ ਬੰਦ ਕਰਨ ਦੀ ਅਪੀਲ
ਬਲੈਕਆਊਟ ਦੌਰਾਨ ਨਿਰਧਾਰਤ ਖੇਤਰਾਂ ਵਿੱਚ ਆਮ ਲੋਕਾਂ ਨੂੰ ਆਪਣੀਆਂ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਲਈ ਕਿਹਾ ਜਾਵੇਗਾ। ਹਾਲਾਂਕਿ ਇਸ ਦੌਰਾਨ ਜ਼ਰੂਰੀ ਅਤੇ ਲਾਜ਼ਮੀ ਸੇਵਾਵਾਂ ਆਮ ਤਰ੍ਹਾਂ ਜਾਰੀ ਰਹਿਣਗੀਆਂ।
ਮੌਕ ਡਰਿੱਲ ਪੂਰੀ ਹੋਣ ਤੋਂ ਬਾਅਦ ਦੋ ਮਿੰਟ ਲਈ ਤੇਜ਼ ਆਵਾਜ਼ ਵਾਲਾ ਸਾਇਰਨ ਵਜਾਇਆ ਜਾਵੇਗਾ, ਜੋ ‘ਆਲ ਕਲੀਅਰ’ ਦਾ ਸੰਕੇਤ ਹੋਵੇਗਾ।
ਬਲੈਕਆਊਟ ਦੌਰਾਨ ਕੀਤੀਆਂ ਜਾਣਗੀਆਂ ਇਹ ਗਤੀਵਿਧੀਆਂ
ਮੌਕ ਡਰਿੱਲ ਦੌਰਾਨ ਵੱਖ-ਵੱਖ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਕਈ ਗਤੀਵਿਧੀਆਂ ਦਾ ਅਭਿਆਸ ਕੀਤਾ ਜਾਵੇਗਾ। ਇਨ੍ਹਾਂ ਵਿੱਚ:
- ਫਾਇਰ ਰਿਸਪਾਂਸ ਆਪਰੇਸ਼ਨ
- ਖੋਜ ਅਤੇ ਬਚਾਅ ਕਾਰਜ
- ਮੁੱਢਲੀ ਮੈਡੀਕਲ ਸਹਾਇਤਾ
- ਜ਼ਖਮੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣਾ
- ਆਵਾਜਾਈ ਨੂੰ ਕੰਟਰੋਲ ਕਰਨਾ
- ਭੀੜ ਪ੍ਰਬੰਧਨ ਅਤੇ ਕੰਟਰੋਲ
ਸ਼ਾਮਲ ਹਨ।
ਇਨ੍ਹਾਂ ਅਭਿਆਸਾਂ ਰਾਹੀਂ ਸਿਵਲ ਡਿਫੈਂਸ ਦੀ ਤਿਆਰੀ ਅਤੇ ਵੱਖ-ਵੱਖ ਵਿਭਾਗਾਂ ਦੀ ਐਮਰਜੈਂਸੀ ਰਿਸਪਾਂਸ ਸਮਰੱਥਾ ਦਾ ਮੁਲਾਂਕਣ ਕੀਤਾ ਜਾਵੇਗਾ।
ਸਰਕਾਰ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਕੀਤੀ ਅਪੀਲ
ਸਰਕਾਰੀ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਇਹ ਮੌਕ ਡਰਿੱਲ ਹੈ ਅਤੇ ਇਸ ਦੌਰਾਨ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਲੋਕਾਂ ਨੂੰ ਸ਼ਾਂਤ ਰਹਿਣ ਅਤੇ ਅਧਿਕਾਰੀਆਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।
ਮੌਕ ਡਰਿੱਲ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਡਰਿੱਲ ਦੌਰਾਨ ਜਾਰੀ ਕੀਤੇ ਜਾਣ ਵਾਲੇ ਨਿਰਦੇਸ਼ਾਂ ਦੀ ਪਾਲਣਾ ਕਰਨ। ਸਰਕਾਰ ਦਾ ਕਹਿਣਾ ਹੈ ਕਿ ਇਸ ਅਭਿਆਸ ਦਾ ਉਦੇਸ਼ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਸਿਵਲ ਡਿਫੈਂਸ ਦੀ ਤਿਆਰੀ ਨੂੰ ਪਰਖਣਾ ਅਤੇ ਉਸ ਵਿੱਚ ਲੋੜੀਂਦੇ ਸੁਧਾਰ ਕਰਨਾ ਹੈ।
